ਲਖਨਊ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਦੋਵੇਂ ਪਾਰਟੀਆਂ ਉੱਤਰ ਪ੍ਰਦੇਸ਼ 'ਚ ਮਿਲ ਕੇ ਫਿਰਕਾਪ੍ਰਸਤੀ ਦੀ ਸਿਆਸਤ ਕਰਨਾ ਚਾਹੁੰਦੀਆਂ ਹਨ ਅਤੇ ਇਸੇ ਦਾ ਨਤੀਜਾ ਹੈ ਕਿ ਉੱਤਰ ਪ੍ਰਦੇਸ਼ 'ਚ 100 ਤੋਂ ਜ਼ਿਆਦਾ ਦੰਗੇ ਹੋ ਚੁਕੇ ਹਨ। ਰਾਜਧਾਨੀ 'ਚ ਕੌਫੀ ਹਾਊਸ 'ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੇ ਸਿੰਘ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਅਪਰਾਧਕ ਅਕਸ ਵਾਲੇ ਵਿਧਾਇਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਇਹੀ ਹਾਲ ਸੰਸਦ ਦਾ ਵੀ ਹੈ। ਸੰਸਦ 'ਚ 73 ਤੋਂ ਜ਼ਿਆਦਾ ਅਜਿਹੇ ਸੰਸਦ ਹਨ, ਜਿਨ੍ਹਾਂ 'ਤੇ ਗੰਭੀਰ ਅਪਰਾਧਕ ਮਾਮਲੇ ਚੱਲ ਰਹੇ ਹਨ। ਅਜਿਹੇ 'ਚ ਸਾਡਾ ਦਲ ਇਕ ਈਮਾਨਦਾਰ ਬਦਲ ਦੇ ਰੂਪ 'ਚ ਜਨਤਾ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ ਲਈ ਹਰ ਲੋਕ ਸਭਾ ਸੀਟ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਇਸ ਲਈ ਹਰ ਲੋਕ ਸਭਾ ਸੀਟ 'ਤੇ ਇਕ-ਇਕ ਇੰਚਾਰਜ਼ ਨਿਯੁਕਤ ਕੀਤਾ ਜਾ ਚੁਕਿਆ ਹੈ। ਪੂਰੇ ਦੇਸ਼ 'ਚ 350 ਸੀਟਾਂ 'ਤੇ ਚੋਣਾਂ ਲੜੀਆਂ ਜਾਣਗੀਆਂ ਅਤੇ ਸਾਰੀਆਂ ਮਸ਼ਹੂਰ ਹਸਤੀਆਂ ਅਤੇ ਮਾਫੀਆਵਾਂ ਦੇ ਖਿਲਾਫ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ 'ਚ ਕਿਸੇ ਵੀ ਦਲ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ। ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਇਕ ਪ੍ਰਵੇਸ਼ ਪੱਧਰੀ ਕੋ-ਆਰਡੀਨੇਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉੁਨ੍ਹਾਂ ਨੇ ਦੱਸਿਆ ਕਿ ਲੋਕ ਸਭਾ 'ਚ ਪ੍ਰਾਪਤ ਹੋ ਰਹੇ ਮੰਗ ਪੱਤਰਾਂ ਦੀ ਜਾਂਚ ਲਈ ਇਕ ਪ੍ਰਦੇਸ਼ ਪੱਧਰੀ ਸਕ੍ਰੀਨਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਇਹੀ ਕਮੇਟੀ ਉਮੀਦਵਾਰਾਂ ਦੀ ਜਾਂਚ ਕਰ ਕੇ ਦਿੱਲੀ ਪੀ. ਐੱਸ. ਕਮੇਟੀ ਨੂੰ ਭੇਜੇਗੀ। ਉਨ੍ਹਾਂ ਨੇ ਸਿਆਸਤ 'ਚ ਅਪਰਾਧੀਕਰਨ, ਭ੍ਰਿਸ਼ਟਾਚਾਰ ਦੇ ਪ੍ਰਤੀ ਚਿੰਤਾ ਵੀ ਜ਼ਾਹਰ ਕੀਤੀ।