www.sabblok.blogspot.com
ਚੰਡੀਗੜ੍ਹ : ਪੰਜਾਬ 'ਚ ਸੇਮ ਦੀ ਸਮੱਸਿਆ ਦੇ ਹੱਲ ਲਈ ਸੱਤਾਧਿਰ ਤੇ ਵਿਰੋਧੀ ਧਿਰ ਇਕਜੁੱਟ ਹੋ ਗਏ ਹਨ। ਸਿਆਸੀ ਮਜ਼ਬੂਰੀਆਂ ਛੱਡ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸੇਮ ਦੀ ਸਮੱਸਿਆ ਦੇ ਹੱਲ ਦਾ ਕੇਸ ਕੇਂਦਰ ਸਰਕਾਰ ਕੋਲ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਦਿੱਲੀ 'ਚ ਦੋਵੇਂ ਆਗੂਆਂ ਨੇ ਮਿਲ ਕੇ ਦੱਖਣ ਪੱਛਮੀ ਸੇਮ ਵਾਲੇ ਇਲਾਕਿਆਂ ਨੂੰ ਹੜ੍ਹਾਂ ਦੀ ਰੋਕਥਾਮ ਤੇ ਇਨ੍ਹਾਂ ਦੇ ਖਾਤਮੇ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਹੇਠਾਂ ਜਾਣ ਸਬੰਧੀ ਸਮੱਸਿਆਵਾਂ ਦੇ ਪ੍ਰਭਾਵੀ ਹੱਲ ਲਈ ਯੋਜਨਾ ਕਮਿਸ਼ਨ (ਪੀਸੀਆਈ) ਕੋਲ 3327.57 ਕਰੋੜ ਰੁਪਏ ਦੀ ਯੋਜਨਾ ਪੇਸ਼ ਕੀਤੀ ਹੈ। ਉਪ ਚੇਅਰਮੈਨ ਡਾ. ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਉਚ ਪੱਧਰੀ ਪੀਸੀਆਈ ਦੀ ਟੀਮ ਤੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ:) ਬੀਐਸ ਧਾਲੀਵਾਲ ਦੀ ਅਗਵਾਈ 'ਚ ਪੰਜਾਬ ਦੀ ਕਮੇਟੀ ਨਾਲ ਮੀਟਿੰਗ ਦੌਰਾਨ ਯੋਜਨਾ ਭਵਨ 'ਚ ਬਾਦਲ ਨੇ ਕਿਹਾ ਕਿ ਕੇਂਦਰ ਦੀ ਸਹਾਇਤਾ ਤੋਂ ਬਗ਼ੈਰ ਸੇਮ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਵਾਰ ਹੜ੍ਹਾਂ ਕਾਰਨ ਵੱਡੀ ਤਬਾਹੀ ਆਈ ਹੈ ਤੇ ਇਸ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ ਤੇ ਨੈਸ਼ਨਲ ਸਪੈਸ਼ਲ ਏਰੀਆ ਪ੍ਰੋਗਰਾਮ ਰਾਹੀਂ ਕੇਂਦਰੀ ਫੰਡ ਦੇ ਕੇ ਇਸ ਨਾਲ ਨਜਿੱਿਠਆ ਜਾਵੇ। ਮੁੁੱਖ ਮੰਤਰੀ ਨੇ ਪੀਸੀਆਈ 'ਤੇ ਜ਼ੋਰ ਪਾਇਆ ਕਿ ਉਹ ਤੁਰੰਤ ਪ੍ਰਸਤਾਵਿਤ ਯੋਜਨਾ ਨੂੰ ਮਨਜ਼ੂਰੀ ਦੇ ਕੇ ਲੋੜੀਂਦੇ ਫੰਡਾਂ ਨੂੰ ਪ੍ਰਵਾਨਗੀ ਦੇਵੇ ਤਾਂ ਜੋ ਰਾਜ ਸਰਕਾਰ ਮਾਲਵਾ ਪੱਟੀ 'ਚ ਸੇਮ ਦੀ ਸਮੱਸਿਆ ਨਾਲ ਸਥਾਈ ਤੌਰ 'ਤੇ ਨਿਪਟ ਸਕੇ। ਇਸ ਮੌਕੇ ਬਾਦਲ ਨੇ ਇਸੇ ਸਾਲ 14 ਤੋਂ 19 ਅਗਸਤ ਦਰਮਿਆਨ ਮੁਕਤਸਰ ਸਾਹਿਬ, ਫਾਜ਼ਲਿਕਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ 'ਚ ਪਏ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਅਨੁਮਾਨ ਮੁਤਾਬਕ 3.14 ਲੱਖ ਏਕੜ ਰਕਬੇ 'ਚ ਖੜ੍ਹੀ ਫ਼ਸਲ ਤੇ 10622 ਘਰਾਂ ਨੂੰ ਵੱਡਾ ਨੁਕਸਾਨ ਪਹੁੰਚਾ ਹੈ। ਇਸ ਤੋਂ ਇਲਾਵਾ 15 ਵਿਅਕਤੀ ਤੇ 391 ਪਸ਼ੂ ਵੀ ਮਾਰੇ ਗਏ ਹਨ। ਇਸ ਦੌਰਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਖਾਸ ਕਰ ਮਾਲਵਾ ਪੱਟੀ ਦੇ ਲੋਕ ਸੇਮ ਨਾਲ ਸਭ ਤੋਂ ਵੱਧ ਪ੍ਰਭਾਵਤ ਹਨ। ਇਸ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਬਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸੇਮ ਦੀ ਗੰਭੀਰ ਸਮੱਸਿਆ ਹੈ ਜਿਹੜੀ ਹੁਣ ਹੌਲੀ ਹੌਲੀ ਰਾਜਸਥਾਨ ਦੇ ਸੂਰਤਗੜ੍ਹ ਅਤੇ ਹਨੂਮਾਨਗੜ੍ਹ ਜ਼ਿਲਿ੍ਹਆਂ ਤੱਕ ਫੈਲ ਰਹੀ ਹੈ। ਇਸ ਕਰਕੇ ਭਾਰਤ ਸਰਕਾਰ ਨੂੰ ਇਸ ਮਸਲੇ ਨਾਲ ਪਹਿਲ ਦੇ ਆਧਾਰ 'ਤੇ ਨਿਪਟਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਰਾਸ਼ਟਰੀ ਪ੍ਰਾਜੈਕਟ ਪ੍ਰਵਾਨਣ ਲਈ ਪੇਸ਼ ਕੀਤੇ ਪ੍ਰਸਤਾਵ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਸਪੱਸ਼ਟ ਕਿਹਾ ਕਿ ਸੇਮ ਦੀ ਸਮੱਸਿਆ ਸਿਆਸਤ ਤੋਂ ਉਪਰ ਹੈ ਅਤੇ ਪੰਜਾਬੀਆਂ ਨੂੰ ਇਸ ਤੋਂ ਬਚਾਇਆ ਜਾਣਾ ਚਾਹੀਦਾ ਹੈ। ਸ਼੍ਰੀ ਜਾਖੜ ਨੇ ਸਾਰਿਆਂ ਨੂੰ ਸੇਮ ਦੀ ਸਮੱਸਿਆ ਨਾਲ ਨਿਪਟਣ ਅਤੇ ਮਨੁੱਖਤਾ ਦੀ ਭਲਾਈ ਲਈ ਸਿਆਸੀ ਵਲਗਣਾਂ ਤੋਂ ਉਪਰ ਉਠਣ ਦੀ ਅਪੀਲ ਕੀਤੀ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਉਨ੍ਹਾਂ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ:) ਬੀ.ਐਸ. ਧਾਲੀਵਾਲ, ਪ੍ਰਮੁੱਖ ਸਕੱਤਰ ਸਿੰਚਾਈ ਸ਼੍ਰੀ ਸਰਵੇਸ਼ ਕੌਸ਼ਲ ਅਤੇ ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ਼੍ਰੀ ਕੇ. ਸ਼ਿਵਾ ਪ੍ਰਸ਼ਾਦ ਅਤੇ ਚੀਫ਼ ਇੰਜੀਨੀਅਰ ਨਹਿਰਾਂ ਸ਼੍ਰੀ ਏ.ਐਸ. ਦੌਲਤ ਵੀ ਹਾਜ਼ਰ ਸਨ।
No comments:
Post a Comment