www.sabblok.blogspot.com
ਕੈਮਰਿਆਂ 'ਤੇ ਕਾਲੇ ਰੰਗ ਦੀ ਸਪਰੇਅ ਕਰਕੇ ਘਟਨਾ ਨੂੰ ਦਿੱਤਾ ਅੰਜਾਮ
ਹੁਸ਼ਿਆਰਪੁਰ/ ਸ਼ਾਮਚੁਰਾਸੀ, 12 ਜੂਨ
(ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ/ ਖ਼ਾਨਪੁਰੀ)-ਬੀਤੀ ਰਾਤ ਅਣਪਛਾਤੇ ਲੁਟੇਰਿਆਂ ਨੇ
ਪੰਜਾਬ ਨੈਸ਼ਨਲ ਬੈਂਕ ਦੇ ਨੰਦਾਚੌਰ ਸਥਿਤ ਏ. ਟੀ. ਐਮ. ਨੂੰ ਤੋੜ ਕੇ ਉਸ 'ਚੋਂ 18 ਲੱਖ
35 ਹਜ਼ਾਰ 500 ਰੁਪਏ ਲੁੱਟ ਲਏ। ਲੁਟੇਰਿਆਂ ਨੇ ਏ. ਟੀ. ਐਮ. ਦੇ ਕੈਮਰਿਆਂ 'ਤੇ ਕਾਲੇ
ਰੰਗ ਦੀ ਸਪਰੇਅ ਕਰਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦਿਆਂ ਹੀ ਸ: ਜਗਮੋਹਣ
ਸਿੰਘ ਐਸ. ਪੀ. (ਡੀ.), ਸ: ਹਰਿੰਦਰਪਾਲ ਸਿੰਘ ਡੀ. ਐਸ. ਪੀ (ਦਿਹਾਤੀ), ਸ: ਹਰਲੀਨ ਸਿੰਘ
ਐਸ. ਐਚ. ਓ. ਬੁੱਲ੍ਹੋਵਾਲ ਅਤੇ ਫਿੰਗਰ ਪ੍ਰਿੰਟ ਮਾਹਿਰ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ
ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ. ਐਨ. ਬੀ. ਨੰਦਾਚੌਰ
ਦੇ ਮੈਨੇਜਰ ਰਣਨੇਸ਼ਵਰ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਏ. ਟੀ. ਐਮ. ਮਸ਼ੀਨ 'ਚੋਂ ਪੈਸੇ
ਲੁੱਟਣ ਦੀ ਘਟਨਾ ਦਾ ਸਵੇਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਨੇ ਏ.
ਟੀ. ਐਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਉਸ 'ਚੋਂ ਉਕਤ ਰਾਸ਼ੀ ਲੁੱਟੀ। ਉਨ੍ਹਾਂ
ਦੱਸਿਆ ਕਿ ਲੁਟੇਰਿਆਂ ਨੇ ਏ. ਟੀ. ਐਮ. 'ਚ ਲੱਗੇ ਕੈਮਰਿਆਂ 'ਤੇ ਕਾਲੇ ਰੰਗ ਦੀ ਸਪਰੇਅ ਕਰ
ਦਿੱਤੀ ਸੀ, ਤਾਂ ਜੋ ਉਹ ਕੈਮਰੇ 'ਚ ਕੈਦ ਨਾ ਹੋ ਸਕਣ। ਇਸ ਸੰਬੰਧੀ ਐਸ. ਪੀ. ਡੀ. ਸ:
ਜਗਮੋਹਣ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਥਾਣਾ ਬੁੱਲ੍ਹੋਵਾਲ ਦੇ ਐਸ. ਐਚ. ਓ. ਸ: ਹਰਲੀਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ
ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 380, 457 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ
ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਮਚੁਰਾਸੀ ਸਥਿਤ ਏ. ਟੀ. ਐਮ. 'ਚੋਂ ਵੀ
ਲੁਟੇਰੇ ਇਸੇ ਤਰ੍ਹਾਂ 9 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ।
No comments:
Post a Comment