www.sabblok.blogspot.com
ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ 'ਚ ਦੁਬਾਰਾ ਮਨੋਰੰਜਨ ਟੈਕਸ ਲਗਾਉਣ ਜਾ ਰਹੀ ਹੈ। ਇਹ ਟੈਕਸ 15 ਫ਼ੀਸਦੀ ਹੋਵੇਗਾ। ਫਿਲਹਾਲ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਇਸ ਨੂੰ ਅੰਤਮ ਰੂਪ ਦੇ ਰਿਹਾ ਹੈ। ਇਸ ਵਿਚ ਸਭਿਆਚਾਰਕ ਮਾਮਲਾ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਰਕਾਰ ਨੂੰ ਇਸ ਤੋਂ ਕਰੀਬ 12-15 ਕਰੋੜ ਰੁਪਏ ਸਾਲਾਨਾ ਆਮਦਨੀ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਕ, ਇਸ ਖਰੜੇ ਨੂੰ ਛੇਤੀ ਹੀ ਅੰਤਮ ਰੂਪ ਦੇ ਕੇ ਸਿਨੇਮਾ ਘਰਾਂ ਅਤੇ ਮਾਲਜ਼ 'ਚ ਸਕਰੀਨਾਂ 'ਤੇ ਦਿਖਾਈਆਂ ਜਾਂਦੀਆਂ ਫਿਲਮਾਂ ਤੋਂ ਇਸ ਦੀ ਵਸੂਲੀ ਸ਼ੁਰੂ ਕਰ ਦਿੱਤੀ ਜਾਏਗੀ। ਸੂਬਾਈ ਸਰਕਾਰ ਨੇ ਕਰੀਬ ਦੋ ਸਾਲ ਪਹਿਲਾਂ ਸੂਬੇ 'ਚ ਮਨੋਰੰਜਨ ਟੈਕਸ ਹਟਾ ਦਿੱਤਾ ਸੀ। ਪਤਾ ਲੱਗਾ ਹੈ ਕਿ ਇਸ ਟੈਕਸ 'ਚ ਪੰਜਾਬੀ ਫਿਲਮਾਂ ਨੂੰ ਕੁਝ ਛੋਟ ਮਿਲੇਗੀ। ਪੰਜਾਬੀ ਫਿਲਮ ਨਿਰਮਾਤਾ ਨੂੰ ਇਸ ਟੈਕਸ 'ਚੋਂ ਪੰਜ ਫ਼ੀਸਦੀ ਅਤੇ ਸਿਨੇਮਾ ਮਾਲਕ ਨੂੰ ਵੀ ਪੰਜ ਫ਼ੀਸਦੀ ਹਿੱਸਾ ਮਿਲੇਗਾ ਜਦਕਿ ਬਾਕੀ ਪੰਜ ਫ਼ੀਸਦੀ ਸਰਕਾਰ ਦੇ ਖਾਤੇ 'ਚ ਜਾਏਗਾ। ਬਾਲੀਵੁੱਡ ਫਿਲਮਾਂ ਲਈ ਸਰਕਾਰ ਵਿਚਕਾਰਲਾ ਰਸਤਾ ਅਪਣਾ ਰਹੀ ਹੈ। ਸੂਤਰਾਂ ਮੁਤਾਬਕ, ਸਰਕਾਰ ਉਨ੍ਹਾਂ ਫਿਲਮਾਂ ਨੂੰ ਮਨੋਰੰਜਨ ਟੈਕਸ 'ਚ ਛੋਟ ਦੇਵੇਗੀ ਜਿਨ੍ਹਾਂ ਦੀ ਸ਼ੂਟਿੰਗ ਪੰਜਾਬ 'ਚ ਕੀਤੀ ਜਾਏਗੀ। ਇਸ ਦੇ ਲਈ ਸਿਰਫ ਸ਼ੂਟਿੰਗ ਹੀ ਆਧਾਰ ਨਹੀਂ ਹੋਵੇਗਾ ਸਗੋਂ ਉਨ੍ਹਾਂ ਸੀਨਾਂ ਨੂੰ ਵੀ ਫਿਲਮਾਂ 'ਚ ਰੱਖਣਾ ਜ਼ਰੂਰੀ ਹੋਵੇਗਾ। ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਫਿਲਹਾਲ ਇਸਦੇ ਨਿਯਮ ਤੈਅ ਕਰ ਰਿਹਾ ਹੈ ਕਿ ਇਨ੍ਹਾਂ ਬਾਲੀਵੁੱਡ ਫਿਲਮਾਂ ਨੂੰ ਕਿਸ ਤਰ੍ਹਾਂ ਦੀ ਛੋਟ ਦਿੱਤੀ ਜਾਏ। ਸਰਕਾਰ ਨੂੰ ਜਿਹੜੇ ਪ੍ਰਸਤਾਵ ਮਿਲੇ ਹਨ, ਉਨ੍ਹਾਂ ਮੁਤਾਬਕ ਫਿਲਮ ਦੇ ਪੰਜਾਬ 'ਚ ਫਿਲਮਾਏ ਸੀਨ ਦੇ ਹਿਸਾਬ ਨਾਲ ਨਿਰਮਾਤਾ ਨੂੰ ਛੋਟ ਦਿੱਤੀ ਜਾਏ। ਇਸ ਤਹਿਤ ਵੱਧ ਤੋਂ ਵੱਧ ਪੰਜ ਫੀਸਦੀ ਤਕ ਦੀ ਹੀ ਛੋਟ ਮਿਲੇਗੀ ਅਤੇ ਬਾਲੀਵੁੱਡ ਫਿਲਮਾਂ ਤੋਂ ਘੱਟੋ-ਘੱਟ 10 ਫੀਸਦੀ ਟੈਕਸ ਤਾਂ ਵਸੂਲ ਕੀਤਾ ਹੀ ਜਾਏਗਾ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਾਲੀਵੁੱਡ ਫਿਲਮਾਂ ਨੂੰ ਟੈਕਸ ਛੋਟ ਦੇਣ ਦਾ ਮਕਸਦ ਪੰਜਾਬ 'ਚ ਵੱਧ ਤੋਂ ਵੱਧ ਸ਼ੂਟਿੰਗ ਕਰਾਉਣਾ ਹੈ ਤਾਂ ਜੋ ਇਥੋਂ ਦੇ ਸਭਿਆਚਾਰ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਨ੍ਹਾਂ ਦੀ ਸ਼ੂਟਿੰਗ ਤੋਂ ਹੋਟਲ ਅਤੇ ਟੈਕਸੀ ਆਦਿ ਕਾਰੋਬਾਰ ਵਧਣ ਦੇ ਨਾਲ-ਨਾਲ ਸਥਾਨਕ ਕਲਾਕਾਰਾਂ ਨੂੰ ਵੀ ਉਤਸ਼ਾਹ ਮਿਲੇਗਾ।
No comments:
Post a Comment