jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 June 2013

ਬਦਲੀਆਂ ਵਿਰੁੱਧ ਰੋਸ ਵਜੋਂ ਦੋ ਦਿਨ ਡਾਕਟਰੀ ਸੇਵਾਵਾਂ ਠੱਪ ਰੱਖਣ ਦਾ ਐਲਾਨ

www.sabblok.blogspot.com

ਚੰਡੀਗੜ੍ਹ, 8 ਜੂਨ
ਪੰਜਾਬ ਵਿੱਚ 10 ਤੇ 11 ਜੂਨ ਨੂੰ ਡਾਕਟਰਾਂ ਦੀ ਹੜਤਾਲ ਕਾਰਨ ਡਾਕਟਰੀ ਸੇਵਾਵਾਂ ਠੱਪ ਰਹਿਣਗੀਆਂ। ਸਰਕਾਰੀ ਡਾਕਟਰਾਂ ਵੱਲੋਂ ਦੋ ਦਿਨਾਂ ਲਈ ਕੇਵਲ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ। ਪੀ ਸੀ ਐੱਮ ਐੱਸ ਐਸੋਸੀਏਸ਼ਨ ਨੇ ਡਾਕਟਰਾਂ ਦੀਆਂ ਥੋਕ ’ਚ ਕੀਤੀਆਂ ਬਦਲੀਆਂ ਖ਼ਿਲਾਫ਼ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਹੜਤਾਲ ਵਿੱਚ 21 ਜ਼ਿਲ੍ਹਾ ਹਸਪਤਾਲਾਂ, 38 ਸਬ ਡਿਵੀਜ਼ਨਲ ਹਸਪਤਾਲਾਂ ਅਤੇ 119 ਪ੍ਰਾਈਮਰੀ ਹੈਲਥ ਸੈਂਟਰਾਂ ਦੇ 4500 ਡਾਕਟਰ ਸ਼ਾਮਲ ਹੋਣਗੇ।
ਐਸੋਸੀਏਸ਼ਨ ਨੇ 12 ਜੂਨ ਨੂੰ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ ਮੀਟਿੰਗ ਸੱਦ ਲਈ ਹੈ। ਐਸੋਸੀਏਸ਼ਨ ਵੱਲੋਂ ਅੱਜ ਲੁਧਿਆਣਾ ਵਿਖੇ ਸੂਬਾ ਕਾਰਜਕਰਨੀ ਦੀ ਮੀਟਿੰਗ ਬਦਲੀਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਗਈ ਸੀ। ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਹੜਤਾਲ ਦੇ ਦਿਨਾਂ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਵੀ ਆਈ ਪੀ ਅਤੇ ਪੋਸਟ ਮਾਰਟਮ ਸਮੇਤ ਹੋਰ ਕੋਈ ਵੀ ਡਿਊਟੀ ਨਹੀਂ ਦਿੱਤੀ ਜਾਵੇਗੀ। ਇਸ ਦਿਨ ਡਾਕਟਰ ਡਿਊਟੀ ’ਤੇ ਹਾਜ਼ਰ ਹੋ ਕੇ ਰੋਸ ਵਿਖਾਵੇ ਕਰਨਗੇ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਰਾਜ ਦੇ ਇੱਕ ਸੌ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਦੇ ਨਾਂ ’ਤੇ ਬਦਲੀਆਂ ਕਰਨ ਦੇ ਕੀਤੇ ਦਾਅਵੇ ਨੂੰ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀਅਤ ਇਸ ਦੇ ਉਲਟ ਇਹ ਹੈ ਕਿ ਵਿਭਾਗ ਵੱਲੋਂ 76 ਪ੍ਰਾਇਮਰੀ ਹੈਲਥ ਸੈਂਟਰਾਂ ਦਾ ਚੁੱਪ-ਚੁਪੀਤੇ ਦਰਜਾ ਘਟਾ ਕੇ ਕਰਕੇ ਉਨ੍ਹਾਂ ਵਿੱਚ ਕੰਮ ਕਰਦੇ ਮਾਹਿਰਾਂ ਨੂੰ ਹੋਰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਮੰਤਰੀ ਨੇ ਇੱਕ ਸੌ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਦੀ ਥਾਂ ਪਹਿਲਾਂ ਚਲ ਰਹੇ ਹਸਪਤਾਲਾਂ ਵਿੱਚੋਂ ਵੀ ਮਾਹਿਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਪਤਾ ਲੱਗਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਤਬਾਦਲਿਆਂ ਦੀ ਇੱਕ ਸੂਚੀ ਪੇਸ਼ ਕੀਤੀ ਗਈ ਜਿਸ ਵਿੱਚ ਅਜਿਹੇ ਡਾਕਟਰ ਜੋੜਿਆਂ ਦੇ ਨਾਂ ਦਿੱਤੇ ਗਏ ਹਨ ਜਿਨ੍ਹਾਂ ਦੇ ਤਬਾਦਲਿਆਂ ਦੌਰਾਨ ਸਟੇਸ਼ਨ ਵੱਖ ਵੱਖ ਹੋ ਗਏ ਹਨ। ਡਾਕਟਰਾਂ ਦੀ ਇੱਕ ਹੋਰ ਸੂਚੀ ਵਿੱਚ ਅਜਿਹੇ ਨਾਂ ਦੱਸੇ ਗਏ ਜਿਨ੍ਹਾਂ ਦੇ ਪਿਛਲੇ ਇੱਕ ਸਾਲ ਵਿੱਚ ਤਿੰਨ ਤੋਂ ਜ਼ਿਆਦਾਵਾਰ ਤਬਾਦਲੇ ਹੋ ਚੁੱਕੇ ਹਨ।
ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਦੀਪ ਸਿੰਘ, ਵਰਕਿੰਗ ਪ੍ਰਧਾਨ ਡਾ. ਨਿਸ਼ਾਨ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਰਣਜੀਤ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਡਾ. ਗਗਨਜੀਤ ਸਿੰਘ ਸ਼ੇਰਗਿੱਲ ਨੇ ਸੰਬੋਧਨ ਕੀਤਾ। ਓਧਰ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦਾ ਕਹਿਣਾ ਹੈ ਕਿ ਬਦਲੀਆਂ ਮਰੀਜ਼ਾਂ ਦੀ ਬਿਹਤਰੀ ਲਈ ਕੀਤੀਆਂ ਗਈਆਂ ਹਨ। ਉਨ੍ਹਾਂ ਡਾਕਟਰਾਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਡਾਕਟਰਾਂ ਦੀਆਂ ਦਿੱਕਤਾਂ ਹੱਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ 62 ਬਦਲੀਆਂ ਵਾਪਸ ਲੈ ਲਈਆਂ ਹਨ ਅਤੇ ਹੋਰ ਲੋੜਵੰਦ ਡਾਕਟਰਾਂ ਦੇ ਮਸਲੇ ਵੀ ਹੱਲ ਕਰ ਦੇਣਗੇ। ਇਸੇ ਦੌਰਾਨ ਸਰਕਾਰ ਨੇ ਡਾਕਟਰ ਦੇ ਤਬਾਦਲਿਆਂ ਦਾ ਇੱਕ ਹੋਰ ‘ਟੀਕਾ’ ਲਾਉਂਦਿਆਂ ਅਜਿਹੇ ਡਾਕਟਰਾਂ ਨੂੰ ਬਦਲ ਦੇਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੀਆਂ ਪਤਨੀਆਂ ਉਸੇ ਸ਼ਹਿਰ ਵਿੱਚ ਨਿੱਜੀ ਪ੍ਰੈਕਟਿਸ ਕਰ ਰਹੀਆਂ ਹਨ ਜਿੱਥੇ ਉਨ੍ਹਾਂ ਦੀ ਸਰਕਾਰੀ ਪੋਸਟਿੰਗ ਹੈ।

No comments: