jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਕੀ ਪਾਖੰਡੀ ਬਾਬਿਆਂ ਦਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਉਠਣਗੀਆਂ ਗੁਰਦੁਆਰਾ ਕਮੇਟੀਆਂ?

www.sabblok.blogspot.com

ਗੁਰਜਤਿੰਦਰ ਸਿੰਘ ਰੰਧਾਵਾ
ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਨੇ ਵਹਿਮਾਂ-ਭਰਮਾਂ, ਪਾਖੰਡ ਅਤੇ ਹਰ ਤਰ੍ਹਾਂ ਦੇ ਅਡੰਬਰਾਂ ਦਾ ਮੁੱਢੋਂ-ਸੁੱਢੋਂ ਪਰਦਾਫਾਸ਼ ਕੀਤਾ ਅਤੇ ਸੰਗਤ ਨੂੰ ਅਜਿਹੀਆਂ ਕੁਰੀਤੀਆਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ। ਅਸਲ ਵਿਚ ਸਿੱਖ ਧਰਮ ਦਾ ਮੁੱਢ ਹੀ ਭਾਰਤ ਅੰਦਰ ਉਸ ਸਮੇਂ ਹੋਇਆ ਸੀ, ਜਦ ਸਾਡਾ ਸਮਾਜ ਜਾਤ-ਪਾਤ, ਵਹਿਮਾਂ-ਭਰਮਾਂ, ਪਾਖੰਡ ਵਰਗੀਆਂ ਕੁਰੀਤੀਆਂ ਦੇ ਜਾਲ ਵਿਚ ਫਸ ਚੁੱਕਾ ਸੀ ਅਤੇ ਆਪਣੀ ਗੁਰਬੱਤ ਅਤੇ ਹੋਰ ਸਮੱਸਿਆਵਾਂ ਦਾ ਹੱਲ ਪਾਖੰਡੀ ਬਾਬਿਆਂ ਅਤੇ ਅਖੌਤੀ ਪੰਡਿਤਾਂ ਕੋਲੋਂ ਲੱਭਦਾ ਫਿਰਦਾ ਸੀ। ਸਿੱਖ ਧਰਮ ਨੇ ਅਜਿਹੇ ਅਡੰਬਰਾਂ ਦਾ ਨਾ ਸਿਰਫ ਪਰਦਾਫਾਸ਼ ਕੀਤਾ, ਸਗੋਂ ਅਮਲੀ ਰੂਪ ਵਿਚ ਸੱਚੀ-ਸੁੱਚੀ ਕਿਰਤ ਕਰਨ, ਖੁਦ ਇਮਾਨਦਾਰ ਰਹਿ ਕੇ ਸਮੂਹ ਦਾ ਭਲਾ ਚਾਹੁੰਣ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਕਰਨ ਲਈ ਉ¤ਠਣ ਦਾ ਸੱਦਾ ਦਿੱਤਾ। ਰਾਜ ਕਰਨ ਵਾਲੀਆਂ ਤਾਕਤਾਂ ਨੇ ਹਮੇਸ਼ਾ ਕਿਸੇ ਕਾਰਨ ਵਹਿਮਾਂ ਭਰਮਾਂ, ਅਡੰਬਰਾਂ ਤੇ ਅਖੌਤੀ ਬਾਬਿਆਂ ਅਤੇ ਨਜ਼ੂਮੀਆਂ ਨੂੰ ਸਰਪ੍ਰਸਤੀ ਵੀ ਦਿੱਤੀ। ਕਿਉਂਕਿ ਇਹੀ ਲੋਕੀ ਹਨ, ਜੋ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਲਾਂਭੇ ਲਿਜਾ ਕੇ ਵਹਿਮਾਂ ਭਰਮਾਂ ਵਿਚ ਪਾਉਂਦੇ ਹਨ ਅਤੇ ਲੋਕ ਆਪਣੀਆਂ ਸਮੱਸਿਆਵਾਂ ਲਈ ਹੁਕਮਰਾਨ ਲੋਕਾਂ ਤੋਂ ਸਵਾਲ ਪੁੱਛਣ ਦੀ ਬਜਾਏ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਅਜਿਹੇ ਬਾਬਿਆਂ ਮਗਰ ਉਠ ਤੁਰਦੇ ਹਨ। ਅੱਜ ਅਸੀਂ ਭਾਵੇਂ ਭਾਰਤ ਤੋਂ ਉਠ ਕੇ ਅਮਰੀਕਾ ’ਚ ਆ ਵਸੇ ਹਾਂ ਅਤੇ ਇਥੇ ਸਾਡੀ ਦੂਜੀ, ਤੀਜੀ ਪੀੜ੍ਹੀ ਵੀ ਸ਼ੁਰੂ ਹੋ ਚੁੱਕੀ ਹੈ। ਪਰ ਸਾਡਾ ਸਮਾਜ ਭਾਰਤ ਅੰਦਰ ਫੈਲੀਆਂ ਅਲਾਮਤਾਂ ਵਾਂਗ ਹੀ ਇਥੇ ਵੀ ਉਸੇ ਤਰ੍ਹਾਂ ਸਾਕਾਰ ਹੈ। ਆਰਥਿਕ ਮੰਦੀ ਦੇ ਸ਼ਿਕਾਰ ਹੋਣ ਕਾਰਨ ਅੱਜ ਲੋਕਾਂ ਨੂੰ ਕੰਮਕਾਰਾਂ ਵਿਚ ਵੱਡੀ ਦਿੱਕਤ ਆ ਰਹੀ ਹੈ। ਬਹੁਤ ਸਾਰੇ ਲੋਕ ਇੰਮੀਗ੍ਰੇਸ਼ਨ ਦੇ ਮਸਲਿਆਂ ਵਿਚ ਉਲਝੇ ਹੋਏ ਹਨ। ਕਈਆਂ ਦੇ ਘਰਾਂ ਵਿਚ ਪਤੀ ਪਤਨੀ ਦਾ ਆਪਸੀ ਕਲੇਸ਼ ਹੈ, ਕਈਆਂ ਦੇ ਧੀ ਪੁੱਤਰ ਨਵੇਂ ਸੱਭਿਆਚਾਰ ਵਿਚ ਆ ਕੇ ਵਿਗੜ ਗਏ ਹਨ ਜਾਂ ਵਿੱਦਿਆ ਤੇ ਕੰਮ ਕਰਨ ਵਿਚ ਕੋਈ ਰੁਚੀ ਨਹੀਂ ਲੈਂਦੇ। ਕਈ ਨੌਜਵਾਨ ਲੜਕੇ-ਲੜਕੀਆਂ ਦੇ ਪ੍ਰੇਮ ਸਿਰੇ ਨਹੀਂ ਚੜ੍ਹਦੇ ਆਦਿ ਅਨੇਕ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਸਾਨੂੰ ਸਮਾਜਿਕ ਤੌਰ ’ਤੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਇਨ੍ਹਾਂ ਮਾਮਲਿਆਂ ਵਿਚ ਇਕ-ਦੂਜੇ ਦਾ ਸਹਿਯੋਗ ਵੀ ਬੜਾ ਅਹਿਮ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਸਖ਼ਤ ਮਿਹਨਤ ਕਰਨ ਅਤੇ ਦਿਮਾਗ ਤੋਂ ਕੰਮ ਲੈ ਕੇ ਅੱਗੇ ਵਧਣ ਦੀ ਥਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੁੱਛਾਂ ਦੇਣ ਵਾਲਿਆਂ ਅਤੇ ਕਰਾਮਾਤੀ ਢੰਗ ਨਾਲ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਕਰਨ ਵਾਲੇ ਬਾਬਿਆਂ ਦੇ ਹੱਥੀਂ ਚੜ੍ਹ ਜਾਂਦੇ ਹਨ। ਇਹ ਬਾਬੇ ਫਿਰ ਉਨ੍ਹਾਂ ਨੂੰ ਹਰ ਤਰੀਕੇ ਨਾਲ ਬਲੈਕਮੇਲ ਕਰਦੇ ਹਨ, ਲੁੱਟਦੇ ਹਨ ਅਤੇ ਵਹਿਮਾਂ ਭਰਮਾਂ ਤੇ ਅਡੰਬਰਾਂ ਵਿਚ ਫਸਾ ਕੇ ਜ਼ਿੰਦਗੀ ਭਰ ਲਈ ਇਕ ਅਜਿਹੀ ਹਨੇਰੀ ਗਲੀ ਵਿਚ ਧੱਕ ਦਿੰਦੇ ਹਨ, ਜਿਥੋਂ ਵਾਪਸ ਆਉਣਾ ਬੜਾ ਮੁਸ਼ਕਿਲ ਹੁੰਦਾ ਹੈ।
ਸਿੱਖ ਧਰਮ ਵਿਚ ਅਜਿਹੇ ਪਾਖੰਡ ਲਈ ਕੋਈ ਜਗ੍ਹਾ ਨਹੀਂ। ਸਾਡੇ ਗੁਰ ਅਸਥਾਨਾਂ ਤੋਂ ਹਮੇਸ਼ਾ ਸਰਬੱਤ ਦੇ ਭਲੇ, ਮਿਹਨਤ ਕਰਨ ਅਤੇ ਵੰਡ ਛੱਕਣ ਦਾ ਉਪਦੇਸ਼ ਮਿਲਦਾ ਹੈ। ਪੰਜਾਬੀ ਮੀਡੀਏ ਦਾ ਰੋਲ ਵੀ ਬੜਾ ਅਹਿਮ ਰਿਹਾ ਹੈ। ਦੇਸ਼ ਦੀ ਆਜ਼ਾਦੀ ਅਤੇ ਫਿਰ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਲਈ ਮੀਡੀਆ ਵੀ ਆਪਣਾ ਰੋਲ ਅਦਾ ਕਰਦਾ ਰਿਹਾ ਹੈ। ਪਰ ਅੱਜ ਇਹ ਗੱਲ ਬੜੇ ਅਫਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਅਮਰੀਕਾ ਦੀ ਧਰਤੀ ਉਪਰ ਚੱਲ ਰਿਹਾ ਹਰ ਤਰ੍ਹਾਂ ਦਾ ਬਹੁਤਾ ਪੰਜਾਬੀ ਮੀਡੀਆ ਅਜਿਹੇ ਪਾਖੰਡ, ਵਹਿਮਾਂ-ਭਰਮਾਂ ਅਤੇ ਅਡੰਬਰਾਂ ਰਾਹੀਂ ਲੋਕਾਂ ਨੂੰ ਠੱਗਣ ਅਤੇ ਮਾਨਸਿਕ ਤੌਰ ’ਤੇ ਬਿਮਾਰ ਕਰਕੇ ਹਮੇਸ਼ਾ ਲਈ ਮਾਨਸਿਕ ਅਪਾਹਿਜ ਬਣਾਉਣ ਵਾਲੇ ਬਾਬਿਆਂ ਅਤੇ ਨਜ਼ੂਮੀਆਂ ਦਾ ਹੱਥ ਠੋਕਾ ਬਣ ਕੇ ਰਹਿ ਗਏ ਹਨ। ਅਜਿਹੇ ਮੀਡੀਏ ਦਾ ਦਾਰੋਮਦਾਰ ਆਪਣੇ ਲੋਕਾਂ ਦੀ ਥਾਂ ਅਜਿਹੇ ਬਾਬਿਆਂ ਉਪਰ ਜਾ ਬਣਿਆ ਹੈ। ਇਥੋਂ ਤੱਕ ਕਿ ਮੀਡੀਏ ਦੇ ਕੁੱਝ ਹਿੱਸੇ ਵੱਲੋਂ ਆਪ ਹੀ ਬਾਬੇ ਬਣ ਕੇ ਇਸ਼ਤਿਹਾਰ ਛਾਪਣ ਅਤੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਧੰਦਾ ਸ਼ੁਰੂ ਕਰਨ ਬਾਰੇ ਵੀ ਚਰਚਾ ਹੈ। ਪੰਜਾਬ ਮੇਲ ਨੇ ਮੁੱਢ ਤੋਂ ਹੀ ਅਜਿਹੇ ਬਾਬਿਆਂ ਦੇ ਇਸ਼ਤਿਹਾਰ ਛਾਪਣ ਤੋਂ ਲਗਾਤਾਰ ਇਨਕਾਰ ਕੀਤਾ ਹੈ। ਅਸੀਂ ਅਖ਼ਬਾਰ ਚਲਾਉਣ ਲਈ ਪਾਖੰਡੀ ਬਾਬਿਆਂ ਦੀ ਥਾਂ ਲੋਕਾਂ ਉਪਰ ਯਕੀਨ ਕੀਤਾ ਹੈ ਅਤੇ ਕਈ ਬਾਬਿਆਂ ਨੂੰ ਟੈਲੀਫੋਨ ਕਰਕੇ ਇਸ ਸੱਚ ਵੀ ਜਾਣਿਆ ਹੈ ਕਿ ਇਹ ਲੋਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ ਨੂੰ ਠੱਗਣ ਲਈ ਅਨੇਕ ਤਰ੍ਹਾਂ ਦੇ ਅਡੰਬਰ ਰੱਚਦੇ ਹਨ ਅਤੇ ਕਰਾਮਾਤਾਂ ਕਰਨ ਦਾ ਢੌਂਗ ਕਰਦੇ ਹਨ। ਇਸ ਤਰ੍ਹਾਂ ਦੇ ਪੰਜਾਬੀ ਮੀਡੀਏ ਨੇ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਸਹੀ ਸੇਧ ਦੇਣ ਦਾ ਫਰਜ਼ ਅਦਾ ਕਰਨ ਤੋਂ ਪਾਸਾ ਵੱਟ ਲਿਆ ਹੈ। ਪਰ ਹੁਣ ਸਵਾਲ ਇਥੇ ਇਹ ਹੈ ਕਿ ਇਹ ਸਾਡੇ ਧਾਰਮਿਕ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਜਿਹੇ ਪਾਖੰਡੀ ਬਾਬਿਆਂ ਦੇ ਪ੍ਰਚਾਰ ਕਰਨ ਵਾਲੇ ਮੀਡੀਏ ਨੂੰ ਆਪਣੇ ਅਸਥਾਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਗੀਆਂ? ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਇਹ ਸਟੈਂਡ ਲੈਂਦੀਆਂ ਰਹੀਆਂ ਹਨ ਕਿ ਪਾਖੰਡੀ ਬਾਬਿਆਂ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਅਖ਼ਬਾਰ ਜਾਂ ਹੋਰ ਮੀਡੀਏ ਨੂੰ ਉਹ ਗੁਰੂ ਘਰਾਂ ਵਿਚ ਰੱਖਣ ਜਾਂ ਆਉਣ ਦੀ ਇਜਾਜ਼ਤ ਨਹੀਂ ਦੇਣਗੀਆਂ। ਪਰ ਸਾਡਾ ਵਿਚਾਰ ਹੈ ਕਿ ਇਹ ਕਿਸੇ ਇਕ-ਦੁੱਕਾ ਕਮੇਟੀਆਂ ਦਾ ਮਸਲਾ ਨਹੀਂ, ਸਗੋਂ ਸਮੁੱਚੇ ਤੌਰ ’ਤੇ ਸਿੱਖ ਧਾਰਮਿਕ ਅਸਥਾਨਾਂ ਨੂੰ ਮਿਲ ਕੇ ਇਕ ਨੀਤੀ ਬਣਾਉਣ ਦਾ ਹੈ। ਸਿੱਖ ਧਰਮ ਵਿਚ ਜਦ ਅਜਿਹੇ ਵਹਿਮਾਂ ਭਰਮਾਂ ਪਾਖੰਡਾਂ ਲਈ ਕੋਈ ਜਗ੍ਹਾ ਨਹੀਂ, ਤਾਂ ਫਿਰ ਗੁਰਦੁਆਰਿਆਂ ਵਿਚ ਸ਼ਰੇਆਮ ਅਜਿਹੇ ਸਾਹਿਤ ਦਾ ਮਿਲਣਾ ਸਾਡੇ ਆਪਣੇ ਧਰਮ ਦੇ ਆਸ਼ੇ ਦੇ ਹੀ ਉਲਟ ਹੈ। ਸੋ ਸਾਡੀ ਸਮੂਹ ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਉਹ ਅਜਿਹੇ ਵਹਿਮ ਭਰਮ ਅਤੇ ਪਾਖੰਡ ਦਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਅੱਗੇ ਆਉਣ। ਹਰ ਕਮੇਟੀ ਕਿਸੇ ਵੀ ਮੀਡੀਏ ਨੂੰ ਗੁਰਦੁਆਰਿਆਂ ਦੇ ਹਦੂਦ ਅੰਦਰ ਆਉਣ ਦੀ ਮਨਾਹੀ ਕਰੇ, ਜੋ ਕਿਸੇ ਵੀ ਤਰ੍ਹਾਂ ਅਜਿਹੇ ਬਾਬਿਆਂ ਦਾ ਪ੍ਰਚਾਰ ਕਰਕੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿਰੁੱਧ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੋਵੇ। ਸਾਡੀ ਇਹ ਵੀ ਬੇਨਤੀ ਹੈ ਕਿ ਹਰ ਗੁਰੂ ਘਰ ਵਿਚ ਹਰ ਐਤਵਾਰ ਨੂੰ ਸਜਣ ਵਾਲੇ ਦੀਵਾਨਾਂ ਵਿਚ ਸਟੇਜ ਸਕੱਤਰ ਵੱਲੋਂ ਅਜਿਹੇ ਦੰਭੀ ਅਤੇ ਅਡੰਬਰੀ ਕਿਸਮ ਦੇ ਸਾਹਿਤ ਅਤੇ ਇਸ ਦੇ ਪ੍ਰਚਾਰਕਾਂ ਵਿਰੁੱਧ ਲੋਕਾਂ ਨੂੰ ਵਾਰ-ਵਾਰ ਜਾਗ੍ਰਿਤ ਕੀਤਾ ਜਾਵੇ। ਸਾਨੂੰ ਉਮੀਦ ਹੈ ਕਿ ਗੁਰਦੁਆਰਾ ਪ੍ਰਬੰਧਕ ਅਤੇ ਕਮੇਟੀਆਂ ਸਾਡੀ ਇਸ ਨਿਮਾਣੀ ਜਿਹੀ ਅਪੀਲ ਵੱਲ ਜ਼ਰੂਰ ਧਿਆਨ ਦੇਣਗੀਆਂ

No comments: