jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 January 2014

ਦਿਵਿਆ ਜੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਚਲ ਵਸੇ

www.sabblok.blogspot.com
ਨੂਰਮਹਿਲ, 29 ਜਨਵਰੀ --ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਮੁਖੀ ਅਤੇ ਕਰੀਬ ਇਕ ਦਹਾਕੇ ਤੋਂ ਵਿਵਾਦਾਂ 'ਚ ਰਹੇ ਆਸ਼ੂਤੋਸ਼ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਪਰ ਸੰਸਥਾਨ ਦੇ ਪ੍ਰਬੰਧਕ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਅਫ਼ਵਾਹ ਕਰਾਰ ਦੇ ਕੇ ਖੰਡਨ ਕਰ ਰਹੇ ਹਨ। ਆਸ਼ੂਤੋਸ਼ ਨੂਰਮਹਿਲ ਸੰਸਥਾਨ ਵਿਖੇ ਹੀ ਰਹਿ ਰਹੇ ਸਨ ਜਿਥੇ ਬੀਤੀ ਰਾਤ ਕਰੀਬ ਸਵਾ 12 ਕੁ ਵਜੇ ਉਨ੍ਹਾਂ ਨੂੰ ਛਾਤੀ 'ਚ ਤੇਜ਼ ਦਰਦ ਹੋਇਆ ਤੇ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਗਰਤੀ ਸੰਸਥਾਨ ਦੇ ਬੁਲਾਰਿਆਂ ਸਵਾਮੀ ਵਿਸਾਲਾ ਨੰਦ ਅਤੇ ਸਵਾਮੀ ਵਿਸ਼ਵਾ ਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਇਹ ਦਾਅਵਾ ਕੀਤਾ ਕਿ ਸ੍ਰੀ ਆਸ਼ੂਤੋਸ਼ 'ਗਹਿਰੀ ਸਮਾਧੀ' ਵਿਚ ਲੀਨ ਹੋ ਗਏ ਹਨ, ਉਥੇ ਨਾਲ ਹੀ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਦੋਵਾਂ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਆਸ਼ੂਤੋਸ਼ ਡਾਕਟਰੀ ਪ੍ਰਣਾਲੀ ਦੇ ਲਿਹਾਜ਼ ਨਾਲ ਚਲ ਵਸੇ ਹਨ, ਪਰ ਅਧਿਆਤਮਕ ਤੌਰ 'ਤੇ ਅਜਿਹਾ ਨਹੀਂ ਹੁੰਦਾ।
ਉਨ੍ਹਾਂ ਵਿਸਥਾਰ ਦਿੰਦਿਆਂ ਕਿਹਾ ਕਿ ਸਮਾਧੀ ਧਾਰਨ ਕਰਨ ਦੇ ਯੋਗ ਮਹਾਂਪੁਰਸ਼ਾਂ ਵਿਚੋਂ ਆਪਣੀ ਸਰੀਰਕ ਕਿਰਿਆ ਰੋਕ ਲੈਣ ਦੀ ਸ਼ਕਤੀ ਹੁੰਦੀ ਹੈ ਤੇ ਸਰੀਰਕ ਕਿਰਿਆ ਰੁਕ ਜਾਣ ਨੂੰ ਹੀ ਡਾਕਟਰੀ ਵਿੱਦਿਆ ਪ੍ਰਣਾਲੀ ਮੌਤ ਦਾ ਨਾਂਅ ਦੇ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਆਸ਼ੂਤੋਸ਼ 11-12 ਸਾਲ ਪਹਿਲਾਂ ਵੀ 'ਸਮਾਧੀ' ਵਿਚ ਚਲੇ ਗਏ ਸਨ।
ਭਾਵੇਂ ਜਾਗਰਤੀ ਸੰਸਥਾਨ ਦੇ ਪ੍ਰਬੰਧਕ ਆਸ਼ੂਤੋਸ਼ ਦੀ ਮੌਤ ਨੂੰ ਅਫ਼ਵਾਹ ਆਖ ਰਹੇ ਸਨ, ਪਰ ਅੰਦਰੂਨੀ ਤੌਰ 'ਤੇ ਉਨ੍ਹਾਂ ਦੇ ਸਸਕਾਰ ਦੀਆਂ ਤਿਆਰੀਆਂ ਦਾ ਆਲਮ ਵੀ ਉਥੇ ਹੀ ਨਜ਼ਰ ਆ ਰਿਹਾ ਸੀ। ਸੰਸਥਾਨ ਦੇ ਮੁੱਖ ਗੇਟ ਦੇ ਸਾਹਮਣੇ ਹਰੇ ਚਾਰੇ ਦੇ ਖੇਤ ਵਿਹਲੇ ਕਰਨ ਲਈ ਦਰਜਨਾਂ ਮਜ਼ਦੂਰ ਲੱਗੇ ਹੋਏ ਸਨ। ਅਜਿਹਾ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਬੈਠਣ ਲਈ ਜਗ੍ਹਾ ਬਣਾਉਣ ਵਾਸਤੇ ਕੀਤਾ ਜਾ ਰਿਹਾ ਦੱਸਿਆ ਜਾਂਦਾ ਹੈ। ਸੰਸਥਾਨ ਵਿਖੇ ਅੱਜ ਹੀ ਆਸ਼ੂਤੋਸ਼ ਦੀ ਮੌਤ ਦੀ ਖ਼ਬਰ ਸੁਣ ਕੇ ਕਾਫੀ ਗਿਣਤੀ ਵਿਚ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਸਨ। ਇਹ ਆਮ ਚਰਚਾ ਸੀ ਕਿ ਸ਼ੁੱਕਰਵਾਰ ਨੂੰ ਸ੍ਰੀ ਆਸ਼ੂਤੋਸ਼ ਦਾ ਅੰਤਿਮ-ਸੰਸਕਾਰ ਡੇਰੇ ਵਿਖੇ ਹੀ ਕੀਤਾ ਜਾਵੇਗਾ। ਪੁਲਿਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧਾਂ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਆਈ. ਜੀ. ਜਲੰਧਰ ਜ਼ੋਨ ਸਾਰੇ ਪ੍ਰਬੰਧਾਂ ਦੀ ਖੁਦ ਦੇਖ-ਰੇਖ ਕਰ ਰਹੇ ਸਨ ਤੇ ਐਸ. ਐਸ. ਪੀ. ਦਿਹਾਤੀ ਸ: ਜਸਪ੍ਰੀਤ ਸਿੰਘ ਸਿੱਧੂ ਹੋਰ ਸੀਨੀਅਰ ਅਧਿਕਾਰੀਆਂ ਨਾਲ ਡੇਰੇ ਵਿਖੇ ਹੀ ਪੱਕਾ ਡੇਰਾ ਲਗਾ ਕੇ ਬੈਠੇ ਹੋਏ ਹਨ। ਸੁਰੱਖਿਆ ਪ੍ਰਬੰਧਾਂ ਲਈ ਦੁਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਦੀ ਪੁਲਿਸ ਭਾਰੀ ਗਿਣਤੀ ਵਿਚ ਨੂਰਮਹਿਲ ਨੂੰ ਜਾਂਦੀਆਂ ਸੜਕਾਂ 'ਤੇ ਡੇਰੇ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ।
ਗੱਦੀਨਸ਼ੀਨੀ ਨੂੰ ਲੈ ਕੇ ਕਸ਼ਮਕਸ਼
ਜਾਗਰਤੀ ਸੰਸਥਾਨ ਦੇ ਪ੍ਰਬੰਧਕ ਉਂਝ ਤਾਂ ਮਿਣ-ਤੋਲ ਕੇ ਹੀ ਬੋਲ ਰਹੇ ਸਨ ਤੇ ਕਿਸੇ ਵੀ ਕਿਸਮ ਦੀ ਗੱਲਬਾਤ 'ਚ ਪੈਣ ਨੂੰ ਤਿਆਰ ਨਹੀਂ ਸਨ, ਪਰ ਫਿਰ ਵੀ ਉਥੇ ਆਮ ਚਰਚਾ ਹੈ ਕਿ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੀ ਅਰਬਾਂ ਦੀ ਜਾਇਦਾਦ ਹੈ ਤੇ ਇਹ ਵੱਡੀ ਸੰਸਥਾ ਹੈ। ਸ੍ਰੀ ਆਸ਼ੂਤੋਸ਼ ਨੇ ਜਿਊਂਦੇ ਜੀਅ ਕਿਸੇ ਨੂੰ ਵੀ ਅੱਗੇ ਨਹੀਂ ਲਿਆਂਦਾ। ਪਰ ਉਨ੍ਹਾਂ ਦੇ ਅਚਾਨਕ ਚਲਾਣੇ ਕਾਰਨ ਗੱਦੀਨਸ਼ੀਨੀ ਬਾਰੇ ਕਸ਼ਮਕਸ਼ ਚਲ ਪਈ ਹੈ। ਇਸੇ ਕਾਰਨ ਹੀ ਸੰਸਥਾਨ ਵੱਲੋਂ ਸ੍ਰੀ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨੇ ਜਾਣ 'ਚ ਦੇਰੀ ਕੀਤੀ ਜਾ ਰਹੀ ਹੈ। ਇਹ ਵੀ ਚਰਚਾ ਹੈ ਕਿ ਸੰਸਥਾਨ ਦੇ ਸ਼ਕਤੀਸ਼ਾਲੀ ਪ੍ਰਬੰਧਕ ਸਵਾਮੀ ਅਦਿਤਿਆ ਨੰਦ ਤੇ ਸਵਾਮੀ ਨਰੇਂਦਰਾ ਨੰਦ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਗੱਦੀਨਸ਼ੀਨ ਬਣਾਉਣ ਦੀ ਦੌੜ ਵਿਚ ਹਨ, ਪਰ ਪੰਜਾਬ ਵਿਚ ਪ੍ਰਬੰਧਕ ਵਿਅਕਤੀ ਦੀ ਥਾਂ ਸੰਸਥਾਨ ਦੀ ਸੰਚਾਲਨਾ ਲਈ ਕਮੇਟੀ ਸਥਾਪਤ ਕਰਨ ਦੀ ਗੱਲ ਕਹਿ ਰਹੇ ਹਨ।
ਸਿੱਖ ਸੰਸਥਾਵਾਂ ਨਾਲ ਵਿਵਾਦ
ਨੂਰਮਹਿਲ 'ਚ ਸਥਾਪਤ ਦਿਵਿਆ ਜੋਤੀ ਜਾਗਰਤੀ ਸੰਸਥਾਨ ਅਤੇ ਇਸ ਦੇ ਮੁੱਖੀ ਸ੍ਰੀ ਆਸ਼ੂਤੋਸ਼ ਕਰੀਬ ਡੇਢ ਦਹਾਕਾ ਪਹਿਲਾਂ ਸਿੱਖ ਸੰਸਥਾਵਾਂ ਨਾਲ ਹੋਏ ਟਕਰਾਵਾਂ ਕਾਰਨ ਚਰਚਾ 'ਚ ਆਉਣੇ ਸ਼ੁਰੂ ਹੋਏ ਸਨ। ਉਨ੍ਹਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਕਾਰਨ ਅੰਮ੍ਰਿਤਸਰ, ਤਰਨ ਤਾਰਨ ਤੇ ਲੁਧਿਆਣਾ 'ਚ ਕਾਫੀ ਵੱਡੇ ਟਕਰਾਅ ਵੀ ਹੁੰਦੇ ਰਹੇ ਹਨ ਤੇ ਕਈ ਵਾਰ ਸਰਕਾਰ ਇਨ੍ਹਾਂ ਸਮਾਗਮਾਂ ਉੱਪਰ ਪਾਬੰਦੀ ਲਗਾਉਣ ਲਈ ਮਜਬੂਰ ਹੁੰਦੀ ਰਹੀ। ਉਸ ਸਮੇਂ ਤੋਂ ਸ੍ਰੀ ਆਸ਼ੂਤੋਸ਼ ਭਾਰੀ ਸੁਰੱਖਿਆ ਹੇਠ ਰਹਿੰਦੇ ਆ ਰਹੇ ਸਨ।

No comments: