ਰੱਖੜਾ ਬਣ ਸਕਦੇ ਨੇ ਸਿੱਖਿਆ ਮੰਤਰੀ
ਚੰਡੀਗੜ੍ਹ---- - ਸਕੂਲਾਂ ਨੂੰ ਕਿਤਾਬਾਂ ਸਪਲਾਈ ਘਪਲੇ ਦੇ ਦੋਸ਼ਾਂ 'ਚ ਘਿਰੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਵਿਭਾਗ ਬਦਲੇ ਜਾਣ ਦੀ ਚਰਚਾ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਛਿੜ ਗਈ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਿੱਧੇ ਤੌਰ 'ਤੇ ਮਲੂਕਾ ਨੂੰ ਬਚਾਉਣ ਦੇ ਯਤਨਾਂ ਵਿਚ ਲੱਗੇ ਹੋਏ ਹਨ ਪਰ ਫਿਰ ਵੀ ਉਹ ਅੰਦਰ ਹੀ ਅੰਦਰ ਮਲੂਕਾ ਵਲੋਂ ਆਪਣੇ ਵਿਭਾਗ ਵਿਚ ਅਪਣਾਈ ਗਈ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੀਬੀ ਜਗੀਰ ਕੌਰ, ਫਿਰ ਜਥੇਦਾਰ ਤੋਤਾ ਸਿੰਘ ਅਤੇ ਉਸ ਤੋਂ ਬਾਅਦ ਗੁਲਜ਼ਾਰ ਸਿੰਘ ਰਣੀਕੇ ਨੂੰ ਜਿਹੜੇ ਹਾਲਾਤ ਵਿਚ ਮੰਤਰੀ ਮੰਡਲ ਤੋਂ ਹਟਾਉਣਾ ਪਿਆ, ਉਸ ਨਾਲ ਕੈਬਨਿਟ ਦੀ ਦਿੱਖ ਨੂੰ ਨੁਕਸਾਨ ਪੁੱਜਾ ਹੈ।
ਹੁਣ ਰਹਿੰਦੀ ਕਸਰ ਮਲੂਕਾ ਅਤੇ ਉਨ੍ਹਾਂ ਦੀ ਨੂੰਹ 'ਤੇ ਪੈਦਾ ਹੋਏ ਵਿਵਾਦ ਨੇ ਪੂਰੀ ਕਰ ਦਿੱਤੀ ਹੈ, ਇਸ ਲਈ ਮਲੂਕਾ ਨੂੰ ਮੰਤਰੀ ਮੰਡਲ ਤੋਂ ਬਾਹਰ ਨਹੀਂ ਕਰਨਾ ਚਾਹੁੰਦੇ। ਸੂਤਰਾਂ ਦਾ ਕਹਿਣਾ ਹੈ ਕਿ ਮਲੂਕਾ ਨੂੰ ਸੰਕਟ ਵਿਚੋਂ ਕੱਢਣ ਲਈ ਮੁੱਖ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਏ. ਐੱਨ. ਜਿੰਦਲ ਨੂੰ ਜਾਂਚ ਸੌਂਪੀ ਸੀ ਪਰ ਵਿਰੋਧੀ ਧਿਰ ਕਾਂਗਰਸ ਨੇ ਜਸਟਿਸ ਜਿੰਦਲ ਦੇ ਪਿਛੋਕੜ ਨੂੰ ਲੈ ਕੇ ਉਨ੍ਹਾਂ ਦੀ ਨਿਰਪੱਖਤਾ 'ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਕਾਂਗਰਸ ਮਲੂਕਾ ਖਿਲਾਫ਼ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਮੁੱਖ ਮੰਤਰੀ ਇਸ ਨੂੰ ਮੰਨਣ ਲਈ ਤਿਆਰ ਨਹੀਂ। ਇਸ ਲਈ ਹੋ ਸਕਦਾ ਹੈ ਕਿ ਬਾਦਲ ਮਲੂਕਾ ਖਿਲਾਫ਼ ਉੱਠੇ ਤੂਫ਼ਾਨ ਨੂੰ ਠੰਡਾ ਕਰਨ ਲਈ ਸਿੱਖਿਆ ਵਿਭਾਗ ਉਨ੍ਹਾਂ ਤੋਂ ਲੈ ਕੇ ਕਿਸੇ ਹੋਰ ਸਾਫ਼-ਸੁਥਰੀ ਦਿੱਖ ਵਾਲੇ ਮੰਤਰੀ ਨੂੰ ਦੇ ਦੇਣ। ਇਸ ਸਿਲਸਿਲੇ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਨਾਂ ਲਿਆ ਜਾ ਰਿਹਾ ਹੈ। ਮਲੂਕਾ ਵਾਂਗ ਰੱਖੜਾ ਵੀ ਮੁੱਖ ਮੰਤਰੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ।