www.sabblok.blogspot.com
ਵਾਸ਼ਿੰਗਟਨ : ਅਮਰੀਕਾ 'ਚ ਸਰਕਾਰੀ ਖ਼ਰਚ ਬਿੱਲ 'ਤੇ ਵਿਰੋਧੀ ਰਿਪਬਲਿਕਨ ਅਤੇ ਸੱਤਾਧਿਰ ਡੈਮੋਯੇਟ ਵਿਚਕਾਰ ਰਜ਼ਾਮੰਦੀ ਨਾ ਹੋਣ ਕਾਰਨ ਸਰਕਾਰ ਨੇ ਸੰਘੀ ਸਰਕਾਰੀ ਏਜੰਸੀਆਂ ਨੂੰ ਕੰਮ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਬਿੱਲ ਨਾਲ ਚਾਲੂ ਵਿੱਤੀ ਵਰ੍ਹੇ ਦੀ ਬਚੀ ਮਿਆਦ ਲਈ ਬਜਟ ਵਿਵਸਥਾ ਕੀਤੀ ਜਾਣੀ ਹੈ। ਇਸ ਸਿਆਸੀ ਅੜਿੱਕੇ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਿਹਤ ਰੱਖਿਆ ਕਾਨੂੰਨ ਹੈ, ਜਿਹੜਾ 'ਓਬਾਮਾਕੇਅਰ' ਦੇ ਨਾਂ ਨਾਲ ਮਸ਼ਹੂਰ ਹੈ। ਬੀਤੇ 18 ਵਰਿ੍ਹਆਂ 'ਚ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਅਰਥਚਾਰੇ 'ਚ ਅਜਿਹੇ ਹਾਲਾਤ ਪੈਦਾ ਹੋਏ ਹਨ। ਇਸ ਦੇ ਚਲਦੇ 1995-96 ਮਗਰੋਂ ਪਹਿਲੀ ਵਾਰ ਕਰੀਬ 10 ਲੱਖ ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ ਛੁੱਟੀ 'ਤੇ ਭੇਜਿਆ ਜਾ ਸਕਦਾ ਹੈ। ਕੌਮੀ ਪਾਰਕ ਬੰਦ ਕਰ ਦਿੱਤੇ ਜਾਣਗੇ ਅਤੇ ਮੈਡੀਕਲ ਖੋਜ ਪ੍ਰਾਜੈਕਟਾਂ ਨੂੰ ਰੋਕ ਦਿੱਤਾ ਜਾਵੇਗਾ ਪਰ ਅਮਰੀਕੀ ਫ਼ੌਜ ਨੂੰ ਬਜਟ ਵੰਡ ਕਰਨ ਸਣੇ ਕੌਮੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨਾਲ ਸਬੰਧਤ ਕੰਮਾਂ ਲਈ ਖ਼ਰਚ ਜਾਰੀ ਰਹੇਗਾ। ਓਬਾਮਾ ਨੇ ਆਖ਼ਰੀ ਸਮੇਂ 'ਚ ਅੜਿੱਕਾ ਖ਼ਤਮ ਕਰਨ ਦੀ ਅਪੀਲ ਕੀਤੀ ਸੀ ਪਰ ਉਸਦਾ ਕੋਈ ਅਸਰ ਨਹੀਂ ਪਿਆ। ਉਨ੍ਹਾਂ ਮੁਤਾਬਿਕ ਕਮਬੰਦੀ ਨਾਲ ਆਰਥਿਕ ਸੁਧਾਰ ਲਈ ਖ਼ਤਰਾ ਪੈਦਾ ਹੋ ਗਿਆ ਹੈ। ਮੰਗਲਵਾਰ ਨੂੰ ਥੋੜੇ ਸਮੇਂ ਲਈ ਕੰਮਬੰਦੀ ਸ਼ੁਰੂ ਹੋਣ ਮਗਰੋਂ ਓਬਾਮਾ ਨੇ ਹਥਿਆਰਬੰਦ ਸੇਵਾਵਾਂ ਨੂੰ ਜਾਰੀ ਵੀਡੀਓ ਸੁਨੇਹੇ 'ਚ ਕਿਹਾ 'ਅਮਰੀਕੀ ਸੰਸਦ (ਕਾਂਗਰਸ) ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ। ਉਹ ਬਜਟ ਪਾਸ ਕਰਨ 'ਚ ਨਾਕਾਮ ਰਹੀ। ਨਤੀਜੇ ਵਜੋਂ ਅਸੀਂ ਗ਼ੈਰ-ਜ਼ਰੂਰੀ ਸਰਕਾਰੀ ਏਜੰਸੀਆਂ ਨੂੰ ਬੰਦ ਕਰ ਰਹੇ ਹਾਂ ਜਦੋਂ ਤਕ ਕਾਂਗਰਸ ਉਸ ਲਈ ਬਜਟ ਮਨਜ਼ੂਰ ਨਹੀਂ ਕਰ ਲੈਂਦੀ। ਪਰ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਖ਼ਤਰਾ ਟਲਿਆ ਨਹੀਂ ਹੈ। ਤੁਹਾਨੂੰ ਕਿਸੇ ਵੀ ਘਟਨਾ ਲਈ ਤਿਆਰ ਰਹਿਣ ਦੀ ਲੋੜ ਹੈ। ਅਫ਼ਗਾਨਿਸਤਾਨ 'ਚ ਚੱਲ ਰਹੀ ਸਾਡੀ ਫ਼ੌਜੀ ਮੁਹਿੰਮ ਜਾਰੀ ਰਹੇਗੀ।' ਉਨ੍ਹਾਂ ਉਸ ਬਿਲ 'ਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਨਾਲ ਫ਼ੌਜ ਮੁਲਾਜ਼ਮਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਤਨਖ਼ਾਹ ਮਿਲ ਸਕੇਗੀ।' ਉਧਰ ਸੈਨੇਟ 'ਚ ਰਿਪਬਲਿਕਨ ਪਾਰਟੀ ਦੇ ਨੇਤਾ ਰੀਡ ਹੈਰੀ ਨੇ ਕਿਹਾ ਕਿ ਕਮਬੰਦੀ ਨੂੰ ਢਾਲ ਬਣਾ ਕੇ ਡੈਮੋਕ੍ਰੇਟ ਨਾਲ ਖ਼ਰਚ 'ਤੇ ਗੱਲਬਾਤ ਨਹੀਂ ਕੀਤੀ ਜਾ ਸਕਦੀ।
ਪਹਿਲੀ ਵਾਰ ਪੈਦਾ ਨਹੀਂ ਹੋਇਆ ਅੜਿੱਕਾ : ਜੇਕਰ ਕਾਂਗਰਸ ਨਵੇਂ ਫੀਡਿੰਗ ਬਿੱਲ 'ਤੇ ਜਲਦ ਸਹਿਮਤ ਹੋ ਜਾਂਦੀ ਹੈ ਤਾਂ ਕਮਬੰਦੀ ਹਫ਼ਤਿਆਂ ਦੀ ਬਜਾਏ ਕੁਝ ਦਿਨਾਂ 'ਚ ਖ਼ਤਮ ਹੋ ਸਕਦੀ ਹੈ ਪਰ ਦੋਵਾਂ ਪੱਖਾਂ ਦੇ ਇਕਜੁੱਟ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ 2011 'ਚ ਵਾਸ਼ਿੰਗਟਨ ਨੂੰ ਕਰਜ਼ ਹੱਦ ਨੂੰ ਲੈ ਕੇ ਇਸੇ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਰਿਪਬਲਿਕਨ ਅਤੇ ਡੈਮੋਕ੍ਰੇਟ ਵਿਚਕਾਰ ਨਿਰਧਾਰਤ ਹੱਦ ਦੇ ਅੰਦਰ ਸਮਝੌਤਾ ਹੋ ਗਿਆ ਸੀ।
ਅੜਿੱਕੇ ਦਾ ਕਾਰਨ : ਅਸਲ ਵਿਚ ਓਬਾਮਾਕੇਅਰ ਨਾਲ ਅਰਥਚਾਰੇ 'ਤੇ ਭਾਰੀ ਬੋਝ ਪਵੇਗਾ। ਰਿਪਬਲਿਕਨ ਪਾਰਟੀ ਦੀ ਮੰਗ ਹੈ ਕਿ ਜੇਕਰ ਸਰਕਾਰ ਸਰਕਾਰੀ ਖ਼ਰਚ ਬਿੱਲ ਪਾਸ ਕਰਵਾਉਣਾ ਚਾਹੁੰਦੀ ਹੈ ਉਹ ਇਸ ਕਾਨੂੰਨ ਨੂੰ ਵਾਪਸ ਲਵੇ। ਓਬਾਮਾ ਨੇ ਮੰਗ 'ਤੇ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ।
ਅਗਲਾ ਅੜਿੱਕਾ : ਕਮਬੰਦੀ ਖ਼ਤਰੇ ਵਿਚਕਾਰ ਆਉਣ ਵਾਲੇ ਹਫ਼ਤਿਆਂ 'ਚ ਕਰਜ਼ ਹੱਦ ਵਧਾਉਣ ਦੇ ਮੁੱਦੇ ਦੀ ਸਮੇਂ ਸੀਮਾ ਵੀ ਸਿਰ 'ਤੇ ਹੈ। ਆਗਾਮੀ 17 ਅਕਤੂਬਰ ਤਕ ਅਮਰੀਕੀ ਸਰਕਾਰ ਕਰਜ਼ ਲੈ ਕੇ ਆਪਣੇ ਖ਼ਰਚੇ ਕੱਢਣ ਦੀ ਹੱਦ ਤਕ ਪਹੁੰਚ ਜਾਵੇਗੀ, ਜਿਸ ਨੂੰ ਕਰਜ਼ ਹੱਦ ਕਹਿੰਦੇ ਹਨ। ਰਿਪਬਲਿਕਨ ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਜੇਕਰ ਕਰਜ਼ ਹੱਦ ਨੂੰ 16 ਹਜ਼ਾਰ ਅਰਬ ਡਾਲਰ ਵਧਾਉਣਾ ਹੈ ਤਾਂ ਸਿਹਤ ਸੁਧਾਰ ਸਬੰਧੀ ਕਾਨੂੰਨ ਵਾਪਸ ਲਵੇ।
-ਕਰੀਬ 10 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਬਿਨਾ ਤਨਖ਼ਾਹ ਛੁੱਟੀ 'ਤੇ ਭੇਜ ਦਿੱਤਾ ਜਾਵੇਗਾ। ਮਸਲਾ ਹੱਲ ਹੋਣ ਤਕ ਉਨ੍ਹਾਂ ਨੂੰ ਤਨਖ਼ਾਹ ਦੇਣ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ।
-ਕੌਮੀ ਪਾਰਕ ਅਤੇ ਵਾਸ਼ਿੰਗਟਨ ਸਮਿਥਸੋਨੀਅਮ ਮਿਊਜ਼ੀਅਮ ਬੰਦ ਹੋ ਜਾਵੇਗਾ।
-ਬਜ਼ੁਰਗਾਂ ਨੂੰ ਮਿਲਣ ਵਾਲੇ ਲਾਭ ਚੈੱਕ 'ਚ ਦੇਰੀ ਹੋਵੇਗੀ।
-ਪਾਸਪੋਰਟ ਅਤੇ ਵੀਜ਼ਾ ਅਰਜ਼ੀਆਂ ਲਟਕੀਆਂ ਰਹਿ ਜਾਣਗੀਆਂ।
No comments:
Post a Comment