ਰੋਮ: ਇਟਲੀ ਵੱਲ ਜਾ ਰਹੇ ਅਫਰੀਕੀ ਮਾਈਗ੍ਰੈਂਟਸ ਨਾਲ ਭਰੇ ਹੋਏ ਬੇੜੇ ਨੂੰ ਅੱਗ ਲੱਗ ਜਾਣ ਮਗਰੋਂ ਉਹ ਪਾਣੀ ਵਿੱਚ ਡੁੱਬ ਗਿਆ। ਇਹ ਹਾਦਸਾ ਵੀਰਵਾਰ ਨੂੰ ਲੈਂਪੇਦੁਸਾ ਦੇ ਸਿਜ਼ੀਲੀਅਨ ਆਈਲੈਂਡ ਨੇੜੇ ਵਾਪਰਿਆ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਹੁਣ ਤੱਕ 78 ਲਾਸ਼ਾਂ ਲੱਭ ਲਈਆਂ ਗਈਆਂ ਹਨ ਪਰ ਅਜੇ ਵੀ 260 ਲੋਕ ਲਾਪਤਾ ਹਨ। ਯੂਰਪੀਅਨ ਯੂਨੀਅਨ ਵਿੱਚ ਨਵੀਂ ਜਿ਼ੰਦਗੀ ਦੀ ਭਾਲ ਲਈ ਆਪਣਾ ਮੁਲਕ ਛੱਡ ਕੇ ਆਏ ਇਨ੍ਹਾਂ ਮਾਈਗ੍ਰੈਂਟਸ ਦੀ ਹੋਣੀ ਵਿੱਚ ਕੁੱਝ ਹੋਰ ਹੀ ਲਿਖਿਆ ਸੀ।
ਇਸ ਤ੍ਰਾਸਦੀ ਦੇ ਮੱਦੇਨਜ਼ਰ ਇਟਲੀ ਦੇ ਗ੍ਰਹਿ ਮੰਤਰੀ ਐਂਜੇਲੀਨੋ ਅਲਫੈਨੋ ਵੱਲੋਂ ਆਪਣੀਆਂ ਸਾਰੀਆਂ ਐਪੁਆਂਟਮੈਂਟਸ ਰੱਦ ਕਰ ਦਿੱਤੀਆਂ ਗਈਆਂ ਤੇ ਉਹ ਬਚਾਅਕਾਰਜਾਂ ਦਾ ਜਾਇਜ਼ਾ ਲੈਣ ਲਈ ਤੁਰੰਤ ਲੈਂਪੇਦੁਸਾ ਰਵਾਨਾ ਹੋ ਗਏ। ਜੁਲਾਈ ਵਿੱਚ ਲੈਂਪੇਦੁਸਾ ਦਾ ਦੌਰਾ ਕਰਨ ਵਾਲੇ ਪੋਪ ਫਰਾਂਸਿਜ਼ ਨੇ ਵੀ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ। ਲੈਂਪੇਦੁਸਾ ਦੇ ਮੇਅਰ ਗਿਉਸੀ ਨਿਕੋਲਿਨੀ ਨੇ ਵੀ ਇਸ ਨੂੰ ਵੱਡੀ ਤ੍ਰਾਸਦੀ ਦੱਸਿਆ। ਉਨ੍ਹਾਂ ਦੱਸਿਆ ਕਿ ਡੁੱਬਣ ਵਾਲਿਆਂ ਵਿੱਚ ਤਿੰਨ ਨਿੱਕੇ ਬੱਚਿਆਂ ਵਿੱਚੋਂ ਇੱਕ ਤੇ ਇੱਕ ਗਰਭਵਤੀ ਔਰਤ ਵੀ ਸ਼ਾਮਲ ਸੀ। ਇਹ ਮਾਈਗ੍ਰੈਂਟਸ ਐਰੀਟਰੀਆ, ਘਾਨਾ ਤੇ ਸੋਮਾਲੀਆ ਤੋਂ ਸਨ।
ਪਾਲੇਰਮੋ ਲਈ ਸਰਕਾਰ ਦੇ ਸਿਹਤ ਕਮਿਸ਼ਨਰ ਐਨਟੋਨੀਓ ਕੰਡੇਲਾ ਨੇ ਆਖਿਆ ਕਿ 78 ਲਾਸ਼ਾਂ ਹੁਣ ਤੱਕ ਕੱਢ ਲਈਆਂ ਗਈਆਂ ਹਨ ਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ, ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਵੀ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 159 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਬੇੜੇ ਵਿੱਚ 500 ਲੋਕ ਸਵਾਰ ਸਨ ਜਿਸ ਤੋਂ ਭਾਵ ਹੈ ਕਿ 260 ਵਿਅਕਤੀ ਅਜੇ ਵੀ ਲਾਪਤਾ ਹਨ।
No comments:
Post a Comment