ਥਾਣਾ ਚੱਬੇਵਾਲ ਦੀ ਪੁਲਸ ਅਤੇ ਡੀ. ਐੱਸ. ਪੀ. ਕੁਲਵੰਤ ਸਿੰਘ ਰੰਧਾਵਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਬਲਾਕ ਮਾਹਿਲਪੁਰ ਦੇ ਪਿੰਡ ਬਾਹੋਵਾਲ ਵਿਖੇ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਿਆ ਜਦੋਂ ਹੱਥ ਵਿਚ ਦਾਤਰ ਫ਼ੜੀ ਇਕ ਨੌਜਵਾਨ ਇਹ ਕਹਿੰਦਾ ਹੋਇਆ ਕਿ ‘ਮੈਂ ਮੰਜੂ ਦਾ ਕੰਮ ਕਰ ਦਿੱਤਾ ਹੈ’ ਤੇ ਲਲਕਾਰੇ ਮਾਰਦਾ ਹੋਇਆ ਪਿੰਡ ਭੂੰਨੋ ਵੱਲ ਨੂੰ ਪੈਂਦੇ ਖੇਤਾਂ ਵੱਲ ਫ਼ਰਾਰ ਹੋ ਗਿਆ। ਨਾਲ ਲਗਦੇ ਖੇਤਾਂ ਵਿਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਡਿਪਨ ਨੇ ਦੱਸਿਆ ਕਿ ਪਿੰਡ ਦਾ ਹੀ ਨੌਜਵਾਨ ਜਿਸ ਦੇ ਹੱਥ ਵਿਚ ਖੂਨ ਨਾਲ ਲੱਥਪੱਥ ਦਾਤਰ ਫੜਿਆ ਹੋਇਆ ਸੀ, ਲਲਕਾਰੇ ਮਾਰਦਾ ਹੋਇਆ ਖੇਤਾਂ ਵਿਚੋਂ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਪਿੰਡ ਦੀ ਨੌਜਵਾਨ ਲੜਕੀ ਮੰਜੂ ਰਾਣੀ (22) ਪੁੱਤਰੀ ਸੁੱਚਾ ਰਾਮ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਆਪਣੇ ਮੋਬਾਈਲ ਫੋਨ ‘ਤੇ ਕਿਸੇ ਨਾਲ ਹਵੇਲੀ ਵਿਚ ਖੜ੍ਹੀ ਗੱਲਾਂ ਕਰ ਰਹੀ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਪਿੰਡ ਦਾ ਹੀ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਆਇਆ ਅਤੇ ਥੋੜ੍ਹੀ ਦੇਰ ਬਾਅਦ ਹੀ ਉਹ ਲਲਕਾਰੇ ਮਾਰਦਾ ਹੋਇਆ ਫ਼ਰਾਰ ਹੋ ਗਿਆ।
ਮੌਕੇ ‘ਤੇ ਮੌਜੂਦ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਦੇ ਪਿਛਲੇ ਲੰਬੇ ਸਮੇਂ ਤੋਂ ਆਪਸ ਵਿਚ ਪ੍ਰੇਮ-ਸੰਬੰਧ ਚੱਲ ਰਹੇ ਸਨ ਅਤੇ ਇਸ ਸਬੰਧੀ ਕਈ ਵਾਰ ਪਿੰਡ ਵਿਚ ਪੰਚਾਇਤਾਂ ਵੀ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਪਿਛਲੇ ਕੁਝ ਸਮੇਂ ਤੋਂ ਇਸ ਤੋਂ ਪਿੱਛਾ ਛੁਡਵਾ ਰਹੀ ਸੀ। ਉਨ੍ਹਾਂ ਦੱਸਿਆ ਕਿ 6 ਮਹੀਨੇ ਪਹਿਲਾਂ ਲੜਕੀ ਦੇ ਚਚੇਰੇ ਭਰਾਵਾਂ ਨੇ ਇਸ ਦੀ ਕੁੱਟਮਾਰ ਵੀ ਕੀਤੀ ਸੀ ਅਤੇ ਉਸ ਨੂੰ ਆਪਣੀ ਭੈਣ ਦਾ ਪਿੱਛਾ ਨਾ ਕਰਨ ਲਈ ਵੀ ਕਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਮ੍ਰਿਤਕਾ ਸਾਬਕਾ ਸਰਪੰਚ ਦੇ ਹਵੇਲੀ ‘ਚ ਖੜ੍ਹੀ ਮੋਬਾਈਲ ‘ਤੇ ਗੱਲ ਕਰ ਰਹੀ ਸੀ ਅਤੇ ਉਕਤ ਨੌਜਵਾਨ ਵੀ ਉਥੇ ਆ ਗਿਆ।
ਉਨ੍ਹਾਂ ਦੱਸਿਆ ਕਿ ਉਸ ਦੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਹਵੇਲੀ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਮੰਜੂ ਦੀ ਗਰਦਨ ਬੁਰੀ ਤਰ੍ਹਾਂ ਨਾਲ ਵੱਢੀ ਹੋਈ ਸੀ ਅਤੇ ਖੂਨ ਨਾਲ ਲੱਥਪੱਥ ਲਾਸ਼ ਉਥੇ ਪਈ ਸੀ। ਥਾਣਾ ਚੱਬੇਵਾਲ ਦੀ ਪੁਲਸ ਦੇ ਡੀ. ਐੱਸ. ਪੀ. ਕੁਲਵੰਤ ਸਿੰਘ ਰੰਧਾਵਾ, ਥਾਣਾ ਮੁਖੀ ਸੀਤਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
No comments:
Post a Comment