ਰਿਏਤੀ—ਇਟਲੀ ਵਿਚ ਹਾਲ ਹੀ ਵਿਚ ਇਕ ਨਨ ਨੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੇ ਜੋ ਬਿਆਨ ਦਿੱਤਾ ਉਹ ਬਹੁਤ ਹੀ ਅਜੀਬ ਸੀ। ਨਨ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਗਰਭਵਤੀ ਸੀ।
ਮੂਲ ਰੂਪ ਵਿਚ ਸਲਵਾਡੋਰ ਦੀ ਰਹਿਣ ਵਾਲੀ ਨਨ ਨੇ ਸਥਾਨਕ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਗਰਭਵਤੀ ਸੀ। ਉਸ ਨੇ ਦੱਸਿਆ ਕਿ ਅਚਾਨਕ ਉਸ ਦੇ ਪੇਟ ਵਿਚ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਉੱਥੇ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਨਨ ਨੇ ਆਪਣੇ ਬੇਟੇ ਦਾ ਨਾਂ ਫਰਾਂਸਿਸਕੋ ਰੱਖਿਆ ਹੈ। ਇਟਲੀ ਵਿਚ ਇਹ ਨਾਮ ਬਹੁਤ ਹੀ ਮਸ਼ਹੂਰ ਹੈ ਕਿਉਂਕਿ ਸੇਂਟ ਫਰਾਂਸਿਸ ਆਫ ਏਸੀਸੀ ਉਥੋਂ ਦੇ ਕੌਮਾਂਤਰੀ ਸੰਤ ਹਨ।
ਜਾਣਕਾਰੀ ਮੁਤਾਬਕ ਨਨ ਰਿਏਤੀ ਨੇੜੇ ਕੈਂਪੋਮੋਰੋ ਵਿਚ 'ਲਿਟਲ ਡਿਸਾਈਪਲ ਆਫ ਜੀਸਸ' ਨਾਂ ਦੇ ਮੱਠ ਨਾਲ ਸੰਬੰਧ ਰੱਖਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਲੋਕਾਂ ਨੇ ਨਨ ਅਤੇ ਬੱਚੇ ਲਈ ਪੈਸੇ ਅਤੇ ਕੱਪੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਦੇ ਮੇਅਰ ਸਾਈਮਨ ਪੇਟਰਾਂਗੇਲੀ ਨੇ ਲੋਕਾਂ ਨੂੰ ਨਨ ਦੀ ਪਛਾਣ ਗੁਪਤ ਰੱਖਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਨਨਾਂ ਦੇ ਮੱਠ ਵਿਚ ਬੱਚੇ ਦੇ ਜਨਮ ਨਾਲ ਲੋਕ ਹੈਰਾਨ ਹਨ।