jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਭਾਰੀ ਬਾਰਸ਼ਾਂ ਕਾਰਨ ਤਬਾਹੀ, 65 ਮੌਤਾਂ


shivmurtiਨਵੀਂ ਦਿੱਲੀ/ਦੇਹਰਾਦੂਨ.18 ਜੂਨ. - ਉਤਰ ਭਾਰਤ ਦੇ ਪਹਾੜੀ ਸੂਬਿਆਂ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਸ਼ਾਂ ਕਾਰਨ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚੋਂ ਲੰਘਦੀ ਅਲਕਨੰਦਾ ਨਦੀ ਕਈ ਧਾਰਮਕ ਸਥਾਨ, ਹੋਟਲ, ਰੈਸਟ ਹਾਊਸ ਅਤੇ ਹੋਰ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਰੋੜ ਕੇ ਲੈ ਗਈ ਜਦਕਿ ਢਿੱਗਾਂ ਡਿੱਗਣ ਅਤੇ ਬੱਦਲ ਫ਼ਟਣ ਦੀਆਂ ਵੱਖ-ਵੱਖ ਘਟਨਾਵਾਂ ਵਿਚ 65 ਵਿਅਕਤੀ ਮਾਰੇ ਗਏ। ਗੁਰਦਵਾਰਾ ਹੇਮਕੁੰਟ ਸਾਹਿਬ ਦੇ ਰਾਹ ‘ਤੇ ਗੋਬਿੰਦ ਘਾਟ ਵਿਖੇ ਸਥਿਤ ਗੁਰਦਵਾਰੇ ਦਾ ਇਕ ਹਿੱਸਾ ਰੁੜ੍ਹ ਗਿਆ। ਚਮੋਲੀ ਦੇ ਅਧਿਕਾਰੀਆਂ ਨੇ ਦਸਿਆ ਕਿ ਅਲਕਨੰਦਾ ਦਰਿਆ ਵਿਚ ਅਚਾਨਕ ਹੜ੍ਹ ਆ ਜਾਣ ਕਾਰਨ ਸਿੱਖ ਸ਼ਰਧਾਲੂਆਂ ਨੂੰ ਲਿਜਾਣ ਲਈ ਖੜਾ ਹੈਲੀਕਾਪਟਰ ਅਤੇ ਛੇ ਹੋਰ ਵਾਹਨ ਵੀ ਰੁੜ ਗਏ ਜਦਕਿ ਗੜਵਾਲ ਵਿਕਾਸ ਨਿਗਮ ਲਿਮਟਿਡ ਦੇ ਇਕ ਗੈਸਟ ਹਾਊਸ ਨੂੰ ਦਰਿਆ ਦਾ ਪਾਣੀ ਨਾਲ ਰੋੜ ਕੇ ਲੈ ਗਿਆ। ਦੇਹਰਾਦੂਨ ਵਿਖੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਸੂਬੇ ਵਿਚ ਕੁਲ 164 ਇਮਾਰਤਾਂ ਨੁਕਸਾਨੀਆਂ ਗਈਆਂ।ਸੂਤਰਾਂ ਨੇ ਦਸਿਆ ਕਿ ਉਤਰਾਖੰਡ ਵਿਚ ਹੋਈ ਭਾਰੀ ਬਾਰਸ਼ ਕਾਰਨ ਰੁਦਰਪ੍ਰਯਾਗ, ਚਮੋਲੀ ਅਤੇ ਉਤਰ ਕਾਸ਼ੀ ਵਿਖੇ 20 ਹਜ਼ਾਰ ਤੋਂ ਵੱਧ ਸੈਲਾਨੀ ਫਸੇ ਹੋਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਬਾਰਸ਼ਾਂ ਕਾਰਨ 65 ਲੋਕ ਮਾਰੇ ਜਾ ਚੁਕੇ ਹਨ ਅਤੇ ਕਈ ਹੋਰ ਲਾਪਤਾ ਹਨ। ਪਿਛਲੇ 36 ਘੰਟਿਆਂ ਦੌਰਾਨ ਹੋਈ ਭਾਰੀ ਵਰਖਾ ਕਾਰਨ ਗੰਗਾ ਅਤੇ ਯਮੁਨਾ ਸਣੇ ਇਨ੍ਹਾਂ ਦੀਆਂ ਸਹਾਇਕ ਨਦੀਆਂ ਵਿਚ ਹੜ੍ਹ ਆ ਗਿਆ ਅਤੇ ਕਈ ਪੁਲ, ਸੜਕਾਂ ਅਤੇ ਮਕਾਨ ਰੁੜ ਗਏ। ਸੂਬੇ ਵਿਚ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਕੱਢਣ ਲਈ ਆਈ.ਟੀ.ਬੀ.ਪੀ. ਦੇ 500 ਜਵਾਨ ਰਵਾਨਾ ਹੋ ਗਏ, ਜਿਨ੍ਹਾਂ ਨਾਲ ਡਾਕਟਰਾਂ ਦੀ ਟੀਮ ਵੀ ਗਈ ਹੈ। ਆਈ.ਟੀ.ਬੀ.ਪੀ. ਦੇ ਬੁਲਾਰੇ ਦੀਪਕ ਪਾਂਡੇ ਨੇ ਦਸਿਆ ਕਿ ਜੋਸ਼ੀਮਠ ਵਿਖੇ ਲਗਭਗ 300 ਲੋਕਾਂ ਨੂੰ ਠਹਿਰਾਉਣ ਲਈ ਆਰਜ਼ੀ ਕੈਂਪ ਸਥਾਪਤ ਕੀਤੇ ਗਏ ਹਨ ਅਤੇ 250 ਯਾਤਰੀਆਂ ਨੂੰ ਇਥੋਂ ਦੇ ਗੁਰਦਵਾਰੇ ਵਿਚ ਠਹਿਰਾਇਆ ਗਿਆ ਹੈ। ਉਧਰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵੀ ਭਾਰੀ ਬਾਰਸ਼ ਕਾਰਨ ਪ੍ਰਭਾਵਤ ਹੋਏ ਹਨ।


ਹਿਮਾਚਲ ਵਿਚ ਢਿਗਾਂ ਡਿੱਗਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋਈ ਅਤੇ ਕਈ ਮੁੱਖ ਸੜਕਾਂ ਜਾਮ ਹੋ ਗਈਆਂ। ਬਾਰਸ਼ ਅਤੇ ਢਿਗਾਂ ਡਿੱਗਣ ਕਾਰਨ ਮੁੱਖ ਮੰਤਰੀ ਵੀਰਭੱਦਰ ਸਿੰਘ ਸੰਗਲਾ ਘਾਟੀ ਵਿਚ ਫਸ ਗਏ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿਚੋਂ ਹੋ ਕੇ ਲੰਘਦੀ ਯਮੁਨਾ ਨਦੀ ਵਿਚ ਹੜ੍ਹ ਆਉਣ ਕਾਰਨ ਸੈਂਕੜੇ ਲੋਕ ਫਸ ਗਏ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕਢਿਆ ਗਿਆ। ਹਰਿਆਣਾ ਦੇ ਵਧੀਕ ਮੁੱਖ ਸਕੱਤਰ ਕ੍ਰਿਸ਼ਨ ਮੋਹਨ ਨੇ ਦਸਿਆ ਕਿ ਕਰਨਾਲ ਜ਼ਿਲ੍ਹੇ ਦੇ ਚੰਦਰਾਉ ਪਿੰਡ ਵਿਚ ਫਸੇ 42 ਲੋਕਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਬਚਾਇਆ ਗਿਆ। ਇਸੇ ਤਰ੍ਹਾਂ ਸ਼ੇਰਗੜ੍ਹ ਤਾਪੂ ਪਿੰਡ ਵਿਖੇ ਹੜ੍ਹ ਵਿਚ ਘਿਰੇ 150 ਲੋਕਾਂ ਨੂੰ ਮੋਟਰ ਬੋਟਸ ਰਾਹੀਂ ਕਢਿਆ ਗਿਆ।  ਹਿਸਾਰ ਜ਼ਿਲ੍ਹੇ ਵਿਚ ਬਾਰਸ਼ ਕਾਰਨ ਇਕ ਕਾਰਖ਼ਾਨੇ ਦੀ ਕੰਧ ਡਿੱਗਣ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਮਨੋਜ, ਰਣਬੀਰ, ਜਨਾਰਦਨ, ਕਾਸ਼ੀ ਮੁਖੀਆ ਅਤੇ ਜੋਗੇਸ਼ਵਰ ਵਜੋਂ ਹੋਈ ਹੈ।
ਇਸੇ ਦਰਮਿਆਨ ਕੌਮੀ ਰਾਜਧਾਨੀ ਵਿਚ ਲਗਾਤਾਰ ਦੂਜੇ ਦਿਨ ਭਾਰੀ ਵਰਖਾ ਕਾਰਨ ਕਈ ਇਲਾਕਿਆਂ ਵਿਚ ਪਾਣੀ ਇਕੱਠਾ ਹੋ ਗਿਆ ਅਤੇ ਆਵਾਜਾਈ ਵਿਚ ਵੱਡੀਆਂ ਦਿੱਕਤਾਂ ਆਈਆਂ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਖੇ ਐਤਵਾਰ ਸ਼ਾਮ 5:30 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 8 ਵਜੇ ਤਕ 22 ਮਿਲੀਮੀਟਰ ਵਰਖਾ ਹੋਈ। ਬਾਰਸ਼ ਕਾਰਨ ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਲਕਸ਼ਮੀ ਨਗਰ, ਆਈ.ਟੀ.ਓ., ਕਸ਼ਮੀਰੀ ਗੇਟ, ਦਵਾਰਕਾ ਅਤੇ ਧੌਲਾ ਕੂਆਂ ਇਲਾਕਿਆਂ ਵਿਚ ਪਾਣੀ ਖੜਾ ਹੋਣ ਕਾਰਨ ਟ੍ਰੈਫ਼ਿਕ ਲਈ ਸਮੱਸਿਆ ਪੈਦਾ ਹੋ ਗਈ। ਉਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਸਹਾਰਨਪੁਰ ਵਿਖੇ 20 ਸੈਂਟੀਮੀਟਰ, ਨਰੋੜਾ ਅਤੇ ਹਾਪੁੜ ਵਿਖੇ 16 ਸੈਂਟੀਮੀਟਰ, ਹਰਦੋਈ ਵਿਖੇ 14 ਸੈਂਟੀਮੀਟਰ, ਮੇਰਠ ਵਿਖੇ 11 ਸੈਂਟੀਮੀਟਰ ਅਤੇ ਅਕਬਰਪੁਰ ਵਿਖੇ 7 ਸੈਂਟੀਮੀਟਰ ਵਰਖਾ ਦਰਜ ਕੀਤੀ ਗਈ।

No comments: