www.sabblok.blogspot.com
ਮੂਨਕ- ਮੂਨਕ
ਦੇ ਮਾਣਯੋਗ ਐਸ. ਡੀ. ਐਮ. ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਪੰਜਾਬੀ ਅਦਾਕਾਰ ਜਿੰਮੀ
ਸ਼ੇਰਗਿੱਲ, ਅਮਰਿੰਦਰ ਗਿੱਲ, ਸੁਰਵੀਨ ਚਾਵਲਾ, ਰਣਵਿਜੇ ਸਿੰਘ, ਪੰਜਾਬੀ ਫਿਲਮ 'ਟੋਹਰ
ਮਿੱਤਰਾ ਦੀ' ਦੇ ਨਿਰਦੇਸ਼ਕ ਨਵਨੀਤ ਸਿੰਘ ਅਤੇ ਫਿਲਮ ਨੂੰ ਜਾਰੀ ਕਰਨ ਵਾਲੀ ਕੰਪਨੀ ਇਰੋਜ਼
ਇੰਟਰਨੈਸ਼ਨਲ ਪ੍ਰੋਡਕਸ਼ਨ ਸੁਨੀਲ ਲੁਲਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਮੂਨਕ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਰਪਿੰਦਰ ਸਿੰਘ ਸਿੱਧੂ ਵਲੋਂ ਅਦਾਲਤ 'ਚ ਦਾਇਰ
ਕੀਤੇ ਗਏ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਹੁਕਮ ਜਾਰੀ ਕੀਤੇ ਹਨ। ਅਦਾਲਤ
ਵਲੋਂ 7 ਜੁਲਾਈ ਤੋਂ ਪਹਿਲਾਂ-ਪਹਿਲਾਂ ਫਿਲਮ ਨਾਲ ਜੁੜੇ ਅਦਾਕਾਰਾਂ ਅਤੇ ਫਿਲਮ ਨਿਰਮਾਤਾ
ਸਣੇ 12 ਵਿਅਕਤੀਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਿਛਲੇ ਸਾਲ 11 ਸਤੰਬਰ ਨੂੰ ਅਦਾਲਤ
'ਚ ਦਾਇਰ ਕੀਤੇ ਗਏ ਮੁਕੱਦਮੇ 'ਚ ਅਰਪਿੰਦਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਫਿਲਮ 'ਚ
ਵਕੀਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਪਿੰਦਰ ਸਿੱਧੂ ਨੇ ਕਿਹਾ ਕਿ ਵਕੀਲ
ਇਸ ਮਾਮਲੇ ਨੂੰ ਮੁਕਾਮ ਤੱਕ ਪਹੁੰਚਾਉਣਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।
ਮਾਣਯੋਗ ਅਦਾਲਤ ਨੇ ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਇਸ ਮਾਮਲੇ 'ਚ ਜ਼ਮਾਨਤੀ ਵਾਰੰਟ ਜਾਰੀ
ਕੀਤੇ ਸਨ ਅਤੇ 28 ਮਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ 'ਚ ਫਿਲਮ ਦੀ
ਸਟਾਰਕਾਸਟ ਪ੍ਰੋਡਕਸ਼ਨ ਹੈੱਡ ਕੈਲਾਸ਼ ਯਾਦਵ, ਐਗਜ਼ੀਕਿਊਟਿਵ ਪ੍ਰੋਡਿਊਸਰ ਜ਼ੋਨ ਚੇਰੀਅਨ
ਐਸੋਸੀਏਟ ਡਾਇਰੈਕਟਰ ਅਮਿਤ ਪਰਾਸ਼ਰ, ਐਡੀਟਰ ਮੁਨੀਸ਼ ਮੋਰੇ, ਫਿਲਮ ਦੇ ਕਹਾਣੀਕਾਰ ਧੀਰਜ ਰਤਨ
'ਤੇ ਤਲਵਾਰ ਲਟਕ ਰਹੀ ਹੈ। ਇਸ ਫਿਲਮ ਦੇ ਖਿਲਾਫ ਸੁਨਾਮ ਦੇ ਇਕ ਹੋਰ ਵਕੀਲ ਹਰਿੰਦਰ ਲਾਲੀ
ਨੇ ਵੀ ਇਸੇ ਤਰ੍ਹਾਂ ਦੀ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਦੇ ਵਾਰੰਟ ਤੋਂ ਬਾਅਦ ਹੁਣ
ਇਨ੍ਹਾਂ ਪੰਜਾਬੀ ਫਿਲਮੀ ਅਦਾਕਾਰਾਂ ਲਈ ਅਦਾਲਤ 'ਚ ਪੇਸ਼ ਹੋਣਾ ਜ਼ਰੂਰੀ ਹੋ ਗਿਆ ਹੈ।
No comments:
Post a Comment