jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 1 October 2013

ਸਰਕਾਰੀਆ ਮਾਮਲੇ ਤੇ ਕਾਂਗਰਸ ਪਾਰਟੀ ਅੰਦਰ ਕਸ਼ਮਕਸ਼ ਜਾਰੀ

www.sabblok.blogspot.com









ਇਕ ਸੂਬਾ ਕਾਂਗਰਸ ਮੀਤ ਪ੍ਰਧਾਨ ਨੇ ਪੂਰਿਆ ਸਰਕਾਰੀਆ ਦਾ ਪੱਖ

ਗਗਨਦੀਪ ਸੋਹਲ
ਚੰਡੀਗੜ੍ਹ, 1 ਅਕਤੂਬਰ : ਰਾਜਾਸਾਂਸੀ ਤੋਂ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਬਾਜਵਾ ਖਿਲਾਫ ਸੋਨੀਆ ਗਾਂਧੀ ਨੂੰ ਦਾਗੇ ਪੱਤਰ ਉਪਰੰਤ ਪਾਰਟੀ ਦੀ ਪੰਜਾਬ ਇਕਾਈ ਚ ਕਸ਼ਮਕਸ਼ ਜਾਰੀ ਹੈ ਤੇ ਇਸ ਸਬੰਧੀ ਖੁਦ ਬਾਜਵਾ ਵੀ ਸਿੱਧੇ ਤੌਰ ਤੇ ਕੁਝ ਕਹਿਣ ਤੋਂ ਬਚ ਰਹੇ ਹਨ। ਇਸ ਮਾਮਲੇ ਤੇ ਜਿਥੇ ਕਾਂਗਰਸ ਦੇ ਕਈ ਆਗੂ ਸਰਕਾਰੀਆ ਦੇ ਨਾਲ ਖੜ੍ਹੇ ਜਾਪ ਰਹੇ ਹਨ, ਉਥੇ ਇਕ ਕਾਂਗਰਸੀ ਮੀਤ ਪ੍ਰਧਾਨ ਨੇ ਵੀ ਸਰਕਾਰੀਆ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਬਾਜਵਾ ਨੂੰ ਚਾਹੀਦਾ ਸੀ ਕਿ ਉਹ ਨਰਾਜ਼ ਸਰਕਾਰੀਆ ਦਾ ਪੱਖ ਸੁਣਦੇ ਤੇ ਕਾਹਲੀ ਚ ਕਾਂਗਰਸੀ ਵਿਧਾਇਕਾਂ ਤੋਂ ਉਨ੍ਹਾਂ ਖਿਲਾਫ ਬਿਆਨ ਨਾ ਦਗਵਾਉਂਦੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਕਾਂਗਰਸੀ ਵਿਧਾਨਕਾਰਾਂ ਦੇ ਨਾਂ ਤੇ ਸਰਕਾਰੀਆ ਖਿਲਾਫ ਅਨੁਸ਼ਾਸਨੀ ਕਾਰਵਾਈ ਦਾ ਬਿਆਨ ਜਾਰੀ ਕੀਤਾ ਗਿਆ ਸੀ, ਉਨ੍ਹਾਂ ਚੋਂ ਕਈਆਂ ਨੇ ਇਸ ਬਿਆਨ ਤੋਂ ਪੱਲਾ ਝਾੜ ਲਿਆ ਸੀ। 
ਪਾਰਟੀ ਪ੍ਰਧਾਨ ਪ੍ਰਤਾਪ ਬਾਜਵਾ ਨੇ ਕਾਂਗਰਸ ਭਵਨ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਕਾਰੀਆ ਮਾਮਲੇ ਤੇ ਕਿਹਾ ਹੈ ਕਿ ਇਸ ਮਾਮਲੇ ਨੂੰ ਹਾਈਕਮਾਂਡ ਦੇਖੇਗੀ। ਇਹ ਪੁੱਛੇ ਜਾਣ ਤੇ ਕਿ ਕੀ ਤੁਸੀਂ ਸਰਕਾਰੀਆ ਦੀ ਹਾਈਕਮਾਂਡ ਕੋਲ ਸ਼ਿਕਾਇਤ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ''ਮੈਂ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਇਹ ਤਾਂ ਸਰਕਾਰੀਆ ਨੇ ਪੱਤਰ ਸੋਨੀਆ ਗਾਂਧੀ ਨੂੰ ਲਿਖਿਆ ਹੈ ਤੇ ਉਹ ਪੱਤਰ ਤੁਹਾਡੇ ਤਕ ਲੀਕ ਕਿਸ ਤਰਾਂ ਹੋ ਗਿਆ ਜਾਂ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਵੀ ਗਿਆ ਹੈ ਜਾਂ ਨਹੀਂ, ਮੈਂ ਇਹ ਨਹੀਂ ਜਾਣਦਾ। ਮੈਂ ਤਾਂ ਪ੍ਰਧਾਨ ਬਣਨ ਤੋਂ ਬਾਦ ਦੋ ਵਾਰ ਸਰਕਾਰੀਆ ਦੇ ਘਰ ਜਾ ਕੇ ਆਇਆਂ ਹਾਂ।'' ਜਦੋਂ ਬਾਜਵਾ ਨੂੰ ਇਹ ਸੁਆਲ ਕੀਤਾ ਗਿਆ ਕਿ ਕੀ ਸੂਬਾ ਕਾਂਗਰਸ ਸਰਕਾਰੀਆ ਖਿਲਾਫ ਕੋਈ ਕਾਰਵਾਈ ਕਰੇਗੀ ਤਾਂ ਉਨ੍ਹਾਂ ਇਸ ਦੇ ਜੁਆਬ ਚ ਵੀ ਇਹੀ ਕਿਹਾ ਕਿ ਇਹ ਹਾਈਕਮਾਂਡ ਦੇਖੇਗੀ। ਬਾਜਵਾ ਨੇ ਕਿਹਾ ਕਿ ਉਹ ਹੁਣ ਸਰਕਾਰੀਆ ਦੇ ਕੋਲ ਨਹੀਂ ਜਾਣਗੇ ਪਰ ਉਨ੍ਹਾਂ ਨੂੰ ਮਿਲਣ ਲਈ ਬੁਲਾ ਸਕਦੇ ਹਨ। 
ਦੂਜੇ ਪਾਸੇ ਸਰਕਾਰੀਆ ਮੁੱਦੇ ਤੇ ਪੰਜਾਬ ਕਾਂਗਰਸ ਦੇ ਇਕ ਮੀਤ ਪ੍ਰਧਾਨ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ ਤੇ ਬਾਬੂਸ਼ਾਹੀ ਦੇ ਇਸ ਪ੍ਰਤਿਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਕਾਹਲੀ ਵਿਚ ਸਰਕਾਰੀਆ ਖਿਲਾਫ ਬਾਜਵਾ ਵਲੋਂ ਬਿਆਨ ਜਾਰੀ ਕਰਵਾਇਆ ਗਿਆ ਹੈ ਇਹ ਸਹੀ ਨਹੀਂ ਹੈ। ਜੇਕਰ ਪਾਰਟੀ ਦੇ ਕਿਸੇ ਆਗੂ ਨੂੰ ਲੀਡਰਸ਼ਿਪ ਨਾਲ ਕੋਈ ਨਰਾਜ਼ਗੀ ਜਾਂ ਰੋਸਾ ਹੈ ਤਾਂ ਪ੍ਰਤਾਪ ਬਾਜਵਾ ਨੂੰ ਚਾਹੀਦਾ ਹੈ ਕਿ ਉਸ ਦੀ ਗੱਲ ਸੁਣਨ ਤੇ ਉਸ ਦੇ ਗਿਲੇ ਸ਼ਿਕਵੇ ਦੂਰ ਕਰਨ। ਇਸ ਮੀਤ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰੀਆ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਪਰ ਜਿਸ ਤਰ੍ਹਾਂ ਦਾ ਉਨ੍ਹਾਂ ਨਾਲ ਵਿਵਹਾਰ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਉਨ੍ਹਾਂ ਸਾਫ ਤੌਰ ਤੇ ਕਿਹਾ ਕਿ ਇਸ ਮਾਮਲੇ ਚ ਬਾਜਵਾ ਨੂੰ ਚਾਹੀਦਾ ਸੀ ਕਿ ਉਹ ਬਿਆਨ ਜਾਰੀ ਕਰਵਾਉਣ ਤੋਂ ਪਹਿਲਾਂ ਇਸ ਆਗੂ ਨਾਲ ਖੁਦ ਜਾ ਕੇ ਗੱਲ ਕਰਦੇ। ਇਸ ਆਗੂ ਦਾ ਮੰਨਣਾ ਹੈ ਕਿ ਪਾਰਟੀ ਦੇ ਮਸਲਿਆਂ ਨੂੰ ਲੋਕਾਂ ਚ ਉਛਾਲਣਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੈ। ਇਸ ਨਾਲ ਪਾਰਟੀ ਦਾ ਹੀ ਨੁਕਸਾਨ ਹੁੰਦਾ ਹੈ। 
ਸਰਕਾਰੀਆ ਖਿਲਾਫ ਬੀਤੇ ਦਿਨੀਂ ਕਾਂਗਰਸੀ ਵਿਧਾਇਕਾਂ ਦੇ ਨਾਂ ਤੇ ਦਾਗੇ ਬਿਆਨ ਤੋਂ ਬਾਦ ਕਈ ਵਿਧਾਇਕਾਂ ਨੇ ਮੀਡੀਆ ਨੂੰ ਫੋਨ ਤੇ ਸੰਪਰਕ ਕਰਕੇ ਕਿਹਾ ਸੀ ਕਿ ਇਸ ਬਿਆਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਬਾਜਵਾ ਨੇ ਕਿਹਾ ਕਿ ਉਹ ਅੱਜ ਹੀ ਸਵੇਰੇ ਵਾਪਸ ਆਏ ਹਨ ਤੇ ਉਨ੍ਹਾਂ ਨੇ ਇਨ੍ਹਾਂ ਆਗੂਆਂ ਨਾਲ ਇਸ ਸਬੰਧੀ ਗੱਲ ਕੀਤੀ ਹੈ ਤੇ ਸਭ ਨੇ ਇਸ ਬਿਆਨ ਨਾਲ ਸਹਿਮਤੀ ਜਤਾਈ ਹੈ। ਪਰ ਜਦੋਂ ਪੱਤਰਕਾਰਾਂ ਵਲੋਂ ਬਾਜਵਾ ਨੂੰ ਮੁੜ ਸੁਆਲ ਕੀਤਾ ਗਿਆ ਕਿ ਇਨ੍ਹਾਂ ਚੋਂ ਖੁਦ ਕਈ ਵਿਧਾਇਕਾਂ ਨੇ ਚੰਡੀਗੜ੍ਹ ਦੇ ਕਈ ਪੱਤਰਕਾਰਾਂ ਨੂੰ ਫੋਨ ਕਰਕੇ ਇਸ ਬਿਆਨ ਤੋਂ ਪੱਲਾ ਝਾੜਿਆ ਹੈ ਤਾਂ ਬਾਜਵਾ ਨੇ ਕਿਹਾ ਜਾਂ ਤੁਸੀਂ ਉਨ੍ਹਾਂ ਦੀ ਗੱਲ ਮੰਨ ਲਓ, ਜਾਂ ਮੇਰੀ।

No comments: