www.sabblok.blogspot.com
ਕਾਂਗਰਸ ਦੀ ਰੈਲੀ ਬੁਰੀ ਤਰ੍ਹਾਂ ਫਲਾਪ
ਲੁਧਿਆਣਾ, (ਮੁੱਲਾਂਪੁਰੀ)-ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਣ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਸਗੋਂ ਕੇਂਦਰ ਦੀ ਕਾਂਗਰਸ ਸਰਕਾਰ ਹੈ ਜੋ ਦੇਸ਼ ਦੀਆਂ ਸਰਹੱਦਾਂ ‘ਤੇ ਨਸ਼ੇ ਦੀ ਹੋ ਰਹੀ ਤਸਕਰੀ ਨੂੰ ਰੋਕਣ ‘ਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਹ ਦੋਸ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਆਬਜ਼ਰਵਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਦੀ ਪੰਜਾਬ ਬਾਰੇ ਨਸ਼ਿਆਂ ਲਈ ਦਿੱਤੇ ਬਿਆਨ ਦੀ ਟਿੱਪਣੀ ‘ਤੇ ਲਗਾਇਆ। ਮਜੀਠੀਆ ਨੇ ਕਿਹਾ ਕਿ ਨਸ਼ਿਆਂ ਦੇ ਸੌਦਾਗਰ ਕੋਈ ਹੋਰ ਨਹੀਂ, ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਜੋ ਦੋਸ਼ ਲਗਾ ਕੇ ਚਿੱਠੀ ਦਿੱਲੀ ਭੇਜੀ ਹੈ, ਉਸ ਤੋਂ ਪਤਾ ਲੱਗਾ ਹੈ ਕਿ ਨਸ਼ਿਆਂ ਦੇ ਸੌਦਾਗਰਾਂ ਤੇ ਦੇਸ਼-ਵਿਰੋਧੀ ਤਾਕਤਾਂ ਨਾਲ ਬਾਜਵੇ ਦੀ ਗੰਢਤੁੱਪ ਦੱਸੀ ਗਈ ਹੈ। ਮਜੀਠੀਆ ਨੇ ਕਿਹਾ ਕਿ ਇਹੋ ਜਿਹੀਆਂ ਚਿੱਠੀਆਂ ਤੇ ਕਾਂਗਰਸੀ ਨੇਤਾ ਦੇ ਦਾਮਨ ਦੇਖੇ ਜਾਣ ਕਿ ਨਸ਼ਿਆਂ ਦੇ ਸੌਦਾਗਰ ਅਸਲੀ ਰੂਪ ਵਿਚ ਕੌਣ ਹਨ? ਮਜੀਠੀਆ ਨੇ ਕੱਲ ਸੰਗਰੂਰ ‘ਚ ਰਾਹੁਲ ਗਾਂਧੀ ਦੀ ਟਿੱਪਣੀ ‘ਤੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਬੋਲਣ ਲੱਗੇ ਤਾਂ ਪੰਡਾਲ ਵਿਚੋਂ ਲੋਕਾਂ ਦਾ ਉਠ ਕੇ ਜਾਣਾ ਇਹ ਸੰਕੇਤ ਸੀ ਕਿ ਪੰਜਾਬ ਦੇ ਅਣਖੀ ਲੋਕ ਅਜਿਹੇ ਲੋਕਾਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਦੇ ਜੋ ਸ਼ਿਸ਼ਟਾਚਾਰ ਨੂੰ ਬੁਰੀ ਤਰ੍ਹਾਂ ਤਿਲਾਂਜਲੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਰਾਹੁਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਅਨਾਦਰ ਕਰਦਿਆਂ ਆਰਡੀਨੈਂਸ ਦੀ ਚਿੱਠੀ ਨੂੰ ‘ਨਾਨਸੈਂਸ’ ਵਰਗੇ ਸ਼ਬਦ ਵਰਤ ਕੇ ਆਪਣਾ ਬਚਕਾਨਾ ਅਤੇ ਅਣਜਾਣਪੁਣਾ ਲੋਕਾਂ ਸਾਹਮਣੇ ਪੇਸ਼ ਕੀਤਾ। ਹੁਣ 25 ਏਕੜ ਜ਼ਮੀਨ ਦੇਣ ਵਾਲੇ ਪੰਜਾਬ ਦੇ ਦਰਵੇਸ਼ ਸਿਆਸਤਦਾਨ ਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ-ਪੱਤਰ ਨਾ ਭੇਜ ਕੇ ਇਕ ਤਰ੍ਹਾਂ ਨਾਲ ਹੋਛਾਪਣ ਤੇ ਆਪਹੁਦਰੀ ਰਾਜਨੀਤੀ ਦਿਖਾਈ ਹੈ। ਉਨ੍ਹਾਂ ਕਾਂਗਰਸ ਵਲੋਂ ਕੱਢੀ ਗਈ ਅਧਿਕਾਰ ਯਾਤਰਾ ਬਾਰੇ ਕਿਹਾ ਕਿ ਇਹ ਅਧਿਕਾਰ ਯਾਤਰਾ ਨਹੀਂ ਸਗੋਂ ਕਾਂਗਰਸ ਦੀ ਅੰਤਿਮ ਯਾਤਰਾ ਹੈ। ਇਸ ਮੌਕੇ ਮਜੀਠੀਆ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ, ਭੂਪਿੰਦਰ ਸਿੰਘ ਭਿੰਦਾ ਕੌਂਸਲਰ, ਮੀਤਪਾਲ ਦੁਗਰੀ, ਸੁਰਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਬੱਬਲ, ਗੁਰਦੀਪ ਸਿੰਘ ਗੋਸ਼ਾ, ਰਵਿੰਦਰ ਪਾਲ ਸਿੰਘ ਮਿੰਕੂ ਆਦਿ ਆਗੂ ਸ਼ਾਮਲ ਸਨ।
No comments:
Post a Comment