ਬਾਰਸ਼ ਦੇ ਕਹਿਰ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀਸੰਗਤਾਂ ਨੂੰ ਕੁੱਝ ਦਿਨ ਇੰਤਜ਼ਾਰ ਕਰਨ ਦੀ ਅਪੀਲ
ਰਿਸ਼ੀਕੇਸ਼—ਬਰਸਾਤ ਦੇ ਭਾਰੀ ਕਹਿਰ ਕਾਰਨ ਅਤੇ ਰਸਤਿਆਂ 'ਤੇ ਢਿੱਗਾਂ ਡਿਗਣ ਦੇ ਨਤੀਜੇ ਵਜੋਂ ਆਵਾਜਾਈ ਠੱਪ ਹੋਣ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਟਰੱਸਟ ਵੱਲੋਂ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਗਲੀ ਸੂਚਨਾ ਤੱਕ ਆਪਣੇ ਘਰਾਂ 'ਚ ਹੀ ਇੰਤਜ਼ਾਰ ਕਰਨ। ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਦੇ ਮੁੱਖ ਸੇਵਾਦਾਰ ਸ. ਦਰਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਦੂਰ-ਦੂਰ ਤੱਕ ਲਗਾਤਾਰ ਹੋ ਰਹੀ ਬਰਸਾਤ ਨਾਲ ਜਿੱਥੇ ਸਭ ਪਾਸੇ ਪਾਣੀ ਭਰ ਗਿਆ ਹੈ, ਉੱਥੇ ਸੜਕਾਂ ਦਾ ਢਿੱਗਾਂ ਡਿਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੀਆਂ ਬਹੁਤ ਸਾਰੀਆਂ ਸੜਕਾਂ ਢਿੱਗਾਂ ਡਿਗਣ ਕਾਰਨ ਬੰਦ ਹੋ ਗਈਆਂ ਹਨ, ਜਿਨ੍ਹਾਂ ਰਸਤੇ ਆਵਾਜਾਈ ਅਸੰਭਵ ਹੋਣ ਕਰਕੇ ਟਰੱਸਟ ਵੱਲੋਂ ਯਾਤਰਾ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਸ. ਦਰਸ਼ਨ ਸਿੰਘ ਨੇ ਦੱਸਿਆ ਕਿ ਗੋਬਿੰਦਘਾਟ ਤੋਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੱਕ ਜਾਣ ਵਾਲੇ ਪੈਦਲ ਰਸਤੇ 'ਚ 2 ਪੁਲ ਵੀ ਹੜ੍ਹਾਂ ਦਾ ਸ਼ਿਕਾਰ ਹੋ ਕੇ ਰੁੜ ਗਏ ਹਨ। ਨਦੀਆਂ 'ਚ ਭਾਰੀ ਮਾਤਰਾ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਆਸ-ਪਾਸ ਦੇ ਇਲਾਕਿਆਂ 'ਚ ਇਮਾਰਤਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦਾ ਰਸਤਾ ਇੰਨਾ ਪ੍ਰਭਾਵਿਤ ਹੋਇਆ ਹੈ ਕਿ ਫੌਜ ਅਤੇ ਪੁਲਸ ਦੇ ਨਾਲ-ਨਾਲ ਟਰੱਸਟ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਯਾਤਰਾ ਬਹਾਲ ਹੋਣ 'ਚ ਅਜੇ ਕੁਝ ਸਮਾਂ ਲੱਗੇਗਾ। ਇਸ ਲਈ ਯਾਤਰੂ ਅਜੇ ਆਪਣੇ ਘਰਾਂ 'ਚ ਹੀ ਰੁਕੇ ਰਹਿਣ।
ਇਸ ਦੌਰਾਨ ਉੱਤਰਾਖੰਡ ਸਰਕਾਰ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਹਲਕਿਆਂ 'ਚ ਬੱਦਲ ਫਟਣ ਨਾਲ ਕੁਝ ਲੋਕਾਂ ਦੀ ਮੌਤ ਹੋਈ ਹੈ ਅਤੇ ਵੱਖ-ਵੱਖ ਥਾਵਾਂ 'ਤੇ 40 ਹਜ਼ਾਰ ਦੇ ਕਰੀਬ ਲੋਕ ਫਸੇ ਹੋਏ ਹਨ। ਇਨ੍ਹਾਂ ਯਾਤਰੀਆਂ 'ਚੋਂ ਬਹੁਤੇ ਬਦਰੀਨਾਥ, ਕੇਦਾਰਨਾਥ, ਸ਼੍ਰੀ ਹੇਮਕੁੰਟ ਸਾਹਿਬ, ਘਾਂਗਰੀਆ ਅਤੇ ਉੱਤਰਾਕਾਸ਼ੀ ਆਦਿ 'ਚ ਯਾਤਰਾ ਲਈ ਆਏ ਸਨ। ਜ਼ਿਕਰਯੋਗ ਹੈ ਕਿ ਇਸ ਖੇਤਰ ਦੀ ਉੱਤਰਾਕਾਸ਼ੀ ਨਦੀ ਖਤਰੇ ਦੇ ਨਿਸ਼ਾਨ ਤੱਕ ਵਹਿ ਰਹੀ ਹੈ। ਇਸ ਨਦੀ ਦੇ ਤੂਫਾਨ ਕਾਰਨ ਬਹੁਤ ਸਾਰੇ ਮਕਾਨ ਅਤੇ ਇਮਾਰਤਾਂ ਪਾਣੀ ਦੇ ਵਹਿਣ 'ਚ ਰੁੜ ਗਈਆਂ।
ਇਸ ਦੌਰਾਨ ਉੱਤਰਾਖੰਡ ਪ੍ਰਸ਼ਾਸਨ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਬਚਾਅ ਲਈ ਪ੍ਰਬੰਧ ਤੇਜ਼ ਕਰਨ ਦੇ ਨਾਲ-ਨਾਲ ਗੁਰਦੁਆਰਾ ਮੈਨਜਮੈਂਟ ਟਰੱਸਟ ਨੂੰ ਅਪੀਲ ਕੀਤੀ ਹੈ ਕਿ ਉਹ ਬਾਰਸ਼ ਅਤੇ ਹੜ੍ਹਾਂ 'ਚ ਫਸੇ ਸ਼ਰਧਾਲੂਆਂ ਨੂੰ ਆਪਣੇ ਗੁਰਦੁਆਰਿਆਂ 'ਚ ਸੰਭਾਲਣ ਦੇ ਪ੍ਰਬੰਧ ਕਰਨ। ਇਸ ਦੌਰਾਨ ਸੜਕਾਂ 'ਤੇ ਕਈ ਕਿਲੋਮੀਟਰ ਤੱਕ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਖੜ੍ਹੀਆਂ ਹਨ। ਪ੍ਰਸ਼ਾਸਨ ਵੱਲੋਂ ਜਿੰਨਾ ਰਸਤਾ ਸਾਫ ਕੀਤਾ ਜਾਂਦਾ ਹੈ, ਉਸ ਤੋਂ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਸ਼ਕਲ ਹਾਲਾਤ 'ਚ ਫਸੇ ਯਾਤਰੂਆਂ ਨੂੰ ਖਾਣ-ਪੀਣ ਦਾ ਸਮਾਨ ਵੇਚਣ ਦੇ ਨਾਂ 'ਤੇ ਦੁਕਾਨਦਾਰ ਉਨ੍ਹਾਂ ਤੋਂ ਦੂਣੇ-ਚੌਣੇ ਭਾਅ ਵਸੂਲ ਕਰ ਰਹੇ ਹਨ।