jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 January 2014

ਰਾਜਸੀ ਪਾਰਟੀਆਂ ਚੋਣਾਂ 'ਚ ਝੂਠੇ ਵਾਅਦੇ ਨਾ ਕਰਨ- ਰਾਸ਼ਟਰਪਤੀ

ਨਵੀਂ ਦਿੱਲੀ, 25 ਜਨਵਰੀ (ਯੂ. ਐਨ. ਆਈ.)-ਸੱਤਾ ਵਿਚ ਬੈਠੇ ਲੋਕਾਂ ਨੂੰ ਉਨ੍ਹਾਂ ਅਤੇ ਲੋਕਾਂ ਵਿਚਕਾਰ ਬੇਭਰੋਸਗੀ ਨੂੰ ਖਤਮ ਕਰਨ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਸਿਆਸੀ ਪਾਰਟੀਆਂ ਨੂੰ ਝੂਠੇ ਵਾਅਦੇ ਕਰਨ ਵਿਰੁੱਧ ਚਿਤਾਵਨੀ ਦਿੱਤੀ ਜਿਹੜੇ ਪੂਰੇ ਨਾ ਕੀਤੇ ਜਾ ਸਕਣ ਅਤੇ ਕਿਹਾ ਕਿ ਸ਼ਾਸਨਹੀਣਤਾ ਸ਼ਾਸਨ ਦਾ ਬਦਲ ਨਹੀਂ ਬਣ ਸਕਦੀ। ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸੱਤਾ ਵਿਚ ਬੈਠੇ ਲੋਕ ਆਪਣੇ ਅਤੇ ਲੋਕਾਂ ਵਿਚਕਾਰ ਭਰੋਸੇ ਦੀ ਘਾਟ ਨੂੰ ਖਤਮ ਕਰਨ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਸ਼ਾਮਿਲ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਚੋਣ ਕੁਝ ਕਰੋ ਜਾਂ ਖਤਮ ਹੋ ਜਾਉ ਦੇ ਚਿਤਾਵਨੀ ਚਿੰਨ ਨਾਲ ਆਉਂਦੀ ਹੈ। ਸਾਡੇ ਲਈ ਲੋਕਤੰਤਰ ਤੋਹਫਾ ਨਹੀਂ ਸਗੋ ਹਰੇਕ ਨਾਗਰਿਕ ਦਾ ਮੌਲਿਕ ਹੱਕ ਹੈ ਅਤੇ ਸੱਤਾ ਵਿਚ ਬੈਠੇ ਲੋਕਾਂ ਲਈ ਲੋਕਤੰਤਰ ਪਵਿੱਤਰ ਭਰੋਸਾ ਹੁੰਦਾ ਹੈ। ਜਿਹੜੇ ਲੋਕ ਇਸ ਭਰੋਸੇ ਦੀ ਉਲੰਘਣਾਂ ਕਰਦੇ ਹਨ ਉਹ ਰਾਸ਼ਟਰ ਖਿਲਾਫ ਮਰਿਯਾਦਾ ਭੰਗ ਕਰਦੇ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਵਾਅਦੇ ਨਾ ਕਰਨ ਜਿਹੜੇ ਪੂਰੇ ਨਾ ਕੀਤੇ ਜਾ ਸਕਣ।
ਸਾਡਾ ਲੋਕਤੰਤਰ
ਸਾਡੇ ਲਈ ਲੋਕਤੰਤਰ ਕੋਈ ਸੌਗਾਤ ਨਹੀਂ ਹੈ, ਸਗੋਂ ਹਰ ਇਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ, ਜਿਹੜੇ ਸੱਤਾ ਵਿਚ ਹਨ ਉਨ੍ਹਾਂ ਲਈ ਲੋਕਤੰਤਰ ਇਕ ਮੁਕੱਦਸ ਭਰੋਸਾ ਹੈ, ਜਿਹੜੇ ਇਸ ਭਰੋਸੇ ਨੂੰ ਤੋੜਦੇ ਹਨ, ਉਹ ਰਾਸ਼ਟਰ ਦੀ ਬੇਅਦਬੀ ਕਰਦੇ ਹਨ।
ਭਾਵੇਂ ਕੁਝ ਨਿਰਾਸ਼ਾਵਾਦੀਆਂ ਵੱਲੋਂ ਲੋਕਤੰਤਰ ਲਈ ਸਾਡੀ ਵਚਨਬੱਧਤਾ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਰ ਜਨਤਾ ਨੇ ਕਦੇ ਵੀ ਸਾਡੇ ਲੋਕਤੰਤਰ ਨਾਲ ਧੋਖਾ ਨਹੀਂ ਕੀਤਾ, ਜੇ ਕਿਤੇ ਕੋਈ ਖਾਮੀਆਂ ਨਜ਼ਰ ਆਉਂਦੀਆਂ ਨੇ ਤਾਂ ਇਹ ਉਨ੍ਹਾਂ ਦੇ ਕਾਰਨਾਮੇ ਹਨ, ਜਿਨ੍ਹਾਂ ਨੇ ਸੱਤਾ ਨੂੰ ਲਾਲਚ ਪੂਰਾ ਕਰਨ ਦਾ ਇਕ ਜ਼ਰੀਆ ਬਣਾ ਲਿਆ ਹੈ, ਜਦ ਅਸੀਂ ਦੇਖਦੇ ਹਾਂ ਕਿ ਸਾਡੀਆਂ ਲੋਕਰਾਜੀ ਸੰਸਥਾਵਾਂ ਨੂੰ ਆਤਮ ਤ੍ਰਿਪਤੀ ਅਤੇ ਅਯੋਗ ਵਰਤਾਰੇ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਗੁੱਸਾ ਆਉਂਦਾ ਹੈ ਜੋ ਸੁਭਾਵਿਕ ਹੈ, ਜੇਕਰ ਸਾਨੂੰ ਕਦੇ ਸੜਕਾਂ 'ਤੇ ਹਤਾਸ਼ਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਦਾ ਕਾਰਨ ਹੈ ਕਿ ਲੋਕ ਮਹਿਸੂਸ ਕਰਦੇ ਹਨ ਕਿ ਮੁਕਦੱਸ ਭਰੋਸੇ ਨੂੰ ਤੋੜਿਆ ਜਾ ਰਿਹਾ ਹੈ।
ਭ੍ਰਿਸ਼ਟਾਚਾਰ ਕੈਂਸਰ ਹੈ 
ਭ੍ਰਿਸ਼ਟਾਚਾਰ ਅਜਿਹਾ ਕੈਂਸਰ ਹੈ, ਜੋ ਲੋਕਤੰਤਰ ਨੂੰ ਖੋਰਾ ਲਗਾ ਰਿਹਾ ਹੈ ਅਤੇ ਸਾਡੇ ਰਾਸ਼ਟਰ ਦੀਆਂ ਜੜ੍ਹਾਂ ਨੂੰ ਖੋਖਲਾ ਕਰਦਾ ਹੈ। ਜੇਕਰ ਭਾਰਤੀ ਗੁੱਸੇ ਵਿਚ ਹਨ ਤਾਂ ਇਸ ਦਾ ਕਾਰਨ ਹੈ ਕਿ ਉਹ ਭ੍ਰਿਸ਼ਟਾਚਾਰ ਅਤੇ ਕੌਮੀ ਸੋਮਿਆਂ ਦੀ ਬਰਬਾਦੀ ਨੂੰ ਵੇਖ ਰਹੇ ਹਨ, ਜੇ ਸਰਕਾਰਾਂ ਇਨ੍ਹਾਂ ਖਾਮੀਆਂ ਨੂੰ ਦੂਰ ਨਹੀਂ ਕਰਦੀਆਂ ਤਾਂ ਮਤਦਾਤਾ ਸਰਕਾਰਾਂ ਨੂੰ ਚੱਲਦਾ ਕਰ ਦੇਣਗੇ।
ਇਸੇ ਤਰ੍ਹਾਂ ਜਨਤਕ ਜੀਵਨ ਵਿਚ ਪਾਖੰਡ ਦਾ ਵਧਣਾ ਵੀ ਖ਼ਤਰਨਾਕ ਹੈ। ਚੋਣਾਂ ਕਿਸੇ ਮਨੁੱਖ ਦੇ ਭਰਮ-ਭੁਲੇਖਿਆਂ ਨੂੰ ਅਜਮਾਉਣ ਦੀ ਇਜਾਜ਼ਤ ਨਹੀਂ ਦਿੰਦੀਆਂ, ਜਿਹੜੇ ਲੋਕ ਵੋਟਰਾਂ ਦਾ ਭਰੋਸਾ ਚਾਹੁੰਦੇ ਨੇ, ਉਨ੍ਹਾਂ ਨੂੰ ਸਿਰਫ਼ ਉਹੀ ਵਾਅਦਾ ਕਰਨਾ ਚਾਹੀਦਾ ਹੈ, ਜਿਸ ਨੂੰ ਨਿਭਾਉਣਾ ਸੰਭਵ ਹੋਵੇ। ਸਰਕਾਰ ਕੋਈ ਪਰਉਪਕਾਰੀ ਅਦਾਰਾ ਨਹੀਂ ਹੈ, ਲੋਕਾਂ ਦੀ ਮਨਚਾਹੀ ਅਰਾਜਕਤਾ ਸ਼ਾਸਨ ਦਾ ਬਦਲ ਨਹੀਂ ਹੋ ਸਕਦੀ।
ਇਹ ਕਰੋਧ ਸਿਰਫ਼ ਉਦੋਂ ਸ਼ਾਂਤ ਹੋਵੇਗਾ ਜਦ ਸਰਕਾਰਾਂ ਉਹ ਨਤੀਜੇ ਦੇਣ ਲੱਗਣਗੀਆਂ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਮਤਲਬ ਸਮਾਜਿਕ ਤੇ ਆਰਥਿਕ ਵਿਕਾਸ ਉਹ ਵੀ ਕੱਛੂ ਦੀ ਚਾਲ 'ਤੇ ਨਹੀਂ, ਸਗੋਂ ਘੋੜ ਦੌੜ ਵਾਲੇ ਘੋੜੇ ਦੀ ਰਫ਼ਤਾਰ ਨਾਲ। ਭਾਰਤੀ ਯੁਵਾ ਆਪਣੇ ਭਵਿੱਖ ਨਾਲ ਵਿਸ਼ਵਾਸਘਾਤ ਨੂੰ ਮੁਆਫ਼ ਨਹੀਂ ਕਰਨਗੇ, ਜਿਹੜੇ ਲੋਕ ਸੱਤਾ ਵਿਚ ਹਨ, ਉਨ੍ਹਾਂ ਨੂੰ ਆਪਣੇ ਅਤੇ ਲੋਕਾਂ ਵਿਚਾਲੇ ਭਰੋਸੇ ਦੀ ਕਮੀ ਨੂੰ ਦੂਰ ਕਰਨਾ ਪਵੇਗਾ ਤੇ ਜਿਹੜੇ ਲੋਕ ਸਿਆਸਤ ਵਿਚ ਹਨ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਇਕ ਚੋਣ ਦੇ ਨਾਲ ਇਕ ਚੇਤਾਵਨੀ ਵੀ ਜੁੜੀ ਹੁੰਦੀ ਹੈ : ਨਤੀਜੇ ਦੇਵੋ ਜਾਂ ਫਿਰ ਬਾਹਰ ਹੋ ਜਾਵੋ ।
ਮੰਦੀ ਚਿੰਤਾ ਵਾਲੀ ਗੱਲ
ਪਿਛਲੇ ਦਹਾਕੇ ਵਿਚ ਭਾਰਤ ਵਿਸ਼ਵ ਦੇ ਇਕ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੇ ਅਰਥਚਾਰੇ ਦੇ ਰੂਪ ਵਿਚ ਉਭਰਿਆ ਹੈ । ਸਾਡੇ ਅਰਥਚਾਰੇ ਵਿਚ ਪਿਛਲੇ ਦੋ ਸਾਲਾਂ ਵਿਚ ਆਈ ਮੰਦੀ ਥੋੜ੍ਹੀ ਚਿੰਤਾ ਦੀ ਗੱਲ ਹੋ ਸਕਦੀ ਹੈ, ਪਰ ਨਿਰਾਸ਼ਾ ਦੀ ਹਰਗਿਜ਼ ਨਹੀਂ। ਮੁੜ ਸੁਰਜੀਤੀ ਦੀਆਂ ਹਰੀਆਂ ਕਰੂੰਬਲਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ । ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਖੇਤੀ ਵਿਕਾਸ ਦਰ ਵਧ ਕੇ 3.6 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ ਅਤੇ ਸਾਡਾ ਪੇਂਡੂ ਅਰਥਚਾਰਾ ਚੜ੍ਹਦੀਆਂ ਕਲਾ ਵਿਚ ਹੈ। ਸਾਲ 2014 ਸਾਡੇ ਇਤਿਹਾਸ ਵਿਚ ਇਕ ਚੁਣੌਤੀ ਵਾਲਾ ਪਲ ਹੈ। ਸਾਨੂੰ ਰਾਸ਼ਟਰੀ ਉਦੇਸ਼ ਅਤੇ ਦੇਸ਼ ਭਗਤੀ ਦੇ ਉਸ ਜਜ਼ਬੇ ਨੂੰ ਫਿਰ ਤੋਂ ਜਗਾਉਣ ਦੀ ਲੋੜ ਹੈ, ਜੋ ਦੇਸ਼ ਨੂੰ ਖਾਈ 'ਚੋਂ ਬਾਹਰ ਕੱਢ ਕੇ ਉੱਪਰ ਮੁੜ ਖ਼ੁਸ਼ਹਾਲੀ ਦੇ ਰਾਹ 'ਤੇ ਤੋਰ ਦੇਵੇ । ਨੌਜਵਾਨਾਂ ਨੂੰ ਰੁਜ਼ਗਾਰ ਦੇਵੋ ਅਤੇ ਉਹ ਪਿੰਡਾਂ ਅਤੇ ਸ਼ਹਿਰਾਂ ਨੂੰ 21ਵੀਂ ਸਦੀ ਦੇ ਪੱਧਰ 'ਤੇ ਲੈ ਆਉਣਗੇ।
ਸਿੱਖਿਆ ਦਾ ਮਿਆਰ
ਸਿੱਖਿਆ ਭਾਰਤੀ ਤਜਰਬੇ ਦਾ ਇੱਕ ਅਨਿਖੱੜਵਾਂ ਹਿੱਸਾ ਰਹੀ ਹੈ। ਮੈਂ ਸਿਰਫ਼ ਤਕਸ਼ਿਲਾਂ ਜਾਂ ਨਾਲੰਦਾ ਵਰਗੀਆਂ ਪੁਰਾਤਨ ਮੁਹਾਰਤ ਵਾਲੀਆਂ ਸੰਸਥਾਵਾਂ ਦੇ ਬਾਰੇ ਵਿਚ ਹੀ ਨਹੀਂ, ਸਗੋਂ 17ਵੀਂ ਅਤੇ 18ਵੀਂ ਸਦੀ ਦੀ ਗੱਲ ਕਰ ਰਿਹਾ ਹਾਂ। ਅੱਜ ਸਾਡੇ ਉੱਚ ਸਿੱਖਿਆ ਦੇ ਢਾਂਚੇ ਵਿਚ 650 ਤੋਂ ਵਧੇਰੇ ਯੂਨੀਵਰਸਿਟੀਆਂ ਅਤੇ 33 ਹਜ਼ਾਰ ਤੋਂ ਵੱਧ ਕਾਲਜ ਹਨ। ਹੁਣ ਸਾਡਾ ਧਿਆਨ ਸਿੱਖਿਆ ਦੇ ਮਿਆਰ ਵੱਲ ਹੋਣਾ ਚਾਹੀਦਾ ਹੈ। ਅਸੀਂ ਸਿੱਖਿਆ ਵਿਚ ਵਿਸ਼ਵ ਦੀ ਅਗਵਾਈ ਕਰ ਸਕਦੇ ਹਾਂ। ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਅਸੀਂ ਸਿਖਰਲੇ ਮੁਕਾਮ ਤੱਕ ਪਹੁੰਚਣ ਲਈ ਸੰਕਲਪ ਅਤੇ ਰਹਿਨੁਮਾਈ ਦੀ ਪਛਾਣ ਕਰ ਲਈਏ। ਸਿੱਖਿਆ ਹੁਣ ਸਿਰਫ਼ ਅਮੀਰ ਵਰਗ ਦਾ ਵਿਸ਼ੇਸ਼ ਅਧਿਕਾਰ ਨਹੀਂ ਰਿਹਾ, ਸਗੋਂ ਸਾਰਿਆਂ ਦਾ ਸਾਂਝਾ ਹੱਕ ਹੈ। ਇਹ ਸਾਡੇ ਦੇਸ਼ ਦੀ ਤਕਦੀਰ ਦਾ ਬੀਜ ਹੈ। ਸਾਨੂੰ ਇਕ ਅਜਿਹੀ ਸਿੱਖਿਆ ਕ੍ਰਾਂਤੀ ਸ਼ੁਰੂ ਕਰਨੀ ਹੋਵੇਗੀ ਜੋ ਰਾਸ਼ਟਰ ਦੀ ਮੁੜ ਉਸਾਰੀ ਦਾ ਰਾਹਦਸੇਰਾ ਬਣ ਜਾਵੇ ।
ਨਵੀਂ ਸਰਕਾਰ ਸਥਿਰਤਾ ਦੇਣ ਵਾਲੀ ਹੋਵੇ
ਇਸ ਤੋਂ ਪਹਿਲਾਂ ਕਿ ਮੈਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ 'ਤੇ ਤੁਹਾਨੂੰ ਫਿਰ ਤੋਂ ਸੰਬੋਧਿਤ ਕਰਾਂ, ਨਵੀਂ ਸਰਕਾਰ ਬਣ ਚੁੱਕੀ ਹੋਵੇਗੀ। ਆਉਣ ਵਾਲੀਆਂ ਚੋਣਾਂ ਕੌਣ ਜਿੱਤਦਾ ਹੈ ਇਹ ਏਨਾ ਮਹੱਤਵਪੂਰਨ ਨਹੀਂ ਜਿੰਨਾ ਇਹ ਹੈ ਕਿ ਜਿਹੜਾ ਵੀ ਜਿੱਤੇ ਉਸ ਵਿਚ ਸਥਿਰਤਾ, ਇਮਾਨਦਾਰੀ ਤੇ ਭਾਰਤ ਦੇ ਵਿਕਾਸ ਪ੍ਰਤੀ ਪੱਕੀ ਵਚਨਬੱਧਤਾ ਹੋਵੇ । ਸਾਡੀਆਂ ਸਮੱਸਿਆਵਾਂ ਰਾਤੋਂ-ਰਾਤ ਖ਼ਤਮ ਨਹੀਂ ਹੋ ਸਕਦੀਆਂ ਅਸੀਂ ਵਿਸ਼ਵ ਦੇ ਇਕ ਅਜਿਹੇ ਉੱਥਲ-ਪੁੱਥਲ ਤੋਂ ਪ੍ਰਭਾਵਿਤ ਖੇਤਰ ਵਿਚ ਰਹਿੰਦੇ ਹਾਂ। ਜਿਥੇ ਪਿਛਲੇ ਕੁਝ ਸਮੇਂ ਦੌਰਾਨ ਅਸਥਿਰਤਾ ਪੈਦਾ ਕਰਨ ਵਾਲੇ ਹਾਲਾਤ ਨੂੰ ਬਲ ਮਿਲਿਆ ਹੈ। ਫਿਰਕੂ ਤਾਕਤਾਂ ਅਤੇ ਅੱਤਵਾਦੀ ਅਨਸਰ ਅਜੇ ਵੀ ਸਾਡੀ ਜਨਤਾ ਦੇ ਭਾਈਚਾਰੇ ਅਤੇ ਸਾਡੇ ਰਾਜ ਦੀ ਅਖੰਡਤਾ ਨੂੰ ਅਸਥਿਰ ਕਰਨਾ ਚਾਹੁੰਣਗੇ, ਪਰ ਉਹ ਕਦੇ ਕਾਮਯਾਬ ਨਹੀਂ ਹੋਣਗੇ। ਸਾਡੇ ਸੁਰੱਖਿਆ ਅਤੇ ਹਥਿਆਰਬੰਦ ਬਲਾਂ ਨੇ ਮਜ਼ਬੂਤ ਜਨ ਸਮਰਥਨ ਦੀ ਤਾਕਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਉਸੇ ਮੁਹਾਰਤ ਨਾਲ ਅੰਦਰੂਨੀ ਦੁਸ਼ਮਣਾਂ ਨੂੰ ਵੀ ਖ਼ਤਮ ਕਰ ਸਕਦੇ ਹਨ, ਜਿਸ ਹੁਸ਼ਿਆਰੀ ਨਾਲ ਉਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ।
ਭਾਰਤ ਦੀ ਅਸਲ ਤਾਕਤ ਉਸ ਦੇ ਗਣਤੰਤਰ ਵਿਚ ਉਸ ਦੀ ਵਚਨਬੱਧਤਾ ਦੇ ਹੌਸਲੇ ਵਿਚ ਉਸ ਦੇ ਸੰਵਿਧਾਨ ਵਿਚ ਦੂਰਅੰਦੇਸ਼ੀ ਤੇ ਉਸ ਦੀ ਜਨਤਾ ਦੀ ਦੇਸ਼ ਭਗਤੀ ਵਿਚ ਵਸਦੀ ਹੈ। 1950 ਵਿਚ ਸਾਡਾ ਗਣਤੰਤਰ ਹੋਂਦ ਵਿਚ ਆਇਆ ਸੀ। ਯਕੀਨ ਹੈ ਕਿ ਸਾਲ 2014 ਮੁੜ ਸੁਰਜੀਤੀ ਦਾ ਵਰ੍ਹਾ ਹੋਵੇਗਾ ।

No comments: