ਮਾਛੀਵਾੜਾ ਸਾਹਿਬ, - ਰੁਜ਼ਗਾਰ ਦੀ ਭਾਲ ਵਿਚ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਗਏ ਸੈਂਕੜੇ ਪੰਜਾਬੀ ਨੌਜਵਾਨ ਅੱਜ ਜਾਅਲੀ ਵਰਕ ਵੀਜ਼ਾ ਹੋਣ ਕਾਰਨ ਉਥੋਂ ਦੀ ਪੁਲਸ ਦੀ ਛਾਪੇਮਾਰੀ ਤੋਂ ਡਰਦੇ ਹੋਏ ਜੰਗਲਾਂ ਵਿਚ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ।
ਮਲੇਸ਼ੀਆ ਤੋਂ ਸਮਾਜਸੇਵੀ ਮੋਹਣ ਸਿੰਘ ਘਲੋਟੀ ਨੇ ਅੱਜ ਪੱਤਰਕਾਰਾਂ ਨੂੰ ਉਥੋਂ ਦੇ ਪੰਜਾਬੀ ਅਤੇ ਹੋਰ ਭਾਰਤੀ ਨੌਜਵਾਨਾਂ ਦੇ ਬਦਤਰ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੋਂ ਕਈ ਨੌਜਵਾਨ ਏਜੰਟਾਂ ਰਾਹੀਂ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਰੁਜ਼ਗਾਰ ਲਈ ਆ ਤਾਂ ਗਏ ਪਰ ਇੱਥੇ ਉਨ੍ਹਾਂ ਨੂੰ ਉਹ ਕੰਪਨੀਆਂ ਦੇ ਵਰਕ ਵੀਜ਼ੇ ਦਿੱਤੇ ਗਏ, ਜੋ ਬੰਦ ਹੋ ਚੁੱਕੀਆਂ ਹਨ। ਮਲੇਸ਼ੀਆ ਸਰਕਾਰ ਦੇ ਨਿਯਮਾਂ ਅਨੁਸਾਰ ਇੱਥੇ ਰੁਜ਼ਗਾਰ ਲਈ ਆਏ ਵਿਅਕਤੀ ਉਸ ਕੰਪਨੀ ਵਿਚ ਹੀ ਕੰਮ ਕਰ ਸਕਦਾ ਹੈ, ਜਿਸ ਦਾ ਉਸ ਕੋਲ ਵਰਕ ਵੀਜ਼ਾ ਹੋਵੇ ਪਰ ਏਜੰਟਾਂ ਦੇ ਝਾਂਸੇ ਵਿਚ ਆ ਕੇ ਇਨ੍ਹਾਂ ਜਾਅਲੀ ਵਰਕ ਵੀਜ਼ਿਆਂ ਕਾਰਨ ਪੰਜਾਬੀ ਨੌਜਵਾਨ ਇੱਥੇ ਸੜਕਾਂ 'ਤੇ ਭਟਕ ਰਹੇ ਹਨ ਤੇ ਹੋਰਨਾਂ ਕੰਪਨੀਆਂ ਵਿਚ ਘੱਟ ਪੈਸਿਆਂ 'ਤੇ ਵੀ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਪਰ ਪਿਛਲੇ 6 ਦਿਨਾਂ ਤੋਂ ਮਲੇਸ਼ੀਆ ਇਮੀਗ੍ਰੇਸ਼ਨ ਵਿਭਾਗ ਵਲੋਂ ਪੁਲਸ ਨੂੰ ਲੈ ਕੇ ਗੈਰ- ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਛਾਪੇਮਾਰੀ ਕਰਵਾ ਕੇ ਫੜਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਥੋਂ ਦੇ ਸੱਤਿਆਵਾਨ ਮਜ਼ੂਮ ਸ਼ਹਿਰ ਵਿਚੋਂ ਹੀ ਕਰੀਬ 1 ਹਜ਼ਾਰ ਵਿਅਕਤੀਆਂ ਨੂੰ ਫੜ ਕੇ ਜੇਲਾਂ ਵਿਚ ਡੱਕ ਦਿੱਤਾ ਗਿਆ, ਜਿਨ੍ਹਾਂ ਵਿਚੋਂ ਸੈਂਕੜੇ ਭਾਰਤੀ ਹਨ। ਇਸ ਛਾਪੇਮਾਰੀ ਤੋਂ ਡਰਦਿਆਂ ਸੈਂਕੜੇ ਹੀ ਨੌਜਵਾਨ, ਜਿਨ੍ਹਾਂ ਵਿਚ ਪੰਜਾਬੀ ਸ਼ਾਮਲ ਹਨ,ਉਹ ਨੇੜਲੇ ਜੰਗਲਾਂ ਵਿਚ ਜਾ ਲੁਕੇ ਪਰ ਜੋ ਉਥੇ ਉਨ੍ਹਾਂ ਦੀ ਤਰਸਯੋਗ ਹਾਲਤ ਬਣੀ ਹੋਈ ਹੈ, ਨੂੰ ਸ਼ਬਦਾਂ ਵਿਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਮਲੇਸ਼ੀਆ ਦੇ ਜੰਗਲਾਂ ਵਿਚ ਪੁਲਸ ਤੋਂ ਡਰਦੇ ਲੁਕ ਕੇ ਬੈਠੇ ਨੌਜਵਾਨ ਜਿੱਥੇ ਪਿਛਲੇ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ, ਉਥੇ ਜੰਗਲਾਂ ਵਿਚ ਫਿਰਦੇ ਜ਼ਹਿਰੀਲੇ ਸੱਪਾਂ ਅਤੇ ਹੋਰ ਜਾਨਵਰਾਂ ਕਾਰਨ ਹਮੇਸ਼ਾਂ ਉਹ ਮੌਤ ਦੇ ਸਾਏ ਹੇਠ ਦਿਨ ਕਟੀ ਕਰ ਰਹੇ ਹਨ। ਮਲੇਸ਼ੀਆ ਵਿਖੇ ਐਂਟੀ ਕ੍ਰਾਈਮ ਦੇ ਮੈਂਬਰ ਮੋਹਣ ਸਿੰਘ ਘਲੋਟੀ ਨੇ ਦੱਸਿਆ ਕਿ ਜੰਗਲਾਂ ਵਿਚ ਲੁਕ ਕੇ ਬੈਠੇ ਨੌਜਵਾਨਾਂ ਲਈ ਜਦੋਂ ਉਹ ਕੁਝ ਖਾਣ ਲਈ ਲੈ ਕੇ ਗਏ  ਤਾਂ ਉਥੇ ਨੌਜਵਾਨਾਂ ਨੇ ਰੋਂਦੇ ਹੋਏ ਦੱਸਿਆ ਕਿ ਨਾ ਤਾਂ ਉਨ੍ਹਾਂ ਕੋਲ ਰਾਤ ਨੂੰ ਜੰਗਲ ਵਿਚ ਸੌਣ ਲਈ ਬਿਸਤਰਾ ਹੈ, ਨਾ ਸਿਰ 'ਤੇ ਛੱਤ ਅਤੇ ਨਾ ਹੀ ਪਹਿਨਣ ਲਈ ਕੱਪੜੇ, ਉਹ ਕਾਲੇ ਪਾਣੀ ਵਾਂਗ ਸਜ਼ਾ ਕੱਟ ਰਹੇ ਹਨ। ਜੰਗਲਾਂ ਵਿਚ ਲੁਕ ਕੇ ਬੈਠੇ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਵਿਦੇਸ਼ ਮੰਤਰੀ ਪਰਨੀਤ ਕੌਰ ਜੋ ਕਿ ਇਕ ਪੰਜਾਬੀ ਹਨ, ਨੂੰ ਵੀ ਕੋਸਦੇ ਨਹੀਂ ਥੱਕ ਰਹੇ ਕਿ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਪੰਜਾਬੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਕੁਝ ਨਹੀਂ ਕਰ ਰਹੀ। ਮਲੇਸ਼ੀਆ ਵਿਚ 31 ਜਨਵਰੀ ਤਕ ਇਮੀਗ੍ਰੇਸ਼ਨ ਵਿਭਾਗ ਵਲੋਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਦੀ ਮੁਹਿੰਮ ਵਿੱਢੀ ਗਈ ਹੈ ਅਤੇ ਪੁਲਸ ਤੋਂ ਬਚਣ ਲਈ ਨੌਜਵਾਨਾਂ ਨੂੰ ਕਿੰਨੇ ਦਿਨ ਜੰਗਲਾਂ ਵਿਚ ਬਤੀਤ ਕਰਨੇ ਪੈਂਦੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।