www.sabblok.blogspot.com
ਮਲਵਿੰਦਰ ਜੀਤ ਸਿੰਘ ਵੜੈਚ
29 ਮਈ 1927 ਨੂੰ ਸ਼ਾਮੀਂ ਭਗਤ ਸਿੰਘ ਨੂੰ ਲਾਹੌਰ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ
ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਗ੍ਰਿਫਤਾਰੀ ਬਾਰੇ ਆਪਣੀ ਲਿਖਤ ‘ਮੈਂ ਨਾਸਤਕ ਕਿਉਂ
ਹਾਂ?’ ਵਿੱਚ ਭਗਤ ਸਿੰਘ ਲਿਖਦਾ ਹੈ: ‘‘ਮਈ, 1927 ਵਿੱਚ ਮੈਨੂੰ ਲਾਹੌਰ ਤੋਂ ਗ੍ਰਿਫਤਾਰ
ਕੀਤਾ ਗਿਆ ਸੀ। ਮੇਰੇ ਲਈ ਇਹ ਗ੍ਰਿਫਤਾਰੀ ਇੱਕ ਹੈਰਾਨੀ ਵਾਲੀ ਘਟਨਾ ਸੀ। ਮੈਨੂੰ ਨਹੀਂ ਸੀ
ਪਤਾ ਕਿ ਪੁਲੀਸ ਮੈਨੂੰ ਫੜਨਾ ਚਾਹੁੰਦੀ ਸੀ। ਅਚਾਨਕ ਹੀ ਇੱਕ
ਬਾਗ ਵਿੱਚੋਂ ਲੰਘਦਿਆਂ ਮੈਨੂੰ ਸਿਪਾਹੀਆਂ ਨੇ ਘੇਰ ਲਿਆ। ਮੈਂ ਸ਼ਾਂਤ ਸਾਂ ਅਤੇ ਆਪਣੇ
ਧੀਰਜ ਤੇ ਮੈਨੂੰ ਆਪ ਨੂੰ ਹੈਰਾਨੀ ਹੋਈ, ਨਾ ਮੈਨੂੰ ਕੋਈ ਚਿੰਤਾ ਸੀ ਨਾ ਹੀ ਘਬਰਾਹਟ।
ਪੁਲੀਸ ਨੇ ਮੈਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਅਗਲੇ ਦਿਨ ਮੈਨੂੰ ਰੇਲਵੇ ਪੁਲੀਸ ਦੀ
ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ, ਜਿਥੇ ਮੈਂ ਪੂਰਾ ਇੱਕ ਮਹੀਨਾ ਗੁਜ਼ਾਰਿਆ। ਪੁਲੀਸ
ਅਫਸਰਾਂ ਵੱਲੋਂ ਕਈ ਵਾਰ ਪੁਛਤਾਛ ਕਰਨ ਤੋਂ ਮੈਂ ਅਨੁਮਾਨ ਲਾਇਆ ਕਿ ਉਨ੍ਹਾਂ ਕੋਲ ਕਾਕੋਰੀ
ਕਾਂਡ ਨਾਲ ਮੇਰੇ ਸਬੰਧਾਂ ਬਾਰੇ ਅਤੇ ਇਨਕਲਾਬੀ ਕਾਰਵਾਈਆਂ ਵਿੱਚ ਮੇਰੀ ਸ਼ਮੂਲੀਅਤ ਬਾਰੇ
ਕੁਝ ਸੂਚਨਾ ਸੀ।
ਸੱਚਮੁਚ ਹੀ ਭਗਤ ਸਿੰਘ ਐਚ.ਆਰ.ਏ. ਦੀਆਂ ਹੋਰ ਕਾਰਵਾਈਆਂ ਤੋਂ
ਇਲਾਵਾ, ਪਾਰਟੀ ਵੱਲੋਂ ਇਲਾਹਾਬਾਦ ਜ਼ਿਲ੍ਹੇ ਦੇ ਪਿੰਡ ਚਿਲੌਲੀ ’ਚ 1923-24 ਦੌਰਾਨ ਡਾਕੇ
ਦੇ ਅਸਫ਼ਲ ਜਤਨ ਵਿੱਚ ਸ਼ਾਮਲ ਸੀ- (ਹਵਾਲਾ: ਸਰਕਾਰੀ ਗਵਾਹ ਨੰ. 456 ਛੱਤਰਪਾਲ ਸਿੰਘ ਦਾ
ਬਿਆਨ) ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਾਕੋਰੀ ਮੁਕੱਦਮੇ ਦੇ ਮੁਜਰਿਮਾਂ ਦੀ ਅਦਾਲਤੀ
ਸੁਣਵਾਈ ਦੌਰਾਨ ਮੈਂ ਲਖਨਊ ਵਿੱਚ ਸਾਂ।
ਜੋਗੇਸ਼ ਚੈਟਰਜੀ ਅਨੁਸਾਰ ਉਸ ਨੇ ਵਾਕਈ ਇੱਕ
ਦਿਨ ਭਗਤ ਸਿੰਘ ਨੂੰ ਸੈਸ਼ਨ ਅਦਾਲਤ ਅੰਦਰ ਪੂਰੀ ਠਾਠ ਨਾਲ, ਤਿੱਲੇਦਾਰ ਪਗੜੀ, ਜੋਧਪੁਰੀ
ਬਿਰਜੱਸ ਪਹਿਨਿਆਂ ਸਾਰਾ ਦਿਨ ਅਦਾਲਤ ਦੀ ਕਾਰਵਾਈ ਸੁਣਦਿਆਂ ਵੇਖਿਆ ਸੀ ਅਤੇ ਉਨ੍ਹਾਂ
ਕੈਦੀਆਂ ਦੀ ਰਿਹਾਈ ਲਈ ਮੈਂ ਇੱਕ ਵਿਉਂਤ ਬਣਾਈ ਸੀ।
ਬੇਸ਼ਕ ਪਾਰਟੀ ਦਾ ਕਾਨਪੁਰ
ਕੇਂਦਰ ਬਿਸਮਿਲ ਨੂੰ ਜੇਲ੍ਹ ’ਚੋਂ ਛੁਡਾਉਣ ਲਈ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ ਤੇ ਇਸ
ਮਕਸਦ ਲਈ ਭਗਤ ਸਿੰਘ ਅਤੇ ਸੁਖਦੇਵ ਨੂੰ ਉਚੇਚਾ ਕਾਨਪੁਰ ਬੁਲਾਇਆ ਵੀ ਗਿਆ ਸੀ ਅਤੇ ਉਨ੍ਹਾਂ
ਇਨਕਲਾਬੀਆਂ ਦੀ ਸਹਿਮਤੀ ਨਾਲ ਅਸੀਂ ਕੁਝ ਬੰਬ ਪ੍ਰਾਪਤ ਕੀਤੇ ਸਨ। ਇਨ੍ਹਾਂ ਬੰਬਾਂ
ਵਿੱਚੋਂ ਇੱਕ ਬੰਬ ਨੂੰ ਪਰਖਣ ਲਈ ਅਸੀਂ 1926 ’ਚ ਦੁਸਹਿਰੇ ਦੇ ਮੌਕੇ ਭੀੜ ’ਤੇ ਇੱਕ ਬੰਬ
ਸੁੱਟਿਆ ਸੀ। ਉਨ੍ਹਾਂ ਨੇ ‘ਮੇਰੇ ਹਿਤ ਵਿੱਚ’ ਮੈਨੂੰ ਇਹ ਵੀ ਦੱਸਿਆ ਕਿ ਜੇ ਮੈਂ ਇਨਕਲਾਬੀ
ਪਾਰਟੀ ਦੀਆਂ ਕਾਰਵਾਈਆਂ ਸਬੰਧੀ ਉਨ੍ਹਾਂ ਨੂੰ ਕੋਈ ਬਿਆਨ ਜਿਹਾ ਦੇ ਦਿਆਂ ਤਾਂ ਉਹ ਮੈਨੂੰ
ਹਿਰਾਸਤ ਵਿੱਚ ਨਹੀਂ ਰੱਖਣਗੇ ਅਤੇ ਉਹ ਮੈਨੂੰ ਸਿਰਫ਼ ਬਰੀ ਹੀ ਨਹੀਂ ਕਰ ਦੇਣਗੇ, ਸਗੋਂ
ਇਨਾਮ ਵੀ ਦੇਣਗੇ ਅਤੇ ਮੁਕੱਦਮੇ ਵਿੱਚ ਮੈਨੂੰ ਵਾਅਦਾ-ਮੁਆਫ਼ ਗਵਾਹ ਵਜੋਂ ਪੇਸ਼ ਵੀ ਨਹੀਂ
ਕਰਨਗੇ। ਮੈਂ ਉਨ੍ਹਾਂ ਦੀ ਬੇਤੁਕੀ ਤਜਵੀਜ਼ ’ਤੇ ਹੱਸ ਪਿਆ। ਮੈਂ ਕਿਹਾ ਕਿ ਇਨਕਲਾਬੀ
ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਭੋਲੇ-ਭਾਲੇ ਲੋਕਾਂ ’ਤੇ ਬੰਬ ਨਹੀਂ ਸੁੱਟਦੇ।
‘‘ਅਚਾਨਕ ਇੱਕ ਸੁਹਾਵਣੀ ਸਵੇਰ ਨੂੰ ਸੀ.ਆਈ.ਡੀ. ਦਾ ਸੀਨੀਅਰ ਸੁਪਰਡੈਂਟ, ਮਿਸਟਰ ਨਿਊਮੈਨ
ਮੇਰੇ ਕੋਲ ਆਇਆ ਅਤੇ ਮੇਰੇ ਨਾਲ ਹਮਦਰਦੀ ਭਰੀਆਂ ਗੱਲਾਂ ਕਰਨ ਪਿੱਛੋਂ ਕਹਿਣ ਲੱਗਾ ਕਿ ਜੇ
ਮੈਂ ਉਸ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਕੋਈ ਬਿਆਨ ਨਹੀਂ ਦਿੰਦਾ ਤਾਂ ਉਹ ਮਜਬੂਰ ਹੋ ਕੇ
ਮੇਰੇ ’ਤੇ ਦੁਸਹਿਰੇ ਦੇ ਅਵਸਰ ’ਤੇ ਬੰਬ ਸੁੱਟਣ ਦੀ ਸਾਜ਼ਿਸ਼ ਦਾ ਦੋਸ਼ ਲਾ ਕੇ ਮੁਕੱਦਮਾ
ਚਲਾਉਣ ਲਈ ਮਜਬੂਰ ਹੋਣਗੇ। ਉਸ ਨੇ ਇਹ ਵੀ ਦੱਸਿਆ ਕਿ ਮੈਨੂੰ ਦੋਸ਼ੀ ਸਿੱਧ ਕਰਨ ਅਤੇ ਫਾਂਸੀ
ਦੀ ਸਜ਼ਾ ਦਿਵਾਉਣ ਲਈ ਉਨ੍ਹਾਂ ਕੋਲ ਸਾਰੇ ਲੋੜੀਂਦੇ ਸਬੂਤ ਮੌਜੂਦ ਸਨ। ਉਸ ਵੇਲੇ ਆਪਣੇ
ਨਿਰਦੋਸ਼ ਹੋਣ ਦੇ ਬਾਵਜੂਦ ਮੈਂ ਜਾਣਦਾ ਸਾਂ ਕਿ ਜੇ ਪੁਲੀਸ ਚਾਹੁੰਦੀ ਤਾਂ ਉਸ ਨੇ ਸਭ ਕੁਝ
‘ਸਾਬਤ’ ਕਰ ਵਿਖਾਉਣਾ ਸੀ। ਉਸੇ ਦਿਨ ਮਗਰੋਂ ਕਈ ਪੁਲੀਸ ਅਫਸਰ ਮੈਨੂੰ ਕਹਿਣ ਲੱਗ ਪਏ ਕਿ
ਮੈਂ ਦਿਨ ਵਿੱਚ ਦੋ ਵਾਰ ਪਰਮਾਤਮਾ ਅੱਗੇ ਅਰਦਾਸ ਕਰਿਆ ਕਰਾਂ, ਪਰ ਮੈਂ ਤਾਂ ਨਾਸਤਕ ਸਾਂ।
ਮੈਂ ਆਪਣੇ ਆਪ ਨਾਲ ਇਹ ਫੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਮੈਂ ਆਪਣੀ ਜ਼ਿੰਦਗੀ ਦੇ ਸੌਖੇ
ਸਮਿਆਂ ਵਿੱਚ ਹੀ ਨਾਸਤਕ ਹੋਣ ਦੀਆਂ ਫੜ੍ਹਾਂ ਮਾਰਨੀਆਂ ਹਨ ਜਾਂ ਜ਼ਿੰਦਗੀ ਦੀਆਂ ਔਖੀਆਂ
ਘੜੀਆਂ ਵਿੱਚ ਵੀ ਆਪਣੇ ਅਸੂਲਾਂ ਅਤੇ ਵਿਚਾਰਾਂ ’ਤੇ ਪਹਿਰਾ ਦੇਣਾ ਹੈ। ਲੰਮੀ ਸੋਚ-ਵਿਚਾਰ
ਅਤੇ ਚਿੰਤਨ ਉਪਰੰਤ, ਮੈਂ ਇਸ ਨਤੀਜੇ ’ਤੇ ਪਹੁੰਚਿਆ ਕਿ ਮੈਂ ਕਿਸੇ ਰੱਬ ਅੱਗੇ ਅਰਦਾਸ
ਨਹੀਂ ਕਰਨੀ!’’
ਗ਼ੌਰਤਲਬ ਹੈ ਕਿ ਆਪਣੀ ਰਿਹਾਈ ਤੋਂ ਕੁਝ ਕੁ ਚਿਰ ਪਿੱਛੋਂ ਉਹਦੇ
ਵੱਲੋਂ ਅਮਰੀਕਾ ਰਹਿੰਦੇ ਦੋਸਤ ਅਮਰ ਚੰਦ ਨੂੰ ਲਿਖੇ ਖ਼ਤ ਵਿੱਚ ਦੋ ਵਾਰ ‘ਖ਼ੁਦਾ’ ਅਤੇ ਇੱਕ
ਵਾਰ ‘ਰੱਬ’ ਦਾ ਹਵਾਲਾ ਦਿੱਤਾ ਗਿਆ ਹੈ!
ਭਗਤ ਸਿੰਘ ਨੂੰ ਲਾਹੌਰ ਵਿੱਚ 25 ਅਕਤੂਬਰ
1926 ਨੂੰ ਦੁਸਹਿਰੇ ਦੇ ਜਲੂਸ ’ਤੇ ਬੰਬ ਸੁੱਟਣ ਦੇ ਦੋਸ਼ ਵਿੱਚ ਤਫ਼ਤੀਸ਼ ਦੇ ਬਹਾਨੇ
ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਹਿਸ਼ੀਆਨਾ ਘਟਨਾ ਵਿੱਚ ਨੌਂ ਵਿਅਕਤੀ ਮਾਰੇ ਗਏ ਅਤੇ 50
ਜ਼ਖਮੀ ਹੋਏ ਸਨ। (ਹਵਾਲਾ: ‘ਟ੍ਰਿਬਿਊਨ’, 27 ਅਕਤੂਬਰ 1926)। ਪੰਜਾਬ ਸਰਕਾਰ ਨੇ ਦੋਸ਼ੀਆਂ
ਦੀ ਸੂਹ ਦੇਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ
(‘ਟ੍ਰਿਬਿਊਨ’, ਮਿਤੀ 30 ਅਕਤੂਬਰ 1926)। ਕੋਈ ਵੀ ਸੂਝ-ਸਮਝ ਵਾਲਾ ਵਿਅਕਤੀ ਅਜਿਹੀ
ਘਿਨਾਉਣੀ ਕਰਤੂਤ ਸਬੰਧੀ ਇਨ੍ਹਾਂ ਨੌਜਵਾਨਾਂ ’ਤੇ ਸ਼ੱਕ ਨਹੀਂ ਸੀ ਕਰ ਸਕਦਾ। ਹੋਰ ਤਾਂ ਹੋਰ
ਘਟਨਾ ਅਤੇ ਇਸ ਗ੍ਰਿਫਤਾਰੀ ਵਿੱਚ ਸੱਤ ਮਹੀਨੇ ਦਾ ਵਕਫ਼ਾ ਸਪਸ਼ਟ ਕਰਦਾ ਸੀ ਕਿ ਇਹ
ਗ੍ਰਿਫਤਾਰੀ ਕਿਸੇ ਵੀ ਤਰ੍ਹਾਂ ਉਸ ਨਾਲ ਸਬੰਧਤ ਨਹੀਂ ਸੀ।
ਇਹ ਨਿਰੋਲ ਸੰਜੋਗ ਹੀ ਸੀ
ਕਿ ਦੋ ਸਾਲ ਬਾਅਦ ਲਾਹੌਰ ਵਿੱਚ 23 ਅਕਤੂਬਰ 1928 ਨੂੰ ਦੁਸਹਿਰੇ ’ਤੇ ਹੀ ਅਜਿਹਾ ਬੰਬ
ਫਟਣ ਦਾ ਹਾਦਸਾ ਫਿਰ ਹੋਇਆ ਸੀ; ਇਸ ਬੰਬ-ਧਮਾਕੇ ਦੇ ਅਸਿੱਧੇ ਨਤੀਜੇ ਵਜੋਂ ਅਪਰੈਲ 1929
ਵਿੱਚ ਪੁਲੀਸ ਨੇ ਇਨਕਲਾਬੀਆਂ ਦੇ ਬੰਬ ਬਣਾਉਣ ਵਾਲੇ ਅੱਡੇ ਦਾ ਪਤਾ ਲਾ ਲਿਆ ਸੀ। ਸੰਨ
1928 ਵਿੱਚ ਦੁਸਹਿਰੇ ਦੇ ਮੌਕੇ ਹੋਏ ਬੰਬ ਧਮਾਕੇ ਦੀ ਤਫ਼ਤੀਸ਼ ਨਾਲ ਸਬੰਧਤ ਇੱਕ ਹੈੱਡ
ਕਾਂਸਟੇਬਲ ਨੂਰ ਸ਼ਾਹ ਜਦੋਂ ਰੋਜ਼ ਵਾਂਗ ਇੱਕ ਲੁਹਾਰ ਦੀ ਦੁਕਾਨ ’ਤੇ ਗਪਸ਼ਪ ਮਾਰ ਰਿਹਾ ਸੀ
ਤਾਂ ਉਸ ਨੇ ਵੇਖਿਆ ਕਿ ਉਹ ਲੁਹਾਰ ਕੁਝ ਖੋਲ ਤਿਆਰ ਕਰ ਰਿਹਾ ਸੀ। ਇਹ ਖੋਲ ਇਨਕਲਾਬੀਆਂ ਲਈ
ਤਿਆਰ ਕੀਤੇ ਜਾ ਰਹੇ ਸਨ। ਕਾਂਸਟੇਬਲ ਨੂੰ ਸ਼ੱਕ ਹੋਇਆ ਅਤੇ ਇਸ ਸ਼ੱਕ ਦੇ ਆਧਾਰ ’ਤੇ ਹੀ
ਇਨਕਲਾਬੀਆਂ ਦੇ ਛੁਪਣ ਵਾਲੀ ਕਸ਼ਮੀਰ ਬਿਲਡਿੰਗ ’ਤੇ 14 ਅਪਰੈਲ 1929 ਨੂੰ ਛਾਪਾ ਮਾਰਿਆ
ਗਿਆ। ਇਹ ਹੈਡ ਕਾਂਸਟੇਬਲ ਸਰਕਾਰੀ ਧਿਰ ਦੇ ਗਵਾਹ ਨੰਬਰ 132 ਅਤੇ ਉਕਤ ਲੁਹਾਰ, ਜਲਾਲਦੀਨ
ਗਵਾਹ ਨੰਬਰ 130 ਵਜੋਂ ਟ੍ਰਿਬਿਊਨਲ ਦੀ ਅਦਾਲਤ ਵਿੱਚ 18 ਜੁਲਾਈ 1930 ਨੂੰ ਪੇਸ਼ ਹੋਏ ਸੀ
ਅਤੇ ਇਨ੍ਹਾਂ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਸੀ। ਕੇਸ ਰਿਕਾਰਡ ਦੀ ਮੂਲ ਦਸਤਾਵੇਜ਼
ਦੀ ਫੋਟੋ ਕਾਪੀ ਦੇ ਹਾਸ਼ੀਏ ’ਤੇ ਸ਼ਹੀਦ ਸੁਖਦੇਵ ਨੇ ਜਲਾਲ ਦੀਨ ਦੀ ਗਵਾਹੀ ਸਬੰਧੀ ਇਹ
ਟਿੱਪਣੀ ਦਰਜ ਕੀਤੀ ਸੀ: ‘‘ਕਿਤਨਾ ਅਜੀਬ ਇਤਫ਼ਾਕ ਸੀ! ਇਤਫ਼ਾਕਨ ਗੱਲਬਾਤ ਅਤੇ ਵਿਹਲੀਆਂ
ਗੱਪਾਂ ਦਾ ਸਿੱਟਾ ਵੇਖੋ!’’
ਇਵੇਂ ਲਾਹੌਰ ਵਿੱਚ ਇੱਕੋ ਜਿਹੇ ਮੌਕਿਆਂ ’ਤੇ ਹੋਏ ਦੋ
ਬੰਬ ਧਮਾਕੇ, ਜਿਨ੍ਹਾਂ ਦਾ ਇਨਕਲਾਬੀਆਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ, ਇਨਕਲਾਬੀਆਂ
ਦੀ ਲਹਿਰ ਵਿੱਚ ਗੜਬੜੀ ਮਚਾ ਗਏ।
ਬੇਸ਼ੱਕ ਭਗਤ ਸਿੰਘ ਦੇ ਹਿੰਦੁਸਤਾਨ ਰਿਪਬਲਿਕਨ
ਐਸੋਸੀਏਸ਼ਨ ਨਾਲ ਨੇੜਲੇ ਸਬੰਧਾਂ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਸੀ; ਅਤੇ ਸਰਕਾਰ ਦੀ
ਖੁਫ਼ੀਆ ਏਜੰਸੀ ਨਾ ਕੇਵਲ ਉਸ ਦਾ ਪਿੱਛਾ ਕਰ ਰਹੀ ਸੀ ਬਲਕਿ 1926 ਵਿੱਚ ਉਸ ਦਾ ਉਨ੍ਹਾਂ
35 ਵਿਅਕਤੀਆਂ ਦੀ ਸੂਚੀ ਵਿੱਚ ਵੀ ਨਾਂ ਦਰਜ ਸੀ, ਜਿਨ੍ਹਾਂ ਦੀ ਡਾਕ ਨੂੰ ਖੁਫ਼ੀਆ ਏਜੰਸੀ
ਜਾਂਚ ਰਹੀ ਸੀ। ਇਸ ਸੂਚੀ ਵਿੱਚ ਭਗਤ ਸਿੰਘ ਦਾ ਸੋਲ੍ਹਵਾਂ ਨੰਬਰ ਹੈ ਅਤੇ ਇਸ ਵਿੱਚ ਦਰਜ
ਹੈ: ‘ਭਗਤ ਸਿੰਘ ਜਿਹੜਾ ਮੂਲ ਰੂਪ ’ਚ ਜਲੰਧਰ ਜ਼ਿਲ੍ਹੇ ਦਾ ਵਾਸੀ ਹੈ ਅਤੇ ਜਿਹੜਾ ਹੁਣ
ਪਿੰਡ ਖਵਾਸਰੀਆਂ, ਡਾਕਖਾਨਾ ਮੋਜ਼ੰਗ, ਲਾਹੌਰ ਦਾ ਰਹਿਣ ਵਾਲਾ ਹੈ।’
ਇਹ ਨਿਸ਼ਚੇ ਨਾਲ
ਨਹੀਂ ਕਿਹਾ ਜਾ ਸਕਦਾ ਹੈ ਕਿ ਗ੍ਰਿਫਤਾਰੀ ਸਮੇਂ ਭਗਤ ਸਿੰਘ ਨੂੰ ਆਪਣੀ ਡਾਕ ਦੇ ਸੈਂਸਰ
ਕੀਤੇ ਜਾਣ ਬਾਰੇ ਪਤਾ ਸੀ ਜਾਂ ਨਹੀਂ, ਪਰ ਉਸ ਨੂੰ ਇਹ ਜ਼ਰੂਰ ਪਤਾ ਸੀ ਕਿ ਜ਼ਮਾਨਤ ਦੇ ਵਕਫ਼ੇ
ਦੌਰਾਨ ਉਸ ਦੀ ਡਾਕ ਸੈਂਸਰ ਕੀਤੀ ਜਾ ਰਹੀ ਸੀ। ਮਿਤੀ 4 ਜੁਲਾਈ 1927 ਨੂੰ ਆਪਣੀ ਰਿਹਾਈ
ਮਗਰੋਂ ਉਸ ਨੇ ਅਮਰੀਕਾ ਵਿੱਚ ਰਹਿੰਦੇ ਆਪਣੇ ਇੱਕ ਮਿੱਤਰ ਅਮਰ ਚੰਦ ਨੂੰ ਲਿਖੀ ਚਿੱਠੀ
ਵਿੱਚ ਇਸ ਗੱਲ ਦਾ ਉਲੇਖ ਕੀਤਾ ਸੀ।
ਆਪਣੇ ਪੁੱਤਰ ਦੀ ਰਿਹਾਈ ਲਈ ਲਾਹੌਰ ਹਾਈ ਕੋਰਟ
ਦਾ ਦਰਵਾਜ਼ਾ ਖਟਕਾਉਣ ਦੀ ਜ਼ਿੰਮੇਵਾਰੀ ਕਿਸ਼ਨ ਸਿੰਘ ਦੀ ਸੀ ਤੇ ਜਿਹੜੀ ਗ੍ਰਿਫਤਾਰੀ 29 ਮਈ
ਨੂੰ ਕੀਤੀ ਗਈ ਸੀ, ਉਸ ਦੀ ਜ਼ਮਾਨਤ 4 ਜੁਲਾਈ 1927 ਨੂੰ ਜਾ ਕੇ ਮਨਜ਼ੂਰ ਹੋਈ ਸੀ। ਇਸ ਕੇਸ
ਦੀ ਫਾਈਲ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਗ੍ਰਿਫਤਾਰੀ ਭਾਰਤੀ ਦੰਡਾਵਲੀ ਦੀ
ਧਾਰਾ 302 ਅਧੀਨ ਕਤਲ ਦੇ ਦੋਸ਼ ਵਿੱਚ ਕੀਤੀ ਗਈ ਸੀ।
ਰਿਹਾਈ ਲਈ 60,000 ਰੁਪਏ ਦੀ
ਜ਼ਮਾਨਤ ਮੰਗੀ ਗਈ ਸੀ ਅਤੇ 1927 ਵਿੱਚ ਇਹ ਇੱਕ ਬੜੀ ਭਾਰੀ ਰਕਮ ਸੀ। ਵਰਿੰਦਰ ਅਨੁਸਾਰ,
‘‘ਇਹ ਕਿਸ਼ਨ ਸਿੰਘ ਦੇ ਲਾਹੌਰ ਦੇ ਦੋਸਤਾਂ, ਬੈਰਿਸਟਰ ਦੁਨੀ ਚੰਦ ਅਤੇ ਦੌਲਤ ਰਾਮ ਦੀ
ਮਿਹਰਬਾਨੀ ਸੀ ਕਿ ਉਨ੍ਹਾਂ ਨੇ ਅੱਧੀ-ਅੱਧੀ ਜ਼ਮਾਨਤ ਦੀ ਜ਼ਿੰਮੇਵਾਰੀ ਚੁੱਕ ਲਈ, ਜਿਨ੍ਹਾਂ
’ਚੋਂ ਦੌਲਤ ਰਾਮ ਅਸਲ ਵਿੱਚ ਸਰਕਾਰ ਦਾ ਹਮਾਇਤੀ ਸੀ ਪਰ ਉਸ ਨੇ ਆਪਣੀ ਆਤਮਾ ਦੀ ਆਵਾਜ਼ ਸੁਣ
ਕੇ ਹੀ ਇਹ ਕਦਮ ਚੁੱਕਿਆ ਸੀ।’’
ਆਪਣੇ ਪੁੱਤਰ ਨੂੰ ਜ਼ਮਾਨਤ ’ਤੇ ਰਿਹਾਅ ਕਰਵਾਉਣ
ਮਗਰੋਂ, (ਜਿਵੇਂ ਕਿ ਮਾਤਾ ਵਿਦਿਆਵਤੀ ਨਾਲ ਮੁਲਾਕਾਤ ਵਿੱਚ ਪਹਿਲਾਂ ਦੱਸਿਆ ਜਾ ਚੁੱਕਾ
ਹੈ), ਕਿਸ਼ਨ ਸਿੰਘ ਨੇ ਬੇਟੇ ਦਾ ਲਾਹੌਰ ਵਾਲੇ ਆਪਣੇ ਦਫ਼ਤਰ ਵਿੱਚ ਖੂੰਡੇ ਨਾਲ ‘ਸੁਆਗਤ’
ਕੀਤਾ ਸੀ।
ਭਗਤ ਸਿੰਘ ਤੇ ਉਹਦੇ ਦਰਿਆ-ਦਿਲ ਜ਼ਾਮਨਾਂ ਨੇ ਸੁਖ ਦਾ ਸਾਹ ਫਰਵਰੀ 1928 ’ਚ ਜਾ ਕੇ ਹੀ ਲਿਆ ਹੋਣੈ, ਜਦੋਂ ਏਸ ਜ਼ਮਾਨਤ-ਨਾਮੇ ਨੂੰ ਖਾਰਜ ਕੀਤਾ ਗਿਆ ਸੀ।
ਭਗਤ ਸਿੰਘ ਨੇ, ਜ਼ਮਾਨਤ ਦੌਰਾਨ, ਅਮਰੀਕਾ ਰਹਿ ਰਹੇ ਆਪਣੇ ਪਿੰਡ ਦੇ ਆਪਣੇ ਇੱਕ ਦੋਸਤ ਨੂੰ ਉਰਦੂ ਵਿੱਚ ਹੇਠਾਂ ਦਿੱਤੀ ਚਿੱਠੀ ਲਿਖੀ ਸੀ:—
ਪਿਆਰੇ ਭਾਈ ਅਮਰ ਚੰਦ
ਨਮਸਤੇ
ਸਮਾਚਾਰ ਇਹ ਹੈ ਕਿ ਇਸ ਵਾਰੀ ਮੈਂ ਮਾਂ ਦੇ ਅਚਾਨਕ ਬੀਮਾਰ ਪੈਣ ਕਾਰਨ ਪਿੰਡ ਆਇਆ ਸਾਂ
ਅਤੇ ਆਪ ਜੀ ਦੀ ਮਾਤਾ ਜੀ ਨੂੰ ਮਿਲਣ ਦਾ ਸੁਭਾਗ ਵੀ ਮਿਲਿਆ ਸੀ। ਅੱਜ ਮੈਂ ਤੁਹਾਡਾ ਖ਼ਤ
ਪੜ੍ਹਿਐ। ਆਪ ਜੀ ਦੀ ਮਾਤਾ ਵੱਲੋਂ ਜਵਾਬ ਲਿਖਦਿਆਂ ਮੈਨੂੰ ਵੀ ਕੁਝ ਲਿਖਣ ਦਾ ਮੌਕਾ
ਮਿਲਿਆ ਹੈ। ਮੈਂ ਕੀ ਲਿਖਾਂ! ਕਰਮ ਸਿੰਘ ਇੰਗਲੈਂਡ ਚਲਾ ਗਿਆ ਹੈ, ਉਸ ਦਾ ਪਤਾ ਭੇਜ ਰਿਹਾ
ਹਾਂ। ਅਜੇ ਤੱਕ ਤਾਂ ਉਸ ਦਾ ਪ੍ਰੋਗਰਾਮ ਹੋਰ ਪੜ੍ਹਾਈ ਕਰਨ ਦਾ ਹੈ, ਪਰ ਉਹ ਅਗਲੇਰੀ
ਪੜ੍ਹਾਈ ਕਿਵੇਂ ਕਰੇਗਾ, ਖ਼ੁਦਾ ਹੀ ਜਾਣÎਦਾ ਹੈ। ਪੜ੍ਹਾਈ ਦੇ ਖਰਚੇ ਬੜੇ ਹਨ। ਭਾਈ ਸਾਹਿਬ,
ਪੜ੍ਹਾਈ ਵਾਸਤੇ ਵਿਦੇਸ਼ ਜਾਣ ਦੀ ਮੇਰੀ ਖਾਹਿਸ਼ ਰੁਲ–ਖੁਲ ਗਈ ਹੈ। ਮੇਰੀਆਂ ਸ਼ੁਭ ਇਛਾਵਾਂ
ਤੁਹਾਡੇ ਲਈ ਹਾਜ਼ਰ ਹਨ। ਜੇ ਸੰਭਵ ਹੋਵੇ ਤਾਂ ਮੈਨੂੰ ਕੁਝ ਚੰਗੀਆਂ ਕਿਤਾਬਾਂ ਭੇਜਣਾ। ਇਸ
ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਿੱਚ ਚੰਗੇ ਸਾਹਿਤ ਦੀ ਭਰਮਾਰ ਹੈ। ਇਸ ਵੇਲੇ ਤੁਸੀਂ
ਆਪਣੀ ਪੜ੍ਹਾਈ ਵਿੱਚ ਰੁੱਝੇ ਹੋਵੋਗੇ।
ਸਾਨ-ਫਰਾਂਸਿਸਕੋ ਦੇ ਨੇੜੇ-ਤੇੜੇ ਸਰਦਾਰ ਜੀ
(ਸਰਦਾਰ ਅਜੀਤ ਸਿੰਘ) ਬਾਰੇ ਸ਼ਾਇਦ ਕੋਈ ਥਹੁ-ਪਤਾ ਲੱਗ ਜਾਵੇ, ਜ਼ਰੂਰ ਕੋਸ਼ਿਸ਼ ਕਰਨੀ। ਸਾਡੇ
ਲਈ ਇਤਨਾ ਹੀ ਕਾਫੀ ਹੈ, ਜੇ ਉਨ੍ਹਾਂ ਦੇ ਜਿਉਂਦੇ ਹੋਣ ਦੀ ਤਸਦੀਕ ਹੋ ਜਾਵੇ। ਹਾਲ ਦੀ ਘੜੀ
ਮੈਂ ਲਾਹੌਰ ਜਾ ਰਿਹਾ ਹਾਂ। ਜੇ ਸੰਭਵ ਹੋਵੇ ਤਾਂ ਮੈਨੂੰ ਖ਼ਤ ਲਿਖਣਾ। ਮੇਰਾ ਪਤਾ ਹੈ:
ਸੂਤਰ ਮੰਡੀ, ਲਾਹੌਰ।
ਨੋਟ: ਸ. ਅਜੀਤ ਸਿੰਘ ਨੇ ਆਪਣੀ ਆਤਮ-ਕਥਾ ਵਿੱਚ ਜ਼ਿਕਰ
ਕੀਤਾ ਹੋਇਆ ਹੈ ਕਿ ਭਗਤ ਸਿੰਘ ਨੇ ਆਪਣੇ ਦੋਸਤ ਅਮਰ ਚੰਦ ਨੂੰ ਮੇਰਾ ਪਤਾ ਕਰਨ ਲਈ ਲਿਖਿਆ
ਸੀ, ਜਿਸ ਦਾ ਬਾਪ ਮਾਧੋ ਰਾਮ ਗ਼ਦਰ ਪਾਰਟੀ ਦਾ ਮੈਂਬਰ ਸੀ, ਤੇ ਮੇਰੇ ਸੰਪਰਕ ਵਿੱਚ ਸੀ। ਉਸ
ਨੇ ਮੈਨੂੰ ਭਗਤ ਸਿੰਘ ਦਾ ਸੁਨੇਹਾ ਪੁਚਾਇਆ ਤੇ ਮੇਰੀ ਰਜ਼ਾਮੰਦੀ ਨਾਲ ਸਾਡਾ ਪੱਤਰ-ਵਿਹਾਰ
ਸ਼ੁਰੂ ਹੋ ਗਿਆ ਸੀ।
ਹੋਰ ਮੈਂ ਕੀ ਲਿਖਾਂ! ਮੇਰੀ ਤਕਦੀਰ ਹੀ ਅਜੀਬ ਹੈ, ਕਈ ਮੁਸ਼ਕਲਾਂ
ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਤ ਨੂੰ ਕੇਸ ਵਾਪਸ ਲੈ ਲਿਆ ਗਿਆ ਸੀ (ਸ਼ਾਇਦ 1924-25
ਦੇ ਗ੍ਰਿਫਤਾਰੀ ਦੇ ਵਾਰੰਟਾਂ ਵੱਲ ਇਸ਼ਾਰਾ ਹੈ) ਮੈਂ ਫਿਰ 1927 ਵਿੱਚ ਗ੍ਰਿਫਤਾਰ ਕੀਤਾ
ਗਿਆ ਸਾਂ ਅਤੇ ਸੱਠ ਹਜ਼ਾਰ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸਾਂ। ਅੱਜੇ ਤੱਕ ਮੇਰੇ
ਵਿਰੁੱਧ ਕੋਈ ਕੇਸ ਦਰਜ ਨਹੀਂ ਹੋਇਆ ਅਤੇ ਖ਼ੁਦਾ ਨੇ ਚਾਹਿਆ ਤਾਂ ਹੋਵੇਗਾ ਵੀ ਨਹੀਂ। ਭਾਵੇਂ
ਇੱਕ ਸਾਲ ਗੁਜ਼ਰ ਗਿਆ ਹੈ ਪਰ ਅਜੇ ਮੈਂ ਜ਼ਮਾਨਤ ਤੋਂ ਮੁਕਤ ਨਹੀਂ ਹੋਇਆ। ਜੋ ਰੱਬ ਦੀ
ਮਰਜ਼ੀ! ਭਾਈ ਸਾਹਿਬ, ਆਪਣੀ ਪੜ੍ਹਾਈ ਦਿਲ-ਜਾਨ ਨਾਲ ਜਾਰੀ ਰੱਖਣਾ।
ਤੁਹਾਡਾ ਆਗਿਆਕਾਰ
ਭਗਤ ਸਿੰਘ
ਕਾਗਜ਼ ਦੇ ਉਪਰਲੇ ਹਾਸ਼ੀਏ ’ਤੇ ਅਮਰ ਚੰਦ ਦੀ ਮਾਤਾ ਵੱਲੋਂ ਲਿਖਵਾਇਆ ਗਿਆ ਹੈ: ‘‘ਮੈਨੂੰ
ਆਪਣੀ ਸੁਖ-ਸਾਂਦ ਬਾਰੇ ਅੱਗੋਂ-ਪਿਛੋਂ ਲਿਖਦੇ ਰਹਿਣਾ ਨਹੀਂ ਤਾਂ ਫਿਕਰ ਲੱਗ ਜਾਂਦਾ ਹੈ।
ਅਸੀਸਾਂ ਨਾਲ ਆਪ ਦੀ ਮਾਤਾ, ਅਰੂੜੀ।’’
ਖ਼ਤ ਦੇ ਦੂਜੇ ਸਿਰੇ ਲਿਖਿਆ ਹੈ: ‘‘ਮੈਂ ਹੋਰ
ਕੀ ਲਿਖਾਂ, ਸਰਕਾਰ ਮੇਰੇ ’ਤੇ ਸ਼ੱਕ ਕਰਦੀ ਹੈ। ਖੁਫ਼ੀਆ ਮਹਿਕਮੇ ਵੱਲੋਂ ਮੇਰੀਆਂ ਚਿੱਠੀਆਂ
ਖੋਲ੍ਹ ਕੇ ਪੜ੍ਹੀਆਂ ਜਾਂਦੀਆਂ ਹਨ। ਸਮਝ ਨਹੀਂ ਆਉਂਦੀ ਕਿ ਮੇਰੇ ’ਤੇ ਇਤਨਾ ਸ਼ੱਕ ਕਿਉਂ
ਕੀਤਾ ਜਾ ਰਿਹਾ ਹੈ। ਭਾਈ ਸਾਹਿਬ ਅੰਤ ਨੂੰ ਸੱਚਾਈ ਪ੍ਰਗਟ ਹੋ ਜਾਏਗੀ ਅਤੇ ਸੱਚਾਈ ਦੀ ਹੀ
ਜਿੱਤ ਹੋਵੇਗੀ।’’
ਸ਼ਹੀਦਾਂ ਦਾ ਦੀਵਾਨਾ ਭਗਤ ਸਿੰਘ
ਵਰਿੰਦਰ ਨੇ ਇੱਕ ਵੱਖਰੇ
ਕਾਂਡ ‘ਡੇਅਰੀ ਅਤੇ ਡਾਇਰੀ’ ਵਿੱਚ ਲਾਹੌਰ ਨੇੜੇ ਆਪਣੀ ਰਿਹਾਇਸ਼ ਵਿਖੇ ਭਗਤ ਸਿੰਘ ਨੂੰ
ਡੇਅਰੀ ਦੇ ਕੰਮ-ਧੰਦੇ ਵਿੱਚ ਰੁਝੇ ਦੱਸਿਆ ਹੈ। ਇਸ ਦੌਰ ’ਚ ਉਸ ਨੇ ਇਸ ਡੇਰੇ ਨੂੰ ਆਪਣੇ
ਸਾਥੀਆਂ ਨਾਲ ਮੇਲ-ਮਿਲਾਪ ਲਈ ਵਰਤਿਆ ਸੀ। ਭਗਤ ਸਿੰਘ ਨੇ ਸ਼ਹੀਦਾਂ ਅਤੇ ਇਨਕਲਾਬੀ ਲਹਿਰਾਂ
ਸਬੰਧੀ ਇਸ ਸਮੇਂ ਦੌਰਾਨ ਖੋਜ ਵੀ ਕੀਤੀ ਅਤੇ ਲਿਖਿਆ ਵੀ ਸੀ; ਇਹ ਉਸ ਦਾ ਮਨਭਾਉਂਦਾ ਖੇਤਰ
ਸੀ। ਇਸ ਵਿਸ਼ੇ ’ਤੇ ਉਸ ਦੀਆਂ ਬਹੁਤੀਆਂ ਲਿਖਤਾਂ 1927 ਦੇ ਅੰਤਲੇ ਅਤੇ 1928 ਦੇ ਮੁੱਢਲੇ
ਮਹੀਨਿਆਂ ਵਿੱਚ ਲਿਖੀਆਂ ਗਈਆਂ ਸਨ, ਜੋ ਪਹਿਲਾਂ ਪੰਜਾਬੀ ਦੇ ‘ਕਿਰਤੀ’ ’ਚ ਅਤੇ ਮਗਰੋਂ
ਹਿੰਦੀ ਰਸਾਲੇ ‘ਚਾਂਦ’ ਦੇ ‘ਫਾਂਸੀ ਅੰਕ’ ਵਿੱਚ ਛਪੀਆਂ ਸਨ।
ਨਵੰਬਰ 1928 ਦੀ
ਦੀਵਾਲੀ ਮੌਕੇ ਪ੍ਰਕਾਸ਼ਿਤ ਹੋਇਆ ‘ਫਾਂਸੀ ਅੰਕ’ ਚਾਂਦ ਰਸਾਲੇ ਦਾ ਵਿਸ਼ੇਸ਼ ਅੰਕ ਸੀ, ਜੋ
ਛਪਦਿਆਂ ਹੀ ਇਤਿਹਾਸਕ ਦਸਤਾਵੇਜ਼ ਬਣ ਗਿਆ। ਇਹ 10,000 ਦੀ ਗਿਣਤੀ ਵਿੱਚ ਛਾਪਿਆ ਗਿਆ ਸੀ
ਤੇ 6/7 ਦਸੰਬਰ ਨੂੰ ਇਹਦੀ ਜ਼ਬਤਗੀ ਦੇ ਆਦੇਸ਼ ਜਾਰੀ ਹੋਣੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ
ਥਾਉਂ ਥਾਈਂ ਵੰਡਣ ਲਈ ਭੇਜ ਦਿੱਤਾ ਗਿਆ ਸੀ।
ਭਾਵੇਂ ਕਿ ਇਸ ’ਚ ਆਜ਼ਾਦੀ ਸੰਗ੍ਰਾਮ
ਅਤੇ ਸ਼ਹੀਦਾਂ ਦੇ ਲੇਖ ਹੀ ਸਨ, ਜੋ ਕਿਸੇ ਵੀ ਤਰ੍ਹਾਂ ਦੇ ‘ਭੜਕਾਊ ਜਾਂ ਉਕਸਾਊ’ ਸੰਕੇਤਾਂ
ਤੋਂ ਪੂਰੀ ਤਰ੍ਹਾਂ ਮੁਕਤ ਸਨ, ਪਰ ਫੇਰ ਵੀ ਸਰਕਾਰ ਇਸ ਤੋਂ ਐਨੀ ਭੈ-ਭੀਤ ਕਿਉਂ ਹੋਈ, ਇਸ
ਬਾਰੇ ਕੁਝ ਕਹਿਣਾ ਜ਼ਰੂਰੀ ਹੈ:
ਇਸ ਗੁੱਥੀ ਨੂੰ ਸੁਲਝਾਉਣ ਲਈ ਸਿਰਫ਼ ਇੱਕ ਮਿਸਾਲ ਹੀ
ਕਾਫ਼ੀ ਹੋਵੇਗੀ-ਸਾਲ 1918 ਦੀ ਬਦਨਾਮ ਰੌਲਟ-ਕਮੇਟੀ ਦੀ ਰਿਪੋਰਟ ਵਿੱਚ (ਜਿਸ ਦੇ ਆਧਾਰ ’ਤੇ
ਰੌਲਟ-ਬਿਲ ਤਿਆਰ ਕੀਤਾ ਗਿਆ ਸੀ) ਨਿਰੋਲ ਪਿਛਲੀਆਂ ਇਨਕਲਾਬੀ ਕਾਰਵਾਈਆਂ ਦਾ ਉਲੇਖ ਹੀ
ਸੀ, ਜਿਸ ਨੂੰ ਕ੍ਰਾਂਤੀਕਾਰੀ ਨਵੇਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਪੜ੍ਹਨ ਨੂੰ ਦਿਆ
ਕਰਦੇ ਸੀ, ਤੇ ਇਹ ਰਿਪੋਰਟ ਐਚ.ਐਸ.ਆਰ.ਏ. ਦੀ ਲਾਇਬ੍ਰੇਰੀ ਵਿੱਚ ਵੀ ‘ਸੁਸ਼ੋਭਤ’ ਸੀ: ਸਿਰਫ
ਇੱਕ ਹੋਰ ਰਚਨਾ, ਸ਼ਚਿੰਦਰ ਸਾਨਿਆਲ ਦਾ ‘ਬੰਦੀ ਜੀਵਨ’ ਹੀ ਇਸ ਤੋਂ ਪਹਿਲਾਂ ਪੜ੍ਹਨ ਨੂੰ
ਦਿੱਤੀ ਜਾਂਦੀ ਸੀ।
ਸੋ ਪਿਛਲੇ ਸ਼ਹੀਦਾਂ ਦਾ ਪ੍ਰਚਾਰ ਹੀ ਇਨਕਲਾਬੀਆਂ ਦਾ ਮੁੱਖ ਪ੍ਰਚਾਰ ਸਾਧਨ ਰਿਹਾ ਹੈ।
‘ਚਾਂਦ’ ਦੇ ‘ਫਾਂਸੀ ਅੰਕ’ ਵਿੱਚ ਸ਼ਹੀਦਾਂ ਬਾਰੇ ਕੁੱਲ 53 ਲੇਖ ਸਨ, ਜਿਨ੍ਹਾਂ ਵਿੱਚੋਂ
41 ਇਕੱਲੇ ਭਗਤ ਸਿੰਘ ਦੇ ਲਿਖੇ ਹੋਏ ਸਮਝੇ ਜਾਂਦੇ ਹਨ, ਜਿਹੜੇ ਵੱਖੋ-ਵੱਖ ਫ਼ਰਜ਼ੀ ਨਾਵਾਂ
ਹੇਠ ਪ੍ਰਕਾਸ਼ਤ ਹੋਏ ਸਨ ਤੇ ਜਿਨ੍ਹਾਂ ਦੀ ਖ਼ੂਬਸੂਰਤੀ ਇਨ੍ਹਾਂ ਨੂੰ ਪੜ੍ਹ ਕੇ ਹੀ ਮਹਿਸੂਸ
ਕੀਤੀ ਜਾ ਸਕਦੀ ਹੈ। ਜਿਵੇਂ ਭਗਤ ਸਿੰਘ ਦੀਆਂ ਰਾਜਸੀ ਲਿਖਤਾਂ ਉਹਦੀ ਸੋਚ ਨੂੰ
ਦਰਸਾਉਂਦੀਆਂ ਹਨ, ਐਨ ਉਸੇ ਤਰ੍ਹਾਂ ਇਹ ਰਚਨਾਵਾਂ ਧੁਰ ਅੰਦਰਲੇ ਭਗਤ ਸਿੰਘ ਨੂੰ
ਪ੍ਰਗਟਾਉਂਦੀਆਂ ਹਨ।
ਭਗਤ ਸਿੰਘ ਦੀ ਵੱਡੀ ਖ਼ੂਬੀ ਇਹ ਹੈ ਕਿ ਉਹ ਸਾਰੇ ਸ਼ਹੀਦਾਂ ਦਾ,
ਭਾਵੇਂ ਉਹ ਕੂਕੇ ਹੋਣ, ਕਾਕੋਰੀ ਵਾਲੇ ਜਾਂ ਉਹਦਾ ਹੀਰੋ ਸਰਾਭਾ, ਉਹ ਸਾਰਿਆਂ ਦਾ ਇੱਕੋ
ਜਿਹਾ ਹੀ ਦੀਵਾਨਾ ਨਜ਼ਰ ਆਉਂਦਾ ਹੈ।
* ਸੰਪਰਕ: 0172-2556314