www.sabblok.blogspot.com
ਕੈਨੇਡਾ, 30 ਮਈ ਬੈਂਕ ਆਫ ਕੈਨੇਡਾ ਦਾ ਗਵਰਨਰ ਹੋਣ ਨਾਤੇ ਵਿਆਜ ਦਰਾਂ ਬਾਰੇ ਕੀਤੇ ਗਏ
ਆਪਣੇ ਆਖਰੀ ਐਲਾਨ ਵਿੱਚ ਮਾਰਕ ਕਾਰਨੇ ਨੇ ਬੈਂਕ ਵੱਲੋਂ ਦਿੱਤੇ ਜਾਣ ਵਾਲੇ ਉਧਾਰ ਉੱਤੇ
ਵਿਆਜ ਦਰ ਇੱਕ ਫੀ ਸਦੀ ਹੀ ਰੱਖੀ। ਕਾਰਨੇ ਪਹਿਲੀ ਜੁਲਾਈ ਤੋਂ ਆਪਣਾ ਕੈਨੇਡਾ ਦਾ ਅਹੁਦਾ
ਛੱਡ ਕੇ ਬੈਂਕ ਆਫ ਇੰਗਲੈਂਡ ਦੇ ਮੁਖੀ ਦਾ ਅਹੁਦਾ ਸਾਂਭ ਲੈਣਗੇ। ਇਸ ਐਲਾਨ ਨਾਲ ਲਗਾਤਾਰ
22ਵੇਂ ਮਹੀਨੇ ਵਿਆਜ ਦਰ ਇੱਕ ਫੀ ਸਦੀ ਰੱਖੀ ਗਈ ਹੈ ਤੇ ਇਹ ਸਿਲਸਿਲਾ ਸਤੰਬਰ 2010 ਵਿੱਚ
ਸੁ਼ਰੂ ਹੋਇਆ ਸੀ। ਆਰਬੀਸੀ ਗਲੋਬਲ ਅਸੈਟ ਮੈਨੇਜਮੈਂਟ ਦੇ ਚੀਫ ਇਕਨਾਮਿਸਟ ਐਰਿਕ ਲੈਸੈਲਸ
ਨੇ ਆਖਿਆ ਕਿ ਇੱਕ ਵਾਰੀ ਮੁੜ ਯਥਾ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਹੈ। ਕਾਰਨੇ ਨੇ ਆਪਣਾ
ਅਹੁਦਾ ਛੱਡਦੇ ਸਮੇਂ ਵੀ ਕੋਈ ਤਬਦੀਲੀ ਨਹੀਂ ਕੀਤੀ। ਇਸ ਕਾਰਨ ਨਵੇਂ ਗਵਰਨਰ ਸਟੀਫਨ
ਪੋਲੋਜ਼ ਕਾਫੀ ਹੱਦ ਤੱਕ ਕਾਰਨੇ ਦੇ ਸੁ਼ਕਰਗੁਜ਼ਾਰ ਹੋਣਗੇ। ਬੁੱਧਵਾਰ ਸਵੇਰੇ ਜਾਰੀ ਕੀਤੇ
ਗਏ ਇੱਕ ਬਿਆਨ ਵਿੱਚ ਬੈਂਕ ਆਫ ਕੈਨੇਡਾ ਨੇ ਆਖਿਆ ਕਿ ਅਪਰੈਲ ਵਿੱਚ ਮਾਨੇਟਰੀ ਪਾਲਿਸੀ
ਰਿਪੋਰਟ ਦੇ ਹਿਸਾਬ ਨਾਲ ਜਿਹੜੀਆਂ ਕਿਆਸਅਰਾਈਆਂ ਲਾਈਆਂ ਗਈਆਂ ਸਨ ਉਨ੍ਹਾਂ ਦੇ ਹਿਸਾਬ ਨਾਲ
ਵਿਸ਼ਵਵਿਆਪੀ ਆਰਥਿਕ ਵਿਕਾਸ ਸਹੀ ਲੀਹ ਉੱਤੇ ਚੱਲ ਰਿਹਾ ਹੈ। ਬੈਂਕ ਨੇ ਆਖਿਆ ਕਿ ਕੈਨੇਡਾ
ਦੀ ਵਿਕਾਸ ਦਰ ਵਿੱਚ ਥੋੜ੍ਹੀ ਮਜ਼ਬੂਤੀ ਆਈ ਹੈ ਤੇ ਮਹਿੰਗਾਈ ਨੂੰ ਥੋੜ੍ਹੀ ਠੱਲ੍ਹ ਪਈ
ਹੈ। ਇਸ ਲਈ ਬੈਂਕ ਨੇ ਇਹ ਆਖਿਆ ਹੈ ਕਿ ਵਿਆਜ ਦਰਾਂ ਵਿੱਚ ਹੌਲੀ ਹੌਲੀ ਵਾਧਾ ਹੋਵੇਗਾ। ਪਰ
ਇਸ ਬਿਆਨ ਵਿੱਚ ਸ਼ਬਦ ਹੌਲੀ ਹੌਲੀ ਆਇਆ ਹੈ ਤੇ ਇੰਜ ਲੱਗਦਾ ਹੈ ਕਿ ਵਿਆਜ ਦਰਾਂ ਨੇੜ
ਭਵਿੱਖ ਵਿੱਚ ਵੀ ਵਧਾਉਣ ਦੀ ਬੈਂਕ ਨੂੰ ਕੋਈ ਕਾਹਲ ਨਹੀਂ ਹੈ।
No comments:
Post a Comment