ਅੰਮ੍ਰਿਤਸਰ - ਪੰਜਾਬ ਦੇ ਸਾਬਕਾ ਡੀ. ਜੀ. ਪੀ. (ਜੇਲਾਂ) ਅਤੇ ਆਮ ਆਦਮੀ ਪਾਰਟੀ ਦੇ ਆਗੂ ਸ਼ਸ਼ੀਕਾਂਤ ਨੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ਼ਾਮਲ ਹੋਣ ਤੋਂ ਬਰੀ ਕਰਦਿਆਂ ਕਿਹਾ ਕਿ ਜਿਹੜੀ ਲਿਸਟ ਉਨ੍ਹਾਂ  ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਹੈ, ਵਿਚ ਮਜੀਠੀਆ ਦਾ ਨਾਂ ਸ਼ਾਮਲ ਨਹੀਂ ਹੈ।
ਪੰਜਾਬ ਵਿਚੋਂ ਨਸ਼ੀਲੇ ਪਦਾਰਥਾਂ ਦੇ ਖਾਤਮੇ ਲਈ ਜਨਤਕ ਪੱਧਰ ਦੀ ਮੁਹਿੰਮ ਵਿੱਢਣ ਵਾਲੇ ਸ਼ਸ਼ੀਕਾਂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਜਿਹੜੀ ਲਿਸਟ ਹਾਈ ਕੋਰਟ ਨੂੰ ਸੌਂਪੀ ਹੈ, ਉਹ 2007 ਵਿਚ ਤਿਆਰ ਕੀਤੀ ਗਈ ਸੀ ਅਤੇ ਇਸ ਲਿਸਟ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਬਿਕਰਮ ਸਿੰਘ ਮਜੀਠੀਆ ਕੋਈ ਸਿਰਕੱਢ ਆਗੂ ਨਹੀਂ ਸੀ, ਸਗੋਂ ਉਸ ਦੀ ਯੋਗਤਾ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਦੇ ਸਾਲੇ ਤੋਂ ਵਧ ਕੇ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਮਜੀਠੀਆ ਬੇਤਾਜ ਬਾਦਸ਼ਾਹ ਹੈ ਅਤੇ ਉਸ ਦੇ ਹੁਕਮ ਦੇ ਬਗੈਰ ਪੰਜਾਬ ਵਿਸ਼ੇਸ਼ ਕਰਕੇ ਮਾਝੇ ਵਿਚ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਅਤੇ ਅੱਜ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਮਜੀਠੀਆ ਦੇ ਸ਼ਾਮਲ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਮੱਗਲਰ ਅਤੇ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਮਜੀਠੀਆ ਦੇ ਸ਼ਾਮਲ ਹੋਣ ਸੰਬੰਧੀ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਉਹ ਤਾਂ ਸਿਰਫ ਇਕ ਛੋਟਾ ਜਿਹਾ ਕਰਿੰਦਾ ਹੈ, ਇਸ ਦਾ ਕਿੰਗਪਿਨ ਤਾਂ ਬਿਕਰਮ ਸਿੰਘ ਮਜੀਠੀਆ ਹੈ। ਉਨ੍ਹਾਂ ਕਿਹਾ ਕਿ ਭੋਲਾ ਖੁਦ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕਰ ਰਿਹਾ ਹੈ ਅਤੇ ਉਹ ਵੀ ਭੋਲੇ ਦੀ ਹਮਾਇਤ ਕਰਦੇ ਹਨ ਕਿ ਇਸ ਕਾਂਡ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਤੋਂ ਇਨਕਾਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਬੇਹਤਰ ਜਵਾਬ ਤਾਂ ਕੈਪਟਨ ਸਾਹਿਬ ਹੀ ਦੇ ਸਕਦੇ ਹਨ ਪਰ ਉਨ੍ਹਾਂ ਦੀ ਨਜ਼ਰ ਵਿਚ ਸੀ. ਬੀ. ਆਈ. ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੰਟਰਪੋਲ ਦੀ ਮਦਦ ਬਿਨਾਂ ਇਹ ਗੈਂਗ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਇੰਟਰਪੋਲ ਤੱਕ ਸਿਰਫ ਸੀ.ਬੀ.ਆਈ. ਹੀ ਪਹੁੰਚ ਸਕਦੀ ਹੈ ਕਿਉਂਕਿ ਉਹ ਹੀ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਨੇ ਸਾਡੇ ਨੌਜਵਾਨਾਂ ਨੂੰ ਖਾ ਲਿਆ ਹੈ ਅਤੇ ਨਸ਼ਿਆਂ ਨੂੰ ਖਤਮ ਕਰਨ ਵਿਚ ਸਿਰਫ ਪੁਲਸ ਹੀ ਨਹੀਂ ਸਗੋਂ ਸਰਕਾਰ ਦਾ ਵੀ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਦੀ ਪੁਸ਼ਤ-ਪਨਾਹੀ ਛੱਡ ਦੇਵੇ ਤਾਂ ਸੁਰੱਖਿਆ ਏਜੰਸੀਆਂ 24 ਘੰਟਿਆਂ ਦੇ ਅੰਦਰ-ਅੰਦਰ ਸੂਬੇ ਵਿਚ ਨਸ਼ੇ ਵਿਕਣੇ ਬੰਦ ਕਰਵਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥ ਪੰਜਾਬ ਵਿਚੋਂ ਕਿਉਂ ਨਹੀਂ ਖਤਮ ਹੁੰਦੇ, ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਤਰੀ ਮੰਡਲ ਵਿਚ ਕੋੜਮਾ ਸ਼ਾਮਲ ਹੈ।   ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਾਦਲ ਸਰਕਾਰ ਦੇ ਖਿਲਾਫ ਨਹੀਂ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਜੇਕਰ ਬਾਦਲ ਸਾਹਿਬ ਪੰਜਾਬ ਵਿਚੋਂ ਨਸ਼ੀਲੇ ਪਦਾਰਥ ਖਤਮ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕਰਨ ਤਾਂ ਉਹ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਅਰਦਾਸ ਕਰਨਗੇ ਕਿ ਬਾਦਲ ਸਾਹਿਬ 25 ਦੀ ਬਜਾਏ 50 ਸਾਲ ਰਾਜ ਕਰਨ। ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਤਲਵਾੜ ਅਤੇ ਨਰਿੰਦਰ ਵਾਲੀਆ ਵੀ ਹਾਜ਼ਰ ਸਨ।