ਚੰਡੀਗੜ੍ਹ,   - ਪੰਜਾਬ ਦੇ ਸਾਬਕਾ ਡੀ. ਜੀ. ਪੀ. ਜੇਲ ਸ਼ਸ਼ੀਕਾਂਤ ਨੇ ਜੇਲ ਵਿਭਾਗ ਦੇ ਮੰਤਰੀ ਸਰਵਨ ਸਿੰਘ ਫਿਲੌਰ ਵਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਡਰੱਗ ਮੂਵਮੈਂਟ ਕਿਸੇ ਵੀ ਹਾਲਤ 'ਚ ਬੰਦ ਨਹੀਂ ਹੋਵੇਗੀ ਅਤੇ ਇਸ ਨੂੰ ਜਾਰੀ ਰੱਖਿਆ ਜਾਵੇਗਾ। ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਫਿਲੌਰ ਨੇ ਅਸਤੀਫਾ ਦੇਣ ਸੰਬੰਧੀ ਮੈਨੂੰ ਚੁਣੌਤੀ ਦਿੰਦੇ ਹੋਏ ਜੋ ਕੁਝ ਕਿਹਾ, ਉਸਦੇ ਬਾਰੇ 'ਚ ਮੈਂ ਕੁਝ ਵੀ ਨਹੀਂ ਬੋਲਾਂਗਾ। ਮੇਰੀ ਤਾਂ ਇਹੋ ਦੁਆ ਹੈ ਕਿ ਰੱਬ ਉਨ੍ਹਾਂ ਨੂੰ ਤਰੱਕੀ ਤੇ ਲੰਬੀ ਉਮਰ ਦੇਵੇ। ਜੇਲਾਂ 'ਚ ਸਮੱਗਲਿੰਗ ਦੇ ਮਾਮਲੇ 'ਚ ਆਪਣੇ ਵਿਚਾਰਾਂ ਨੂੰ ਸਹੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜੋ ਹੋ ਰਿਹਾ ਹੈ ਉਹ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰੀ ਸੁਰੱਖਿਆ ਵਾਪਸ ਲਏ ਜਾਣ ਸੰਬੰਧੀ ਮੰਤਰੀ ਵਲੋਂ ਕੀਤੀ ਗਈ ਟਿੱਪਣੀ 'ਤੇ ਸ਼ਸ਼ੀਕਾਂਤ ਨੇ ਕਿਹਾ ਕਿ ਮੈਨੂੰ ਅਜਿਹੀ ਕਿਸੇ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਮੇਰੀ ਸੁਰੱਖਿਆ ਲੋਕਾਂ ਦੇ ਹੱਥ 'ਚ ਹੈ। ਉਨ੍ਹਾਂ ਨੇ ਉਨ੍ਹਾਂ ਦੇ ਪਿੱਛੇ ਕਾਂਗਰਸ ਜਾਂ ਕਿਸੇ ਵੀ ਤਰ੍ਹਾਂ ਦੀ ਸਿਆਸੀ ਸ਼ਕਤੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੇਰੇ ਲਈ ਸਾਰੀਆਂ ਪਾਰਟੀਆਂ ਇਕ ਬਰਾਬਰ ਹਨ ਅਤੇ ਸਾਰਿਆਂ ਨਾਲ ਮੇਰੇ ਚੰਗੇ ਸੰਬੰਧ ਰਹੇ ਹਨ। ਸਿਆਸਤ ਤੋਂ ਦੂਰ ਰਹਿ ਕੇ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਣਾ ਇਸ ਸਮੇਂ ਮੇਰਾ ਮੁੱਖ ਮਕਸਦ ਹੈ। ਜਦੋਂ ਸ਼ਸ਼ੀਕਾਂਤ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ ਕਾਰਜਕਾਲ ਸਮੇਂ ਡੀ. ਜੀ. ਪੀ. ਰਹਿੰਦੇ ਹੋਏ ਕਿੰਨੀਆਂ ਰਿਪੋਰਟਾਂ ਸਮੱਗਲਿੰਗ ਦੇ ਬਾਰੇ 'ਚ ਸਰਕਾਰ ਨੂੰ ਦਿੱਤੀਆਂ ਅਤੇ ਉਸ ਸਮੇਂ ਉਚਿਤ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਮੈਂ ਕਿਸੇ ਤਰ੍ਹਾਂ ਦੀ ਇਲਜ਼ਾਮਬਾਜ਼ੀ 'ਚ ਨਹੀਂ ਪੈਣਾ ਚਾਹੁੰਦਾ ਹਾਂ ਅਤੇ ਨਾ ਹੀ ਕਿਸੇ ਮਾਮਲੇ ਨੂੰ ਸਿਆਸੀ ਬਣਾਉਣ ਦੇ ਪੱਖ 'ਚ ਹਾਂ ਅਤੇ ਜਨ ਸਮਰਥਨ ਦੇ ਜ਼ਰੀਏ ਆਪਣੀ ਸਮਾਜਿਕ ਮੁਹਿੰਮ ਚਲਾਉਣਾ ਚਾਹੁੰਦਾ ਹਾਂ।