www.sabblok.blogspot.com
ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਪਿੱਛੋਂ ਸੂਬੇ 'ਚ ਵੱਡੀ ਪੱਧਰ 'ਤੇ ਨਿਵੇਸ਼ ਆਕਰਸ਼ਿਤ ਕਰਨ ਲਈ 'ਗਲੋਬਲ ਪ੍ਰੋਗੈਸਿਵ ਪੰਜਾਬ ਇਨਵੈਸਟਮੈਂਟ ਸਮਿਟ' (ਗਤੀਸ਼ੀਲ ਪੰਜਾਬ-ਵਿਸ਼ਵ ਨਿਵੇਸ਼ ਸੰਮੇਲਨ) ਇਸੇ ਸਾਲ 9 ਤੇ 10 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਹੁਣ ਜਦ ਪੰਜਾਬ ਵਿਚ ਬਿਹਤਰੀਨ ਬੁਨਿਆਦੀ ਢਾਂਚਾ ਤਿਆਰ ਹੋ ਚੁੱਕਾ ਹੈ ਤਾਂ ਸਾਡਾ ਅਗਲਾ ਮਕਸਦ ਰਾਜ ਅੰਦਰ ਵੱਧ ਤੋਂ ਵੱਧ ਨਿਵੇਸ਼ ਖਿੱਚਣਾ ਹੈ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਸੰਮੇਲਨ ਦੌਰਾਨ ਜਿੱਥੇ ਦੇਸ਼-ਵਿਦੇਸ਼ ਦੀਆਂ ਬਹੁਕੌਮੀ ਨਾਮੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਹੋਰ ਪ੍ਰਤੀਨਿਧੀ ਭਾਗ ਲੈਣਗੇ ਉੱਥੇ ਅਨੇਕਾਂ ਦੇਸ਼ਾਂ ਦੇ ਰਾਜਦੂਤ ਵੀ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣੇ ਐਲਾਨੀ ਗਈ ਸਨਅਤੀ ਨੀਤੀ ਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਬੀਤੇ ਦਿਨੀਂ ਉਨ੍ਹਾਂ ਵਲੋਂ ਬੰਗਲੌਰ ਵਿਖੇ ਇਨਫੋਸੈਸ ਤੇ ਬਾਇਓਕਾਨ ਦੇ ਮੁਖੀਆਂ ਨਾਲ ਹੋਈ ਮੀਟਿੰਗ ਪਿੱਛੋਂ ਨਿਵੇਸ਼ ਸਬੰਧੀ ਸੰਭਾਵਨਾਵਾਂ ਤਲਾਸ਼ਣ ਲਈ ਦੋਵੇਂ ਕੰਪਨੀਆਂ ਆਪਣੀਆਂ ਟੀਮਾਂ ਜਲਦ ਹੀ ਪੰਜਾਬ ਭੇਜ ਰਹੀਆਂ ਹਨ। ਇਸ ਤੋਂ ਇਲਾਵਾ ਟਾਟਾ ਗਰੁੱਪ ਦੇ ਚੇਅਰਮੈਨ ਸਾਇਰਸ ਮਿਸਤਰੀ ਵੀ ਸ਼ਨਿਚਰਵਾਰ ਨੂੰ ਅੰਮਿ੍ਰਤਸਰ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਦੀਆਂ 9 ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਪੰਜਾਬ 'ਚ ਨਿਵੇਸ਼ ਕਰਨ 'ਚ ਦਿਲਚਸਪੀ ਵਿਖਾਈ ਸੀ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਲੈਕਟ੍ਰਾਨਿਕਸ ਖੇਤਰ 'ਚ ਨਿਵੇਸ਼ ਵੱਲ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ ਕਿਉਂਕਿ ਅਗਲੇ 10 ਸਾਲਾਂ 'ਚ ਦੇਸ਼ ਤੇਲ ਦੇ ਮੁਕਾਬਲੇ ਇਲੈਕਟ੍ਰਾਨਿਕਸ ਵਸਤਾਂ ਦੀ ਵੱਧ ਦਰਾਮਦ ਕਰ ਰਿਹਾ ਹੋਵੇਗਾ। ਇਸੇ ਲਈ ਕੋਰੀਆ ਤੇ ਤਾਇਵਾਨ, ਜੋ ਕਿ ਇਲੈਕਟ੍ਰਾਨਿਕਸ ਖੇਤਰ 'ਚ ਮੋਹਰੀ ਹਨ, ਨੂੰ ਨਿਵੇਸ਼ ਲਈ ਪੇਸ਼ਕਸ਼ ਕਰਨ ਵਾਸਤੇ ਵਫ਼ਦ ਭੇਜਿਆ ਜਾ ਰਿਹਾ ਹੈ। ਬਿਠੰਡਾ ਤੇਲ ਰਿਫਾਇਨਰੀ ਦੇ ਵਾਧੇ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਰਿਫਾਇਨਰੀ ਦੇ ਮੁਖੀ ਲਕਸ਼ਮੀ ਮਿੱਤਲ ਨੇ ਬੀਤੇ ਦਿਨੀਂ ਰਿਫਾਇਨਰੀ ਦਾ ਦੌਰਾ ਕਰਨ ਪਿੱਛੋਂ ਉਨÎ੍ਹਾਂ ਨਾਲ ਮੁਲਾਕਾਤ ਕੀਤੀ ਸੀ ਤੇ ਇਸਦੇ ਕਾਰਜਖੇਤਰ ਵਿਚ 50 ਫੀਸਦੀ ਤੱਕ ਦਾ ਵਾਧਾ ਕੀਤਾ ਜਾ ਰਿਹਾ ਹੈ। ਨਵੀਂ ਸਨਅਤੀ ਨੀਤੀ ਨੂੰ ਨੋਟੀਫਾਈ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਆਖਰੀ ਪੜਾਅ 'ਤੇ ਹੈ ਤੇ ਅਗਲੇ ਹਫਤੇ ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਦਯੋਗਿਕ ਨੀਤੀ ਵਿਚ ਛੋਟੇ ਨਿਵੇਸ਼ਕਾਂ ਨੂੰ ਨਜ਼ਰਅੰਦਾਜ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਪੰਜਾਬ ਨੇ ਅਜਿਹੀ ਨੀਤੀ ਬਣਾਈ ਹੈ, ਜੋ ਕਿ ਛੋਟੇ ਉਦਯੋਗਾਂ ਲਈ ਇਕ ਕਰੋੜ ਰੁਪਏ ਤੋਂ ਲੈ ਕੇ ਵੱਧ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵੀ ਰਿਆਇਤਾਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਤੇ ਅੰਮਿ੍ਰਤਸਰ ਵਿਖੇ ਟਰੇਡ ਫੇਅਰ ਸੈਂਟਰ (ਵਪਾਰ ਕੇਂਦਰ) ਸਥਾਪਿਤ ਕਰਨ ਦੀ ਵੀ ਯੋਜਨਾ ਹੈ। ਇਸ ਸਬੰਧੀ ਰਾਜ ਸਰਕਾਰ ਕੋਲ 1600 ਏਕੜ ਜ਼ਮੀਨ ਵੀ ਮੌਜੂਦ ਹੈ। ਮੁਹਾਲੀ ਹਵਾਈ ਅੱਡੇ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਇਹ ਦਸੰਬਰ 2014 ਤਕ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਬਾਦਲ ਨੇ ਕਿਹਾ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਅਤੇ ਦਸੰਬਰ ਮਹੀਨੇ ਹੋਣ ਵਾਲੇ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
No comments:
Post a Comment