'10ਵੀਂ-12ਵੀਂ ਦੀ ਡੇਟਸ਼ੀਟ ਵੀ ਪੈ ਸਕਦੀ ਏ ਬਦਲਣੀ'
ਬਠਿੰਡਾ, (ਬਲਵਿੰਦਰ)- ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਗਲਤ ਢੰਗ ਨਾਲ ਤਰੱਕੀਆਂ ਲੈਣ ਵਾਲੇ ਅਧਿਆਪਕਾਂ ਦੀ ਗਿਣਤੀ 600 ਤੋਂ ਜ਼ਿਆਦਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਘੇਰੇ ਵਿਚ ਨਾਨ-ਟੀਚਿੰਗ ਸਟਾਫ ਤੇ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਕੀਤੇ ਜਾਣਗੇ। ਭਾਵੇਂ ਇਸ ਮਾਮਲੇ ਵਿਚ ਹਮਦਰਦੀ ਵਰਤੀ ਜਾਵੇਗੀ ਪਰ ਜੇਕਰ ਹੱਦ ਤੋਂ ਵੱਧ ਊਣਤਾਈਆਂ ਪਾਈਆਂ ਗਈਆਂ ਤਾਂ ਅਧਿਆਪਕਾਂ ਨੂੰ ਮੁਅੱਤਲ ਜਾਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪਹਿਲਾਂ 200 ਲੈਕਚਾਰਾਰਾਂ ਦੀ ਇੰਟਰਵਿਊ ਲਈ ਗਈ ਸੀ, ਜਿਨ੍ਹਾਂ 'ਚੋਂ 65 ਨੂੰ ਤੁਰੰਤ ਬਰਖਾਸਤ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਭਾਵੇਂ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਦਾ ਐਲਾਨ 1 ਤੋਂ 22 ਅਪ੍ਰੈਲ ਤੱਕ ਹੋ ਚੁੱਕਾ ਹੈ ਪਰ ਹੋ ਸਕਦਾ ਹੈ ਕਿ ਇਹ ਪ੍ਰੀਖਿਆਵਾਂ ਅਪ੍ਰੈਲ ਦੀ ਬਜਾਏ ਮਾਰਚ ਜਾਂ ਮਈ ਵਿਚ ਕਰਵਾਈਆਂ ਜਾਣ ਕਿਉਂਕਿ ਚੋਣ ਕਮਿਸ਼ਨ ਨਾਲ ਗੱਲਬਾਤ ਚੱਲ ਰਹੀ ਹੈ, ਜਿਨ੍ਹਾਂ ਵਲੋਂ ਹਦਾਇਤ ਹੈ ਕਿ ਲੋਕ ਸਭਾ ਚੋਣਾਂ ਦੇ ਦਿਨਾਂ ਵਿਚ ਕੋਈ ਵੀ ਸਾਲਾਨਾ ਪ੍ਰੀਖਿਆ ਨਾ ਰੱਖੀ ਜਾਵੇ। ਇਸ ਬਾਰੇ ਫੈਸਲਾ ਕੁੱਝ ਹੀ ਦਿਨਾਂ ਵਿਚ ਆ ਜਾਵੇਗਾ, ਜਿਸ ਤੋਂ ਬਾਅਦ ਡੇਟਸ਼ੀਟ ਵਿਚ ਬਦਲਾਅ ਹੋਣਾ ਵੀ ਸੰਭਵ ਹੈ। ਜਾਅਲੀ ਡਿਗਰੀਆਂ 'ਤੇ ਅਧਿਆਪਕ ਲੱਗਣ ਆਦਿ ਦੇ ਮਾਮਲਿਆਂ ਬਾਰੇ ਪੁੱਛਣ 'ਤੇ ਸ. ਮਲੂਕਾ ਨੇ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਵਿਭਾਗ ਵਲੋਂ ਸਾਰੇ ਅਧਿਆਪਕਾਂ ਨੂੰ ਇਕ ਫਾਰਮ ਦਿੱਤਾ ਗਿਆ ਹੈ, ਜਿਸ ਵਿਚ ਹਰੇਕ ਅਧਿਆਪਕ ਵਲੋਂ ਆਪਣਾ ਅਕਾਦਮਿਕ ਸਿੱਖਿਆ ਦਾ ਵੇਰਵਾ ਦੇਣਾ ਹੋਵੇਗਾ। ਸ਼ੱਕੀ ਅਧਿਆਪਕਾਂ ਦੇ ਸਰਟੀਫਿਕੇਟ ਜਾਂ ਯੂਨੀਵਰਸਿਟੀਆਂ ਦੀ ਚੈਕਿੰਗ ਵੀ ਕੀਤੀ ਜਾਵੇਗੀ। ਕੇਂਦਰ ਸਰਕਾਰ ਬਿਨਾਂ ਵਜ੍ਹਾ ਰਾਜਾਂ ਦੇ ਸਿੱਖਿਆ ਢਾਂਚੇ ਵਿਚ ਦਖਲ ਦੇ ਰਹੀ ਹੈ ਕਿਉਂਕਿ ਹਰੇਕ ਰਾਜ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਵੀ ਵੱਖੋ-ਵੱਖਰਾ ਹੈ। ਜਿਵੇਂ ਕਿ ਪੰਜਾਬ ਨੂੰ ਮਿਡ-ਡੇ ਮੀਲ ਸਕੀਮ ਦੀ ਜ਼ਰੂਰਤ ਨਹੀਂ ਹੈ, ਜਦੋਂਕਿ ਬਿਹਾਰ, ਉੱਤਰ ਪ੍ਰਦੇਸ਼, ਉੜੀਸਾ ਆਦਿ ਰਾਜਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੈ। ਕੇਂਦਰ ਸਰਕਾਰ ਕਹਿੰਦੀ ਹੈ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਾ ਕਰੋ। ਇਸ ਤਰ੍ਹਾਂ ਦੀਆਂ ਸਕੀਮਾਂ ਖਾਹਮਖਾ ਥੋਪੀਆਂ ਜਾ ਰਹੀਆਂ ਹਨ। ਜੇਕਰ 8ਵੀਂ ਤੱਕ ਕਿਸੇ ਬੱਚੇ ਨੂੰ ਫੇਲ ਹੋਣ ਦਾ ਡਰ ਨਹੀਂ ਹੋਵੇਗਾ ਤਾਂ ਉਹ ਪੜ੍ਹੇਗਾ ਕਿਵੇਂ ਇਸ ਲਈ ਸਾਰੇ ਰਾਜਾਂ ਨੂੰ ਫੰਡ ਮੁਹੱਈਆ ਕਰਵਾਏ ਜਾਣ। ਰਾਜ ਸਰਕਾਰਾਂ ਆਪਣੇ ਮੁਤਾਬਕ ਫੰਡਾਂ ਦੀ ਵਰਤੋਂ ਕਰਨ। ਰਾਜਾਂ ਨੂੰ ਅਧਿਕਾਰ ਮਿਲਣ ਕਿ ਉਹ ਆਪਣੇ ਮੁਤਾਬਕ ਹੀ ਸਿੱਖਿਆ ਢਾਂਚੇ ਨੂੰ ਖੜ੍ਹਾ ਕਰਨ ਪਰ ਕੇਂਦਰ ਦੇ ਦਖਲ ਸਦਕਾ ਪੰਜਾਬ ਦਾ ਸਿੱਖਿਆ ਢਾਂਚਾ ਗੜਬੜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਿੱਖਿਆ ਦੀ ਮਿਆਰੀ ਦੌੜ ਵਿਚ ਭਾਰਤ 'ਚੋਂ 6ਵੇਂ ਅਤੇ ਉੱਤਰ ਭਾਰਤ 'ਚੋਂ ਪਹਿਲੇ ਸਥਾਨ 'ਤੇ ਆ ਗਿਆ ਹੈ। ਅਜੇ ਹੋਰ ਵੀ ਕਈ ਸੁਧਾਰ ਕਰਨ ਦੀ ਲੋੜ ਹੈ, ਜਿਨ੍ਹਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਬਲਕਾਰ ਸਿੰਘ ਪ੍ਰਧਾਨ ਜ਼ਿਲਾ ਯੂਥ ਅਕਾਲੀ ਦਲ, ਭਾਈ ਅਮਰੀਕ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੈੱਸ ਸਕੱਤਰ ਰਤਨ ਸ਼ਰਮਾ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਵੀ ਮੌਜੂਦ ਸਨ।