| ਪੰਜਾਬੀ ਕਿਸਾਨ ਕਾਂਗਰਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ 30,000 ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਦਬਿਆ
ਸਨਅਤਕਾਰ ਆਪਣੀਆਂ ਯੂਨਿਟਾਂ ਦੇ ਪਸਾਰ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲੁਧਿਆਣਾ, 1 ਅਕਤੂਬਰ (ਬਿਉਰੋ) : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਦਾ ਲਾਰਾ ਲਾ ਕੇ ਦਿੱਲੀ ਲਿਜਾ ਕੇ ਜ਼ਲੀਲ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਬਾਜਵਾ ਕੋਈ ਪੈਕੇਜ ਦਾ ਐਲਾਨ ਕਰਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਏ, ਉਥੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨੇ ਕਿਸਾਨਾਂ ਦੇ ਵਫ਼ਦ ਨੂੰ ਮਿਲਣ ਤੋਂ ਇਨਕਾਰ ਕਰ ਕੇ ਨਾ ਕੇਵਲ ਕਾਂਗਰਸ ਦੀ ਕਿਸਾਨਾਂ ਪ੍ਰਤੀ ਅਣਦੇਖੀ ਦਾ ਪ੍ਰਗਟਾਵਾ ਕੀਤਾ ਹੈ, ਬਲਕਿ ਸ੍ਰੀ ਬਾਜਵਾ ਦੇ ਕਾਂਗਰਸ ਹਾਈ ਕਮਾਂਡ ਅੱਗੇ 'ਰੁਤਬੇ' ਨੂੰ ਵੀ ਜੱਗ ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਕਾਂਗਰਸੀ ਯੁਵਰਾਜ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪ੍ਰਤੀ ਵਤੀਰੇ ਦੀ ਨਿਖੇਧੀ ਕਰਦਿਆਂ ਇਸ ਨੂੰ ਇਕ ਬਜ਼ੁਰਗ ਦੀ ਪੱਗ ਲਾਹੁਣ ਦੇ ਤੁਲ ਕਰਾਰ ਦਿੱਤਾ ਹੈ।
ਅੱਜ ਇਥੇ ਲੁਧਿਆਣਾ ਦੇ ਇਕ ਦਿਨਾ ਤੂਫ਼ਾਨੀ ਦੌਰੇ ਦੌਰਾਨ ਯੂਥ ਅਕਾਲੀ ਦਲ ਦੀਆਂ ਭਾਈ ਬਾਲਾ ਚੌਕ, ਪੱਖੋਵਾਲ ਰੋਡ ਅਤੇ ਜੋਧੇਵਾਲ ਬਸਤੀ ਵਿਖੇ ਭਰਵੀਆਂ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਇਲਾਵਾ ਫ਼ੋਕਲ ਪੁਆਇੰਟ ਵਿਖੇ ਪ੍ਰਮੁੱਖ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸ੍ਰੀ ਮਜੀਠੀਆ, ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੁੱਢ ਤੋਂ ਹੀ ਝੂਠੇ ਲਾਰੇ ਲਾਉਣ ਅਤੇ ਇਕ ਅਯੋਗ ਵਕੀਲ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਲਈ ਦਿੱਲੀ ਲੈ ਕੇ ਜਾਣ ਦੇ ਹਾਲੀਆ ਨਾਟਕ ਨੇ ਉਨ੍ਹਾਂ ਦੇ ਅਸਲ ਰੰਗ ਨੂੰ ਸਾਹਮਣੇ ਲਿਆ ਦਿੱਤਾ ਹੈ ਕਿਉਂਕਿ ਜਿਥੇ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਨੂੰ ਮਿਲਣ ਤੋਂ ਸਾਫ਼ ਨਾਂਹ ਕਰ ਦਿੱਤੀ, ਉਥੇ ਸ੍ਰੀ ਬਾਜਵਾ ਦੀ ਪੰਜਾਬ ਦੇ ਕਰਜ਼ੇ ਦੀ ਮਾਰ ਹੇਠਲੇ ਕਿਸਾਨਾਂ ਪ੍ਰਤੀ ਸੰਜੀਦਗੀ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਦੀ ਪਾਰਟੀ ਹਾਈ ਕਮਾਂਡ ਅੱਗੇ ਕੋਈ ਹੈਸੀਅਤ ਨਾ ਹੋਣ ਦਾ ਇਹ ਤਾਜ਼ਾ ਸਬੂਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਬਾਜਵਾ ਮੁੱਢ ਤੋਂ ਹੀ ਵੰਡ-ਪਾਊ ਨੀਤੀ ਦੇ ਧਾਰਣੀ ਹਨ ਅਤੇ ਜਿਸ ਤਰ੍ਹਾਂ ਹੁਣ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਦੀ ਸਫ਼ਬੰਦੀ ਹੋਈ ਹੈ, ਉਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਉਹ ਇਕ ਪ੍ਰਵਾਨਤ ਆਗੂ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਬਾਜਵਾ ਹੀ ਨਹੀਂ, ਬਲਕਿ ਕਾਂਗਰਸ ਦੇ 7 ਹੋਰ ਸੰਸਦ ਮੈਂਬਰ ਵੀ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਜਾਂ ਵੱਡਾ ਪ੍ਰਾਜੈਕਟ ਮਨਜ਼ੂਰ ਕਰਾਉਣ ਵਿੱਚ ਨਾਕਾਮ ਰਹੇ ਹਨ ਅਤੇ ਉਹ ਰਾਜ ਅੰਦਰ ਹੀ ਅਖ਼ਬਾਰੀ ਬਿਆਨਬਾਜ਼ੀ ਕਰਨ ਤੱਕ ਸੀਮਤ ਰਹਿ ਗਏ ਹਨ।
ਸ. ਮਜੀਠੀਆ ਨੇ ਕਿਹਾ ਕਿ ਆਜ਼ਾਦੀ ਉਪਰੰਤ ਲੰਮਾ ਸਮਾਂ ਕਾਂਗਰਸ ਜਾਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਸ਼ਾਸਨ ਰਿਹਾ ਹੈ ਪਰ ਉਹ ਦੇਸ਼ ਦੇ ਕਿਸਾਨ ਭਾਈਚਾਰੇ ਲਈ ਕੁੱਝ ਵੀ ਸਾਰਥਕ ਕਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਤੀ ਪੱਖਪਾਤੀ ਰਵੱਈਏ ਕਾਰਨ ਦੇਸ਼ ਦੇ ਅਨਾਜ ਭੰਡਾਰਾਂ ਵਿੱਚ 50 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਮਿਹਨਤਕਸ਼ ਕਿਸਾਨ ਅੱਜ 30,000 ਕਰੋੜ ਰੁਪਏ ਦੇ ਕਰਜ਼ੇ ਹੇਠ ਦਬੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ.-1 ਨੇ ਆਪਣੇ ਆਖ਼ਰੀ ਸਾਲ ਦੌਰਾਨ 70,000 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਯੋਜਨਾ ਲਾਗੂ ਕੀਤੀ ਸੀ ਪਰ ਪੰਜਾਬ ਦੇ ਕਿਸਾਨਾਂ ਨੂੰ 1,000 ਕਰੋੜ ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਹੋਇਆ।
ਉਨ੍ਹਾਂ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪ੍ਰਤੀ ਵਤੀਰੇ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਜਿਥੇ ਸਿਆਸੀ ਮੁਹਾਜ 'ਤੇ ਬੁਰੀ ਤਰ੍ਹਾਂ ਅਸਫ਼ਲ ਹੋ ਰਹੇ ਇੱਕ ਨਾਕਾਬਲ ਆਗੂ ਦੀ ਹੈਂਕੜ ਦਾ ਪ੍ਰਤੀਕ ਹੈ, ਉਥੇ ਇਕ ਬਜ਼ੁਰਗ ਵਿਅਕਤੀ ਦੀ ਪੱਗ ਲਾਹੁਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਇਸ ਵਤੀਰੇ ਲਈ ਤੁਰੰਤ ਮੁਆਫ਼ੀ ਮੰਗਣ।
ਵੱਖ-ਵੱਖ ਰੈਲੀਆਂ ਵਿੱਚ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਐਨ.ਡੀ.ਏ. ਦੀ ਸਰਕਾਰ ਦੇ ਗਠਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਸੰਤੁਲਤ ਅਤੇ ਤੇਜ਼ੀ ਨਾਲ ਵਿਕਾਸ ਤੋਂ ਇਲਾਵਾ ਪੰਜਾਬੀ ਕਿਸਾਨਾਂ ਦੀ ਨਿੱਘਰ ਰਹੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਅਜਿਹਾ ਕਰਨਾ ਲਾਜ਼ਮੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਅੜਿੱਕਾ-ਪਾਊ ਪਹੁੰਚ ਅਪਨਾਉਂਦਿਆਂ ਪੰਜਾਬ ਦੇ ਪ੍ਰਾਜੈਕਟਾਂ ਅਤੇ ਬਣਦੇ ਫ਼ੰਡਾਂ ਦੀ ਅਦਾਇਗੀ ਵਿੱਚ ਭਾਨੀ ਮਾਰੀ ਹੈ, ਉਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦਾਚਿਤ ਮੁਆਫ਼ ਨਾ ਕਰ ਕੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਨਮੋਸ਼ੀਜਨਕ ਹਾਰ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇਕ ਤੁਰੰਤ ਫ਼ੈਸਲਾ ਲੈਣ, ਸਮਰੱਥ ਅਤੇ ਯੋਗ ਪ੍ਰਸ਼ਾਸਕ ਦੀ ਪ੍ਰਧਾਨ ਮੰਤਰੀ ਵਜੋਂ ਲੋੜ ਹੈ ਅਤੇ ਐਨ.ਡੀ.ਏ. ਹੀ ਅਜਿਹਾ ਕਰ ਕੇ ਦੇਸ਼ ਨੂੰ ਆਰਥਿਕ ਬਰਬਾਦੀ ਦੇ ਆਲਮ 'ਚੋਂ ਕੱਢ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਜਿਥੇ ਨੌਜਵਾਨਾਂ ਨੂੰ ਸਰਕਾਰ ਵਿੱਚ ਢੁਕਵੀਂ ਨੁਮਾਇੰਦਗੀ ਦਿੱਤੀ ਹੈ, ਉਥੇ ਉਹ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸੀ ਪ੍ਰਤੀਨਿਧਤਾ ਦਿੱਤੇ ਜਾਣ ਲਈ ਵੀ ਬੇਹਦ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਬਾਅਦ ਵਿੱਚ ਪ੍ਰਮੁੱਖ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਸ੍ਰੀ ਮਜੀਠੀਆ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਆਪਣੇ ਬਿਜਲੀ ਦੀ ਬਹੁਤਾਤ ਵਾਲੇ ਸੂਬੇ, ਦੋ ਕੌਮਾਂਤਰੀ ਹਵਾਈ ਅੱਡਿਆਂ ਅਤੇ ਸਾਰੇ ਸ਼ਹਿਰਾਂ ਤੇ ਕਸਬਿਆਂ ਨੂੰ 4/6 ਮਾਰਗੀ ਸੜਕਾਂ ਨਾਲ ਜੋੜਨ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਕੇ ਵਿਸ਼ਵ ਵੱਧਰੀ ਬੁਨਿਆਦੀ ਢਾਂਚੇ ਦੀ ਕਾਇਮੀ ਵੱਲ ਵੱਡੀ ਪੇਸ਼ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਢੁਕਵਾਂ ਸੂਬਾ ਕਰਾਰ ਦਿੱਤਾ ਗਿਆ ਹੈ, ਜੋ ਰਾਜ ਸਰਕਾਰ ਦੀ ਨਿਵੇਸ਼ ਨੂੰ ਉਤਸ਼ਾਹਤ ਕਰਨ ਪ੍ਰਤੀ ਵਚਨਬੱਧਤਾ ਨੂੰ ਪ੍ਰਗਟਾਉਂਦਾ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਾਲੀਆ ਬੰਗਲੌਰ ਦੌਰੇ ਮੌਕੇ ਵਿਸ਼ਵ ਪ੍ਰਸਿੱਧ ਸੂਚਨਾ ਤਕਨਾਲੌਜੀ ਕੰਪਨੀ ਇਨਫ਼ੌਸਿਸ ਅਤੇ ਬਾਇਓਕਾਮ ਵੱਲੋਂ ਪੰਜਾਬ 'ਚ ਆਪਣੇ ਕੇਂਦਰ ਸਥਾਪਤ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੌਜੂਦਾ ਸਨਅਤੀ ਯੂਨਿਟਾਂ ਦੇ ਪਸਾਰ ਦੇ ਨਾਲ-ਨਾਲ ਨਵੇਂ ਯੂਨਿਟ ਵੀ ਸਥਾਪਤ ਕਰਨ ਤਾਂ ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਸਕਣ।
ਇਨ੍ਹਾਂ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਮਨਪ੍ਰੀਤ ਸਿੰਘ ਇਆਲੀ, ਸ੍ਰੀ ਰਣਜੀਤ ਸਿੰਘ ਢਿੱਲੋਂ, ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਸ੍ਰੀ ਐਸ.ਆਰ. ਕਲੇਰ (ਸਾਰੇ ਵਿਧਾਇਕ), ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ, ਸ੍ਰੀ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਸ੍ਰੀ ਅਮਰੀਕ ਸਿੰਘ ਆਲੀਵਾਲ ਸਾਬਕਾ ਸੰਸਦ ਮੈਂਬਰ, ਸ੍ਰੀ ਹਰਚਰਨ ਸਿੰਘ ਗੋਹਲਵੜੀਆ ਮੇਅਰ, ਸ੍ਰੀ ਸੰਤਾ ਸਿੰਘ ਉਮੈਦਪੁਰੀ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ, ਸ੍ਰੀ ਤਨਵੀਰ ਸਿੰਘ ਧਾਲੀਵਾਲ, ਸ੍ਰੀ ਗੁਰਪ੍ਰੀਤ ਸਿੰਘ ਬੱਬਲ ਅਤੇ ਸ੍ਰੀ ਤਰਸੇਮ ਸਿੰਘ ਭਿੰਡਰ ਨੇ ਵੀ ਆਪਣੇ ਵਿਚਾਰ ਰੱਖੇ। |
|
No comments:
Post a Comment