www.sabblok.blogspot.com
‘ਸਾਂਝਾ ਮੁਲਾਜ਼ਮ ਮੋਰਚਾ’ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਬਕਾਏ ਦੇਣ ਲਈ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀ ਰੋਸ ਮੁਜ਼ਾਹਰਿਆਂ ਤੋਂ ਬਾਅਦ ਹੁਣ ਸੂਬਾ ਪੱਧਰ ’ਤੇ 2 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੇ ਜਾਣ ਵਾਸਤੇ ਮੁਜ਼ਾਹਰੇ ਲਈ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੋਰਚੇ ਦੇ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਖ਼ਜ਼ਾਨਾ ਦਫ਼ਤਰਾਂ ’ਤੇ ਅਣ -ਐਲਾਨੀ ਆਰਥਿਕ ਐਮਰਜੈਂਸੀ ਲਾ ਕੇ ਪੰਜਾਬ ਸਰਕਾਰ ਨੇ ਲੱਖਾਂ ਮੁਲਾਜ਼ਮਾਂ ਨੂੰ ਤਨਖਾਹਾਂ ਤੋਂ ਵਾਂਝਿਆ ਕਰ ਦਿੱਤਾ ਹੈ, ਜਦੋਂਕਿ ਖੁਦ ‘ਸਰਕਾਰ’ ਖੁੱਲੇ ਖਰਚੇ ਕਰਕੇ ਆਪਣੀ ਕੁਰਸੀ ਦੀ ਸਲਾਮਤੀ ਲਈ ਦਿਨ-ਰਾਤ ‘ਭੱਜੀ’ ਫਿਰਦੀ ਹੈ। ਉਨ੍ਹਾਂ ਰੋਸ ਜਾਹਿਰ ਕੀਤਾ ਕਿ ਸਰਕਾਰ ਜਾਣਬੁਝ ਕੇ ਬਣਦੇ ਬਕਾਏ ਦੇਣ ਤੋਂ ਭੱਜ ਰਹੀ ਹੈ, ਤਨਖਾਹ ਸਕੇਲਾਂ ਦੇ ਬਕਾਏ ਦੇਣ ਤੋਂ ਟਾਲਮਟੋਲ ਕਰ ਰਹੀ ਹੈ, ਮੁਲਾਜ਼ਮਾਂ ਦੇ ਪੈਨਸ਼ਨ ਲਾਭਾਂ ’ਤੇ ਕੱਟ ਲਾਏ ਜਾ ਰਹੇ ਹਨ ਤੇ ਮੈਡੀਕਲ ਬਿੱਲ ਤੇ ਗਰੈਚੁਏਟੀ ਨੂੰ ਰੋਕਿਆ ਜਾ ਰਿਹਾ ਹੈ। ਹੋਰ ਤਾਂ ਹੋਰ ਮਹਿੰਗਾਈ ਭੱਤੇ ਦੀਆਂ ਜਨਵਰੀ ਤੇ ਜੁਲਾਈ ਦੀਆਂ ਦੋ ਕਿਸ਼ਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਜਦੋਂਕਿ ਵਧਦੀ ਮਹਿੰਗਾਈ ਨੇ ਮੁਲਾਜ਼ਮ ਵਰਗ ਦਾ ਕਚੂੰਮਰ ਕੱਢ ਦਿੱਤਾ ਹੈ। ਉਨਾਂ ਦੱਸਿਆ ਕਿ ਸਾਂਝੇ ਮੁਲਾਜ਼ਮ ਮੋਰਚੇ ਵੱਲੋਂ ਆਉਣ ਵਾਲੀ 2 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਧਰਨਾ ਦੇ ਕੇ ਠੇਕਾ ਭਰਤੀ ਬੰਦ ਕਰਾਉਣ ਤੋਂ ਇਲਾਵਾਂ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਵੀ ਸਰਕਾਰ ਨੂੰ ਘੇਰਿਆ ਜਾਵੇਗਾ ਤੇ ਜੇ ਫਿਰ ਵੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਇੱਕ ਪਾਸੇ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ ਦੂਜੇ ਪਾਸੇ ਸਰਕਾਰ ਵੱਲੋਂ ਲੋਕਾਂ ਤੋਂ ਕਰਾਂ ਦੇ ਰੂਪ ਵਿੱਚ ਇਕੱਠਾ ਕੀਤਾ ਪੈਸਾ ਜਹਾਜ਼ ਤੇ ਕਾਰਾਂ ਖਰੀਦਣ, ਮੰਤਰੀਆਂ, ਸੰਸਦੀ ਸਕੱਤਰਾਂ ਤੇ ਅਫਸਰਸ਼ਾਹੀ ਦੇ ਫਜੂਲ ਖਰਚਿਆਂ ’ਤੇ ਵਹਾਇਆ ਜਾ ਰਿਹਾ ਹੈ। ਸਰਕਾਰ ਨੂੰ ਲੋਕਾਂ ਨੂੰ ਸਹੂਲਤਾਂ ਦੇਣ ਤੇ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਰਹਿੰਦੇ ਬਕਾਇਆਂ ਦਾ ਭੁਗਤਾਨ ਕਰਨ ਦੀ ਕੋਈ ਚਿੰਤਾ ਨਹੀਂ ਹੈ। ਇਸ ਲਈ ਸਮੁੱਚੇ ਮੁਲਾਜ਼ਮ ਵਰਗ ਨੂੰ 2 ਅਕਤੂਬਰ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਸਰਕਾਰ ਦੇ ਇਸ ਧੱਕੇ ਵਿਰੁੱਧ ਆਪਣੀ ਆਵਾਜ਼ ਬਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਬਲਵਿੰਦਰ ਥਾਂਦੇਵਾਲਾ, ਬਲਵੀਰ ਸਿਵੀਆ, ਸੁਰਜੀਤ ਸਿੰਘ, ਬਲਬੀਰ ਸਿੰਘ, ਗੁਰਚਰਨ ਬੁੱਟਰ, ਮੁਰਾਰੀ ਲਾਲ, ਸੁਖਦੇਵਸਿੰਘ, ਮਿੱਠੂ ਲਾਲਬਾਈ, ਰਾਕੇਸ਼ ਕੁਮਾਰ, ਕੁਲਦੀਪ ਮਾਨ, ਚਰਨਜੀਤ ਸਿੰਘ, ਜਗਸੀਰ ਗਿੱਲ ਵੀ ਮੋਜੂਦ ਸਨ। |
No comments:
Post a Comment