ਪੋਰਟ ਬਲੇਅਰ-ਅੰਡੇਮਾਨ-ਨਿਕੋਬਾਰ ਦੀਪ ਦੇ ਨੇੜੇ ਬੰਗਾਲ ਦੀ ਖਾੜੀ 'ਚ ਐਤਵਾਰ ਦੀ ਸ਼ਾਮ ਨੂੰ ਇਕ ਕਿਸ਼ਤੀ ਡੁੱਬਣ ਨਾਲ 28 ਸੈਲਾਨੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹੋ ਗਏ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਿਸ਼ਤੀ 'ਚ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਨ ਵਾਪਰੀ ਹੈ, ਜਦੋਂ ਕਿ ਕਿਸ਼ਤੀ 'ਚ ਸਵਾਰ 13 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ।
ਇਸ ਘਟਨਾ ਸੰਬੰਧੀ ਜ਼ਿਲਾ ਪ੍ਰਸ਼ਾਸਨ ਨੇ 28 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਿਸ਼ਤੀ 'ਚ 25 ਲੋਕ ਹੀ ਬੈਠ ਸਕਦੇ ਸਨ ਪਰ ਸਮਰੱਥਾ ਤੋਂ ਵਧੇਰੇ ਲੋਕਾਂ ਦੇ ਇਸ 'ਚ ਬੈਠਣ ਕਾਰਨ ਕਿਸ਼ਤੀ ਡੁੱਬ ਗਈ। ਇਸ ਕਿਸ਼ਤੀ 'ਚ ਤਾਮਿਲਨਾਡੂ ਦੇ ਕਾਂਚੀਪੁਰਮ ਅਤੇ ਮੁੰਬਈ ਦੇ ਸੈਲਾਨੀਆਂ ਸਮੇਤ ਕੁੱਲ 45 ਲੋਕ ਸਵਾਰ ਸਨ। ਕਿਸ਼ਤੀ 'ਚ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਵੀ ਲਗਾਈ ਜਾ ਰਹੀ ਹੈ। ਸੁਰੱਖਿਆ ਕਰਮਚਾਰੀਆਂ ਵਲੋਂ ਲੋਕਾਂ ਨੂੰ ਬਚਾਉਣ ਲਈ ਚਲਾਈ ਗਈ ਮੁਹਿੰਮ ਅਜੇ ਤੱਕ ਜਾਰੀ ਹੈ। ਉਪ ਰਾਜਪਾਲ ਲੈਫਟੀਨੈਂਟ ਜਨਰਲ ਏ. ਕੇ. ਸਿੰਘ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇਣ ਦੇ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਸ ਘਟਨਾ ਪ੍ਰਤੀ ਆਪਣਾ ਦੁੱਖ ਪ੍ਰਗਟ ਕੀਤਾ ਹੈ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।