jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 30 May 2013

ਸਾਬਕਾ ਪੁਲਿਸ ਮੁਖੀ ਵੱਲੋਂ ਅਹਿਮ ਖ਼ੁਲਾਸੇ ਰਾਜ ਦੇ ਸਿਆਸੀ ਆਗੂ ਵੀ ਨਸ਼ਿਆਂ ਦੀ ਤਸਕਰੀ 'ਚ ਸ਼ਾਮਿਲ


 

ਜਲੰਧਰ, 29 ਮਈ-ਪੰਜਾਬ ਪੁਲਿਸ ਦੇ ਸੇਵਾ-ਮੁਕਤ ਡਾਇਰੈਕਟਰ ਜਨਰਲ ਤੇ ਨਸ਼ਿਆਂ ਿਖ਼ਲਾਫ਼ ਮੁਹਿੰਮ ਕਾਰਨ ਚਰਚਾ 'ਚ ਰਹੇ ਸ੍ਰੀ ਸ਼ਸ਼ੀ ਕਾਂਤ ਨੇ ਅਹਿਮ ਖ਼ੁਲਾਸੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਤਸਕਰੀ ਨਾਲ ਪੰਜਾਬ ਦੇ ਕੁਝ ਅਹਿਮ ਸਿਆਸੀ ਆਗੂਆਂ ਦੇ ਤਾਰ ਵੀ ਜੁੜੇ ਹੋਏ ਹਨ | 'ਅਜੀਤ' ਦੇ ਇਸ ਪੱਤਰਕਾਰ ਨਾਲ ਇਕ ਲੰਮੀ ਗੱਲਬਾਤ 'ਚ ਸ੍ਰੀ ਸ਼ਸ਼ੀ ਕਾਂਤ ਨੇ ਅਹਿਮ ਭੇਦ ਖੋਲ੍ਹਦਿਆਂ ਦੱਸਿਆ ਕਿ ਖਾੜਕੂ ਲਹਿਰ ਦੇ ਦੌਰ ਸਮੇਂ ਪਾਕਿਸਤਾਨ ਤੋਂ ਹਥਿਆਰਾਂ ਦੇ ਨਾਲ ਨਸ਼ੀਲੇ ਪਦਾਰਥ ਵੀ ਆਉਣੇ ਸ਼ੁਰੂ ਹੋਏ ਸਨ | ਪਰ ਉਸ ਸਮੇਂ ਕਿਸੇ ਵੀ ਖਾੜਕੂ ਗਰੁੱਪ ਨੇ ਨਸ਼ੀਲੇ ਪਦਾਰਥ ਪੰਜਾਬ ਵਿਚ ਰੱਖੇ ਜਾਂ ਵੇਚੇ ਨਹੀਂ, ਸਗੋਂ ਦੱਸੇ ਗਏ ਅਗਲੇ ਸਥਾਨਾਂ ਉੱਪਰ ਹੀ ਭੇਜ ਦਿੱਤੇ ਜਾਂਦੇ ਰਹੇ ਹਨ ਤੇ ਸਿਰਫ ਹਥਿਆਰਾਂ ਦੀ ਹੀ ਉਹ ਵਰਤੋਂ ਕਰਦੇ ਰਹੇ ਹਨ | ਜਿਉਂ ਹੀ 1991-92 ਤੋਂ ਖਾੜਕੂ ਲਹਿਰ ਲਹਾਅ 'ਚ ਚਲੀ ਗਈ ਤਾਂ ਪਾਕਿਸਤਾਨ 'ਚ ਬਚੇ ਖਾੜਕੂਆਂ ਅਤੇ ਪੰਜਾਬ 'ਚ ਉੱਭਰੇ ਨਵੇਂ ਤਸਕਰਾਂ ਨੇ ¥ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਸਿਆਸਤਦਾਨਾਂ ਨੇ ਆਪਣੇ ਸਵਾਰਥ ਲਈ ਅਜਿਹੇ ਲੋਕਾਂ ਦੀ ਪੁਸ਼ਤ-ਪਨਾਹੀ ਕਰਨੀ ਸ਼ੁਰੂ ਕਰ ਦਿੱਤੀ | ਇਸ ਤੋਂ ਬਾਅਦ ਹੀ ਪੰਜਾਬ ਅੰਦਰ ਸ਼ਸ਼ੀ ਕਾਂਤ ਦੇ ਕਹਿਣ ਅਨੁਸਾਰ ਨਾਰਕੋ ਪਾਲੇਟਿਕਸ (ਨਸ਼ਿਆਂ ਦੀ ਸਿਆਸਤ) ਦਾ ਆਰੰਭ ਹੋਇਆ | ਉਹ ਆਖਦੇ ਹਨ ਕਿ ਨਸ਼ਿਆਂ ਦੀ ਤਸਕਰੀ 'ਚ ਮਦਦਗਾਰ ਹੋਣ 'ਚ ਪੁਲਿਸ ਦੇ ਥਾਣਾ ਮੁਖੀ ਤੋਂ ਐਸ. ਪੀ. ਰੈਂਕ ਦੇ ਅਧਿਕਾਰੀ ਤੱਕ ਕਾਫੀ ਗਿਣਤੀ ਵਿਚ ਸ਼ਾਮਿਲ ਹਨ | ਪਰ ਪੁਲਿਸ ਅਫ਼ਸਰਸ਼ਾਹੀ 'ਚੋਂ ਕੋਈ ਅਫ਼ਸਰ ਇਸ ਕੰਮ 'ਚ ਸ਼ਾਮਿਲ ਨਹੀਂ ਹੈ ਪਰ ਸ਼ਸ਼ੀ ਕਾਂਤ ਨੇ ਇੰਕਸ਼ਾਫ਼ ਕੀਤਾ ਕਿ ਸਰਹੱਦੀ ਰੇਂਜ ਤੇ ਜਲੰਧਰ ਰੇਂਜ ਦੇ ਬਹੁਤ ਸਾਰੇ ਪੁਲਿਸ ਅਧਿਕਾਰੀ ਜਾਇਦਾਦ ਕਾਰੋਬਾਰ ਦੇ ਧੰਦੇ ਵਿਚ ਪਏ ਹੋਏ ਹਨ | ਕਈ ਅਫ਼ਸਰ ਤਾਂ ਅਫ਼ਸਰ ਘੱਟ ਤੇ ਪ੍ਰਾਪਰਟੀ ਡੀਲਰ ਵਧੇਰੇ ਬਣੇ ਹੋਏ ਹਨ | ਪ੍ਰਾਪਰਟੀ ਡੀਲਰਾਂ ਤੇ ਅਜਿਹੇ ਅਧਿਕਾਰੀਆਂ ਦੇ ਨਾਪਾਕ ਗਠਜੋੜ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਉੱਪਰ ਵੀ ਕਬਜ਼ੇ ਕੀਤੇ ਜਾਂਦੇ ਹਨ ਤੇ ਕਈ ਝਗੜੇ ਵਾਲੀਆਂ ਮਹਿੰਗੀਆਂ ਜਾਇਦਾਦਾਂ ਉੱਪਰ ਅੱਖ ਰੱਖੀ ਜਾਂਦੀ ਹੈ |

ਸਾਲ ਕੁ ਪਹਿਲਾਂ ਡੀ. ਜੀ. ਪੀ. ਦੇ ਅਹੁਦੇ ਤੋਂ ਫਾਰਗ ਹੋਏ ਤੇ ਪੰਜਾਬ ਤੇ ਦਿੱਲੀ 'ਚ ਖੁਫ਼ੀਆ ਵਿਭਾਗ ਦੇ ਚੋਟੀ ਦੇ ਅਫ਼ਸਰ ਵਜੋਂ ਕੰਮ ਕਰ ਚੁੱਕੇ ਸ਼ਸ਼ੀ ਕਾਂਤ ਨੇ ਇਕ ਹੋਰ ਅਹਿਮ ਖ਼ੁਲਾਸਾ ਕੀਤਾ ਕਿ ਪੰਜਾਬ ਅੰਦਰ ਵੱਡੇ ਫਾਰਮ ਹਾਊਸਾਂ 'ਚ ਹੁੰਦੀਆਂ ਰੇਵ ਪਾਰਟੀਆਂ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਆਮ ਹੁੰਦਾ ਹੈ ਤੇ ਇਨ੍ਹਾਂ ਪਾਰਟੀਆਂ ਵਿਚ ਵੱਡੇ ਘਰਾਂ ਦੇ ਕਾਕੇ, ਕਾਕੀਆਂ ਤੇ ਹੋਰ ਲੋਕ ਸ਼ਾਮਿਲ ਹੁੰਦੇ ਹਨ | ਪੰਜਾਬ ਬਾਰੇ ਹੁਣ ਤੱਕ ਕੀਤੇ ਗਏ ਕਈ ਸਰਵੇਖਣਾਂ 'ਚ ਇਹ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਕਿਸੇ ਨਾ ਕਿਸੇ ਰੂਪ 'ਚ ਨਸ਼ਿਆਂ ਦਾ ਸੇਵਨ ਕਰਦੇ ਹਨ | 60 ਫੀਸਦੀ ਦੇ ਕਰੀਬ ਸਕੂਲੀ ਬੱਚੇ ਵੀ ਕਿਸੇ ਨਾ ਕਿਸੇ ਸਮੇਂ ਨਸ਼ਿਆਂ ਦਾ ਸੇਵਨ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਬਾਹਰੋਂ ਨਸ਼ੀਲੇ ਪਦਾਰਥ ਆਉਣ ਦਾ ਰਸਤਾ ਮੁੰਬਈ ਹੀ ਸੀ ਪਰ ਹੁਣ ਦੇਸ਼ ਅੰਦਰ ਅਨੇਕਾਂ ਨਾਕੇ ਇਸ ਹਮਲੇ ਖੁੱਲ੍ਹ ਚੁੱਕੇ ਹਨ। ਜੰਮੂ-ਕਸ਼ਮੀਰ ਰਾਹੀਂ ਨਸ਼ੀਲੇ ਪਦਾਰਥ ਹਿਮਾਚਲ ਪਹੁੰਚ ਰਹੇ ਹਨ। ਨਿਪਾਲ ਤੋਂ ਉਤਰਾਖੰਡ ਦੇ ਤਰਾਈ ਖੇਤਰ ਅਤੇ ਬਿਹਾਰ 'ਚ ਬਕਸਰ ਰਾਹੀਂ ਇਹ ਧੰਦਾ ਸ਼ੁਰੂ ਹੋ ਗਿਆ ਹੈ। ਮੀਆਂਮਾਰ, ਬਰਮਾ ਆਦਿ ਤੋਂ ਬੰਗਲਾਦੇਸ਼ ਤੇ ਫਿਰ ਪੱਛਮੀ ਬੰਗਾਲ 'ਚ ਨਸ਼ੀਲੇ ਪਦਾਰਥ ਪੁੱਜਣ ਦਾ ਰਸਤਾ ਖੁੱਲ੍ਹ ਗਿਆ ਹੈ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਸਰਹੱਦ ਰਾਹੀਂ ਨਸ਼ੀਲੇ ਪਦਾਰਥ ਬੇਰੋਕ-ਟੋਕ ਆਉਂਦੇ ਹਨ। ਬੀ. ਐਸ. ਐਫ. ਦੇ ਅਨੇਕਾਂ ਅਧਿਕਾਰੀ ਤੇ ਕਰਮਚਾਰੀ ਇਸ ਸਮੇਂ ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਹੇਠ ਜੇਲ੍ਹਾਂ 'ਚ ਬੰਦ ਹਨ। ਜਦ ਕਦੇ ਰੌਲਾ ਪੈਂਦਾ ਹੈ ਤਾਂ ਬੀ. ਐਸ. ਐਫ. ਬਰਾਮਦਗੀ ਦਿਖਾ ਦਿੰਦੀ ਹੈ, ਨਹੀਂ ਤਾਂ ਚੁੱਪ-ਚਾਪ ਇਹ ਧੰਦਾ ਚਲਦਾ ਰਹਿੰਦਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਅੰਮ੍ਰਿਤਸਰ, ਫਿਲੌਰ ਤੇ ਫਿਰੋਜ਼ਪੁਰ 'ਚ ਪਿਛਲੇ ਸਮੇਂ 'ਚ ਫੜੇ ਗਏ ਲੋਕਾਂ ਦੀ ਸਿਆਸਤਦਾਨਾਂ ਵੱਲੋਂ ਪੁਸ਼ਤ-ਪਨਾਹੀ ਕਰਨ ਦੇ ਸਬੂਤ ਸਾਹਮਣੇ ਆਏ ਹਨ। ਨੌਕਰੀ ਦੌਰਾਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸ਼ਸ਼ੀ ਕਾਂਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਸੁਤਰਾਣਾ ਅਤੇ ਫਿਰੋਜ਼ਪੁਰ 'ਚ ਸ੍ਰੀਗੰਗਾਨਗਰ ਤੋਂ ਆਉਂਦੇ ਰਸਤੇ ਅਜਿਹੇ ਹਨ, ਜਿੱਥੇ ਨਸ਼ਿਆਂ ਦੇ ਭਰੇ ਟਰੱਕ ਹੀ ਸਿੱਧੇ ਲੰਘਾ ਦਿੱਤੇ ਜਾਂਦੇ ਹਨ। ਇਹ ਸਾਰਾ ਕੁਝ ਪੁਲਿਸ ਦੀ ਮਿਲੀਭੁਗਤ ਬਗੈਰ ਨਹੀਂ ਹੋ ਸਕਦਾ। ਜੇਲ੍ਹਾਂ 'ਚ ਨਸ਼ਿਆਂ ਦੇ ਵਰਤਾਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਲ੍ਹਾਂ ਦੀ ਹਾਲਤ ਵੇਖ ਕੇ ਤਾਂ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਹਿੱਲ ਹੀ ਗਿਆ ਸੀ। ਡੀ. ਜੀ. ਪੀ. (ਜੇਲ੍ਹਾਂ) ਸਮੇਂ ਜਦ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਗੜਬੜ ਹੋਈ। ਮੈਂ ਮੌਕੇ 'ਤੇ ਪੁੱਜਿਆ ਅਤੇ ਦੇਖਿਆ ਕਿ ਨਸ਼ੇ 'ਚ ਧੁੱਤ ਕੈਦੀ ਮੋਢਿਆਂ ਉੱਪਰ ਅੱਗ ਲੱਗੇ ਗੈਸ ਸਿਲੰਡਰ ਚੁੱਕੀ ਭੱਜੇ ਜਾਂਦੇ ਹਨ। ਉਨ੍ਹਾਂ ਨੂੰ ਸੁਰਤ ਹੀ ਨਹੀਂ ਸੀ ਕਿ ਉਹ ਅੱਗ ਨਾਲ ਖੇਡ ਰਹੇ ਹਨ। ਸ੍ਰੀ ਕਾਂਤ ਨੇ ਮੰਨਿਆ ਕਿ ਜੇਲ੍ਹਾਂ ਵਿਚ ਨਸ਼ਿਆਂ ਦੀ ਬਹੁਤ ਖਪਤ ਹੈ ਤੇ ਇਹ ਬੜੀ ਵੱਡੀ ਸਮੱਸਿਆ ਹੈ। ਜੇਲ੍ਹਾਂ 'ਚ ਨਸ਼ਿਆਂ ਦੀ ਆਮਦ ਲਈ ਉਹ ਜੇਲ੍ਹ ਵਾਰਡਨਾਂ ਦੀ ਮਿਲੀ-ਭੁਗਤ ਅਤੇ ਪੇਸ਼ੀਆਂ ਉੱਪਰ ਜਾਣ ਸਮੇਂ ਵਾਪਸੀ ਸਮੇਂ ਨਜ਼ਰਬੰਦਾਂ ਵੱਲੋਂ ਲੁਕੋ ਕੇ ਨਸ਼ੇ ਲਿਆਉਣ ਨੂੰ ਮੁੱਖ ਕਾਰਨ ਮੰਨਦੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਫਤਹਿਗੜ੍ਹ ਸਾਹਿਬ ਵਿਖੇ ਨਸ਼ਿਆਂ ਦੀ ਬਰਾਮਦਗੀ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਇਕ ਸਾਰਥਕ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮਾਜ ਵਿਰੋਧੀ ਲਾਹਨਤ ਨੂੰ ਰੋਕਣ ਲਈ ਦ੍ਰਿੜ੍ਹ ਸਿਆਸੀ ਇੱਛਾ ਦੀ ਜ਼ਰੂਰਤ ਹੈ।
ਸ੍ਰੀ ਸ਼ਸ਼ੀ ਕਾਂਤ ਨੇ ਕਿਸੇ ਵੀ ਸਿਆਸੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਹੁਣ ਤੱਕ ਕਾਂਗਰਸ, ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਵੱਲੋਂ ਪਾਰਟੀ 'ਚ ਸ਼ਾਮਿਲ ਹੋਣ ਦੀ ਪੇਸ਼ਕਸ਼ ਆ ਚੁੱਕੀ ਹੈ। ਅਕਾਲੀ ਦਲ ਕਿਉਂਕਿ ਹੁਕਮਰਾਨ ਪਾਰਟੀ ਹੈ, ਸ਼ਾਇਦ ਇਸ ਕਰਕੇ ਮੇਰੀ ਸਰਗਰਮੀ ਦਾ ਉਨ੍ਹਾਂ ਨੂੰ ਕੋਈ ਸਿੱਧਾ ਲਾਭ ਨਾ ਹੁੰਦਾ ਹੋਵੇ, ਇਸ ਕਰਕੇ ਉਨ੍ਹਾਂ ਵੱਲੋਂ ਕਿਸੇ ਨੇ ਸੰਪਰਕ ਨਹੀਂ ਕੀਤਾ।

No comments: