ਨਵੀਂ ਦਿੱਲੀ- ਕੱਪੜਿਆਂ 'ਚ ਕਰੰਟ ਪੈਦਾ ਹੋਣ ਨਾਲ ਇਕ ਆਦਮੀ ਝੁਲਸ ਜਾਣ ਦੀ ਖਬਰ ਮਿਲੀ ਹੈ। ਸੁਣਨ 'ਚ ਅਜੀਬ ਲੱਗ ਰਿਹਾ ਹੈ, ਪਰ ਇਹ ਗੱਲ ਸੱਚੀ ਹੈ। ਜ਼ਿਕਰਯੋਗ ਹੈ ਕਿ ਕੱਪੜਿਆਂ ਤੋਂ ਆਈ ਇਸ ਸਥਿਰ ਬਿਜਲੀ ਨਾਲ ਇਸ ਵਿਅਕਤੀ ਦੇ ਘਰ 'ਚ ਗੈਸ ਦਾ ਧਮਾਕਾ ਹੋ ਗਿਆ। ਇਸ ਹਾਦਸੇ 'ਚ 78 ਸਾਲਾ ਚੁੰਗ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਦਾ ਚਿਹਰਾ, ਗਰਦਨ ਅਤੇ ਹੱਥ ਝੁਲਸ ਗਏ ਹਨ ਅਤੇ ਹੁਣ ਉਸ ਦਾ ਇਲਾਜ ਚੀਨ ਦੇ ਜਿਆਂਗਸੁ ਪੀਪਲਜ਼ ਹਸਪਤਾਲ 'ਚ ਚੱਲ ਰਿਹਾ ਹੈ। ਚੁੰਗ ਦੇ ਭਤੀਜੇ ਨੇ ਦੱਸਿਆ,''ਇਹ ਧਮਾਕਾ ਬਹੁਤ ਤੇਜ਼ ਸੀ ਅਤੇ 300 ਮੀਟਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਨਾਲ ਘਰ ਦੇ ਤਿੰਨ ਦਰਵਾਜ਼ੇ ਟੁੱਟ ਕੇ ਡਿੱਗ ਪਏ ਅਤੇ ਘਰ ਦੇ ਸ਼ੀਸ਼ੇ ਵੀ ਟੁੱਟ ਗਏ। ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗੈਸ ਪੁਰਾਣੇ ਪਾਈਪਲਾਈਨ ਤੋਂ ਲੀਕ ਹੋ ਰਹੀ ਸੀ ਅਤੇ ਜਿਸ ਨਾਲ ਚੁੰਗ ਦੇ ਕੱਪੜਿਆਂ 'ਚ ਆਈ ਸਥਿਰ ਬਿਜਲੀ ਕਾਰਨ ਗੈਸ 'ਚ ਅੱਗ ਲੱਗ ਗਈ।