ਬਚਪਨ ਵਿਚ ਜਦੋਂ ਕਿਸੇ ਨੌਜਵਾਨ ਦਾ ਸਰੀਰ ਤਕੜਾ ਹੋਣਾ ਜਾਂ ਕਿਸੇ ਨੌਜਵਾਨ ਨੂੰ ਭਲਵਾਨੀ ਦਾ ਸ਼ੌਕ ਹੋਣਾ ਤਾਂ ਬਜ਼ੁਰਗਾਂ ਦੇ ਮੂੰਹੋਂ ਆਪ ਮੁਹਾਰੇ ਇਕੋ ਗੱਲ ਨਿਕਲਣੀ ਕਿ “ਤੂੰ ਕਿਥੋਂ ਆ ਗਿਆ ਵੱਡਾ ਦਾਰਾ ਸਿੰਘ” ਤਾਂ ਮਨ ਵਿਚ ਆਮ ਹੀ ਸਵਾਲ ਉੱਠਣੇ ਕਿ ਕੌਣ ਹੈ ਇਹ ਦਾਰਾ ਸਿੰਘ ?? ਹੌਲੀ ਹੌਲੀ ਪਤਾ ਲੱਗਾ ਕਿ ਦਾਰਾ ਸਿੰਘ ਪੰਜਾਬ ਦਾ ਇਕ ਪਹਿਲਵਾਨ ਹੈ। ਉਸ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ੍ਹ ਦੇ ਧਰਮੂਚੱਕ ਪਿੰਡ ਵਿਚ ਹੋਇਆ। ਸੁਣਦੇ ਹੁੰਦੇ ਸੀ ਕਿ ਦਾਰਾ ਸਿੰਘ ਵਿਚ ਮਨਾ ਮੂੰਹੀਂ ਜੋਰ ਹੈ। ਉਹ ਸਾਬਤੇ ਬੱਕਰੇ ਦੀ ਤਰੀ ਪੀ ਜਾਂਦਾ ਅਤੇ ਬਾਲਟੀਆਂ ਦੀਆਂ ਬਾਲਟੀਆਂ ਦੁੱਧ ਉਸਦੀ ਖ਼ੁਰਾਕ ਦਾ ਹਿੱਸਾ ਹਨ। ਉਸਦਾ ਮੁਕਾਬਲਾ ਦੁਨੀਆ ਦੇ ਵੱਡੇ ਵੱਡੇ ਭਲਵਾਨ ਵੀ ਨਹੀ ਕਰ ਸਕਦੇ। ਉਸਦੀ ਭਲਵਾਨੀ ਦੀਆਂ ਗੱਲਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਹੁੰਦੀਆਂ। ਜਦੋਂ ਦਾਰਾ ਸਿੰਘ 29 ਮਈ 1968 ਵਿੱਚ ਭਲਵਾਨ ਕਿੰਗ ਕਾਂਗ ਅਤੇ ਜਾਰਜ ਗੋਰਦਿਏਨਕੋ ਨੂੰ ਹਰਾ ਕੇ ਵਰਲਡ ਚੈਂਪੀਅਨ ਬਣਿਆ ਤਾਂ ਉਸਦੀ ਤੂਤੀ ਪੂਰੀ ਦੁਨੀਆ ਵਿਚ ਬੋਲਣ ਲੱਗੀ। ਦੁਨੀਆ ਉਸਦੀ ਇੱਕ ਝਲਕ ਪਾਉਣ ਲਈ ਉਤਾਵਲੀ ਰਹਿੰਦੀ। ਪਿੰਡਾਂ ਵਿਚ ਉਸਦੀਆਂ ਕਹਾਣੀਆਂ ਚੱਲਣ ਲੱਗੀਆਂ। ਕੋਈ ਕਹਿੰਦਾ ਕਿ ਦਾਰਾ ਸਿੰਘ ਝੋਟੇ ਨੂੰ ਐਸਾ ਵਗਾ ਕਿ ਮਾਰਦਾ ਕਿ ਉਹ ਦੁਬਾਰਾ ਉੱਠ ਨੀ ਸਕਦਾ, ਕੋਈ ਕਹਿੰਦਾ ਕਿ ਦਾਰਾ ਸਿੰਘ `ਚ ਇੰਨਾ ਜੋਰ ਹੈ ਕਿ ਉਹ ਰੇਲ ਦੇ ਇੰਜਨ ਨੂੰ ਹਿੱਕ ਨਾਲ ਰੋਕ ਦਿੰਦਾ ਹ ੈਅਤੇ ਉਹ ਮੁੱਕਾ ਮਾਰ ਕਿ ਪੱਥਰ ਪਾੜ ਦਿੰਦਾ ਹੈ। ਉਸ ਬਾਰੇ ਕਹੀ ਹਰ ਇੱਕ ਗੱਲ ਸੱਚੀ ਲਗਦੀ, ਪਿੰਡ ਦੇ ਗੱਭਰੂ ਉਸਦੀ ਰੀਸ ਨਾਲ ਭਲਵਾਨੀ ਦਾ ਜੋਰ ਕਰਦੇ, ਖ਼ੁਰਾਕਾਂ ਖਾਂਦੇ, ਉਸ ਵਰਗਾ ਬਣਨਾ ਲੋਚਦੇ। ਭਲਵਾਨੀ ਵਿੱਚ ਝੰਡੇ ਗੱਡਣ ਤੋਂ ਬਾਅਦ ਦਾਰਾ ਸਿੰਘ ਨੇ ਰੁਖ ਕੀਤਾ ਫ਼ਿਲਮਾਂ ਅਤੇ ਛੋਟੇ ਪਰਦੇ ਵੱਲ। ਜਦੋਂ ਦਾਰਾ ਸਿੰਘ ਨੇ ਰਾਮਾਇਣ ਵਿਚ ਹਨੂੰਮਾਨ ਦਾ ਰੋਲ ਨਿਭਾਇਆ ਤਾਂ ਉਸਦੀ ਪ੍ਰਸਿੱਧੀ ਇੱਕ ਵਾਰ ਫੇਰ ਘਰ ਘਰ ਪਹੁੰਚੀ। ਲੋਕ ਉਸੇ ਨੂੰ ਹੀ ਅਵਤਾਰ ਸਮਝਣ ਲੱਗੇ, ਉਸਦੀਆਂ ਫ਼ੋਟੋਆਂ ਦੀ ਪੂਜਾ ਕਰਦੇ ਰਹੇ। ਉਸਨੇ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵੀ ਕੀਤੀਆਂ ਜੋ ਕਿ ਮੀਲ ਪੱਥਰ ਸਾਬਤ ਹੋਈਆਂ। ਫ਼ਿਲਮਾਂ ਵਿਚ ਵੀ ਦਾਰਾ ਸਿੰਘ ਨੇ ਸਾਫ਼ ਸੁਥਰੀ ਪੇਸ਼ਕਾਰੀ ਕੀਤੀ ਅਤੇ ਉਸਦੀਆਂ ਫ਼ਿਲਮਾਂ ਸੇਧ ਦੇਣ ਵਾਲੀਆਂ ਹੰੁਦੀਆਂ ਸਨ। ਇੱਥੋਂ ਤੱਕ ਕਿ ਇੰਨੀ ਪ੍ਰਸਿੱਧੀ ਦੇ ਬਾਵਜੂਦ ਵੀ ਬਜ਼ੁਰਗ ਹੁੰਦਿਆਂ ਉਹ ਪੰਜਾਬੀ ਫ਼ਿਲਮਾਂ ਕਰਦੇ ਰਹੇ ਅਤੇ ਪੰਜਾਬ ਨੂੰ ਪਿਆਰ ਕਰਦੇ ਰਹੇ। ਇੱਕ ਮੁਲਾਕਾਤ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਮਿੱਟੀ ਦਾ ਮੋਹ ਮੇਰੇ ਰਗ ਰਗ ਵਿੱਚ ਸਮਾਇਆ ਹੋਇਆ ਹੈ। ਮੈਂ ਜੋ ਵੀ ਹਾਂ ਪੰਜਾਬ ਕਰਕੇ ਹਾਂ। ਉਹ ਆਪਣੇ ਆਖ਼ਰੀ ਸਮੇਂ ਤੱਕ ਲੋਕਾਂ ਨੂੰ ਚੰਗਾ ਇਨਸਾਨ ਬਣਨ ਦਾ ਸੁਨੇਹਾ ਦਿੰਦੇ ਰਹੇ। ਨੌਜਵਾਨਾਂ ਨੂੰ ਮਾੜੇ ਕੰਮਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਰਹੇ। ਇਸ ਦੇ ਫਲਸਰੂਪ ਹਜ਼ਾਰਾਂ ਹੀ ਨੌਜਵਾਨਾਂ ਨੇ ਦਾਰਾ ਸਿੰਘ ਨੂੰ ਆਦਰਸ਼ ਮੰਨ ਕੇ ਆਪਣੀ ਜਿੰਦਗੀ ਖੇਡਾਂ, ਭਲਵਾਨੀ ਅਤੇ ਚੰਗੇ ਕੰਮਾਂ ਵਿਚ ਲਗਾਈ।
ਪਰ ਅਫ਼ਸੋਸ ਲੱਖਾਂ ਲੋਕਾਂ ਦਾ ਚਾਨਣ ਮੁਨਾਰਾ ਦਾਰਾ ਸਿੰਘ ਖ਼ੁਦ ਆਪਣੇ ਪੁੱਤਰ ਵਿੰਦੂ ਦਾਰਾ ਸਿੰਘ ਲਈ ਪ੍ਰੇਰਨਾ ਸਰੋਤ ਨਾ ਬਣ ਸਕਿਆ। ਦਾਰਾ ਸਿੰਘ ਨੇ ਵੀ ਉਸਨੂੰ ਜਿੰਦਗੀ ਵਿਚ ਸਫਲ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕਿਆ। ਪਹਿਲਾਂ ਤਾਂ ਦਾਰਾ ਸਿੰਘ ਨੇ ਵਿੰਦੂ ਨੂੰ ਫ਼ਿਲਮਾਂ ਵਾਲੇ ਪਾਸੇ ਲਿਆਉਣਾ ਚਾਹਿਆ ਪਰ ਉਸਦੇ ਲੱਖ ਯਤਨਾਂ ਦੇ ਬਾਵਜੂਦ ਉਹ ਫ਼ਿਲਮਾਂ ਵਿਚ ਚੱਲ ਨਾ ਸਕਿਆ, ਭਲਵਾਨੀ ਉਸ ਤੋਂ ਹੋਈ ਨਹੀਂ, ਹਾਂ ਇੱਕ ਵਾਰ ਉਹ ਰਿਆਲਟੀ ਸ਼ੋਅ ਬਿਗ ਬੋਸ `ਚ ਚੈਂਪੀਅਨ ਜ਼ਰੂਰ ਬਣਿਆ। ਜਿਸ ਨਾਲ ਉਸਦੀ ਥੋੜ੍ਹੀ ਬਹੁਤ ਚਰਚਾ ਤਾਂ ਹੋਈ ਪਰ ਉਹ ਆਪਣਾ ਇੱਕ ਵੱਖਰਾ ਮੁਕਾਮ ਕਦੇ ਨਾ ਬਣਾ ਸਕਿਆ। ਉਸਨੇ ਆਪਣੇ ਪਿਤਾ ਵਾਂਗ ਕੋਈ ਵਰਨਣਯੋਗ ਕੰਮ ਨਹੀਂ ਕੀਤਾ ਜਿਸਤੇ ਮਾਣ ਕੀਤਾ ਜਾ ਸਕੇ। ਵਿੰਦੂ ਬੰਬਈ ਪਲਿਆ ਅਤੇ ਵੱਡਾ ਹੋਇਆ ਅਤੇ ਉੱਥੋਂ ਦੇ ਹੀ ਰੰਗ ਵਿਚ ਰੰਗਿਆ ਹੋਇਆ ਸੀ । ਉਸਦਾ ਪੰਜਾਬ ਪ੍ਰਤੀ ਮੋਹ ਵੀ ਕੋਈ ਖ਼ਾਸ ਤਵੱਜੋ ਵਾਲਾ ਨਹੀਂ ਸੀ। ਉਸਨੇ ਆਪਣੀ ਨਿੱਜੀ ਜਿੰਦਗੀ ਵਿਚ ਵੀ ਆਪਣੀ ਪਤਨੀ ਨੂੰ ਛੱਡ ਕੇ ਇੱਕ ਇਟਾਲੀਅਨ ਲੜਕੀ ਨਾਲ ਵਿਆਹ ਕਰਵਾਇਆ।
ਖ਼ੈਰ ਵਕਤ ਦੇ ਚੱਲਦੇ ਇਹਨਾਂ ਚੰਗੇ ਮਾੜੇ ਦਿਨਾਂ ਵਿਚ ਦਾਰਾ ਸਿੰਘ ਇਸ ਰੰਗਲੀ ਦੁਨੀਆ ਤੋਂ ਉਡਾਰੀ ਮਾਰ ਗਿਆ। ਉਸ ਵੇਲੇ ਸਾਰੇ ਹਿੰਦੁਸਤਾਨ ਦੇ ਬਾਸ਼ਿੰਦਿਆਂ ਤੋਂ ਇਲਾਵਾ ਹਰ ਪੰਜਾਬੀ ਦੀ ਅੱਖ ਰੋਈ ਕਿ ਪੰਜਾਬ ਦਾ ਮਹਾਨ ਸਪੂਤ ਸਾਡੇ ਤੋਂ ਵਿੱਛੜ ਗਿਆ। ਪਿੱਛੇ ਛੱਡ ਗਿਆ ਆਪਣੇ ਚੰਗੇ ਕੰਮ, ਚੰਗੇ ਕੰਮਾਂ ਦੀਆਂ ਯਾਦਾਂ ਜੋ ਹਰ ਇੱਕ ਦੇ ਦਿਲਾਂ ਵਿਚ ਹਮੇਸ਼ਾ ਤਾਜਾਂ ਰਹਿਣਗੀਆਂ। ਹਾਲੇ ਦਾਰਾ ਸਿੰਘ ਦੀ ਮੌਤ ਦੀਆਂ ਗੱਲਾਂ ਹੀ ਨਹੀਂ ਮੁੱਕੀਆਂ ਸਨ ਕਿ ਵਿੰਦੂ ਦਾਰਾ ਸਿੰਘ ਨੂੰ ਮੁੰਬਈ ਪੁਲਿਸ ਨੇ ਆਈ ਪੀ ਐੱਲ ਦੇ ਮੈਚਾਂ ਵਿੱਚ ਮੈਚ ਫਿਕਸਿੰਗ ਦੇ ਦੋਸ਼ਾਂ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਵਿੰਦੂ ਤੇ ਗੰਭੀਰ ਦੋਸ਼ ਲੱਗ ਰਹੇ ਹਨ ਕਿ ਉਸਦਾ ਮੈਚ ਫਿਕਸ ਕਰਵਾਉਣ ਵਿਚ ਹੱਥ ਹੈ, ਉਹ ਸ਼੍ਰੀਸੰਥ ਨੂੰ ਕੁੜੀਆਂ ਸਪਲਾਈ ਕਰਦਾ ਸੀ ਅਤੇ ਉਸਦੇ ਅੰਡਰਵਰਲਡ ਨਾਲ ਸੰਬੰਧ ਹਨ। ਜਿੰਨਾ ਨੂੰ ਉਸਨੇ ਕਬੂਲ ਵੀ ਕੀਤਾ ਹੈ ਅਤੇ ਆਏ ਦਿਨ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਘਿਣਾਉਣੇ ਕਾਰਨਾਮਿਆਂ ਕਰਕੇ ਜਿੱਥੇ ਵਿੰਦੂ ਨੇ ਆਪਣੇ ਬਾਪ ਦਾਰਾ ਸਿੰਘ ਦੀ ਸਾਰੀ ਉਮਰ ਦੀ ਬਣਾਈ ਇੱਜ਼ਤ ਮਿੱਟੀ ਵਿਚ ਰੋਲ ਦਿਤੀ ਉੱਥੇ ਪੰਜਾਬੀਆਂ ਦਾ ਸਿਰ ਵੀ ਸ਼ਰਮ ਨਾਲ ਝੁਕ ਗਿਆ। ਇੱਕ ਪਾਸੇ ਭਲਵਾਨੀ, ਫ਼ਿਲਮਾਂ, ਟੀਵੀ, ਅਤੇ ਚੰਗੇ ਕੰਮਾਂ ਨਾਲ ਦੁਨੀਆ ਦੇ ਦਿਲਾਂ ਤੇ ਰਾਜ ਕਰਨ ਵਾਲਾ ਦਾਰਾ ਸਿੰਘ, ਦੂਜੇ ਪਾਸੇ ਮੈਚ ਫਿਕਸਿੰਗ, ਕੁੜੀਆਂ ਸਪਲਾਈ, ਅੰਡਰਵਰਲਡ ਨਾਲ ਸੰਬੰਧ ਅਜਿਹੀਆਂ ਸ਼ਰਮਨਾਕ ਗੱਲਾਂ ਕਰਕੇ ਚਰਚਾ ਵਿਚ ਆਉਣ ਵਾਲਾ ਵਿੰਦੂ ਦਾਰਾ ਸਿੰਘ। ਆਪਣੇ ਅਰਸ਼ਾਂ ਤੋਂ ਫ਼ਰਸ਼ਾਂ ਵੱਲ ਆ ਰਹੇ ਪਰਿਵਾਰ ਨੂੰ ਦੇਖ ਕੇ ਸ਼ਾਇਦ ਉੱਪਰ ਬੈਠੇ ਦਾਰਾ ਸਿੰਘ ਦੀ ਰੂਹ ਵੀ ਕੁਰਲਾ ਉੱਠੀ ਹੋਵੇਗੀ। ਇਸ ਸਭ ਦੇ ਦਰਮਿਆਨ ਜਿੱਥੇ ਦਾਰਾ ਸਿੰਘ ਨੂੰ ਚਾਹੁਣ ਵਾਲੇ ਵਿੰਦੂ ਨੂੰ ਲਾਹਨਤਾਂ ਪਾ ਰਹੇ ਹਨ ਉੱਥੇ ਸਭ ਦਾ ਇਹੀ ਸੋਚਣਾ ਹੈ ਕਿ ਵਿੰਦੂ ਨੂੰ ਪੈਸੇ ਜਾਂ ਸ਼ੋਹਰਤ ਦੀ ਕੋਈ ਕਮੀ ਸੀ ??? ਜੋ ਉਸਨੂੰ ਇਸ ਤਰ੍ਹਾਂ ਦੇ ਘਿਣਾਉਣੇ ਕੰਮ ਕਰਨੇ ਪਏ।
ਸਿਆਣੇ ਸੱਚ ਹੀ ਕਹਿੰਦੇ ਨੇ ਕਿ ਚੰਗੇ ਕੰਮਾਂ ਨਾਲ ਇੱਜ਼ਤ ਬਣਾਉਣ ਲਈ ਸਾਰੀ ਉਮਰ ਲੱਗ ਜਾਂਦੀ ਹੈ। ਪਰ ਬੁਰੇ ਕੰਮਾਂ ਕਰਕੇ ਇਸ ਨੂੰ ਮਿੱਟੀ ਵਿਚ ਮਿਲਣ ਲੱਗੀਆਂ ਕੁਝ ਹੀ ਪਲ ਲਗਦੇ ਹਨ।
ਕਰਨ ਬਰਾੜ (ਐਡੀਲੇਡ)
+61430850045
www.sabblok.blogspot.com
No comments:
Post a Comment