ਮੁੰਬਈ(PTI)- ਮਹਰੂਮ ਅਭਿਨੇਤਰੀ ਜੀਆ ਖਾਨ ਦੀ ਮਾਂ ਨੇ ਛੇ ਪੰਨਿਆਂ ਦੀ ਚਿੱਠੀ ਮੀਡੀਆ ਵਿਚ ਜਾਰੀ ਕੀਤੀ ਹੈ। ਇਸ ਚਿੱਠੀ ਵਿਚ ਜੀਆ ਨੇ ਆਪਣੇ ਨਾਲ ਹੋਏ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਜ਼ਿਕਰ ਵੀ ਕੀਤਾ ਹੈ। ਜੀਆ ਨੇ ਚਿੱਠੀ ਵਿਚ ਗਰਭਪਾਤ ਦੀ ਵੀ ਗੱਲ ਆਖੀ ਹੈ।
ਇਸ ਚਿੱਠੀ ਤੋਂ ਬਾਅਦ ਅਭਿਨੇਤਾ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ ਹਨ। ਜੀਆ ਨੇ ਚਿੱਠੀ ਵਿਚ ਲਿਖਿਆ ਹੈ, ''ਤੂੰ ਮੇਰੇ ਨਾਲ ਬੇਈਮਾਨੀ ਕੀਤੀ ਹੈ। ਤੂੰ ਮੈਨੂੰ ਪਿਆਰ ਦੇ ਬਦਲੇ ਸਿਰਫ ਧੋਖਾ ਦਿੱਤਾ ਹੈ। ਤੇਰੀ ਜ਼ਿੰਦਗੀ ਪਾਰਟੀ ਅਤੇ ਲੜਕੀਆਂ ਤੱਕ ਹੀ ਸੀਮਿਤ ਹੈ, ਜਦੋਂ ਕਿ ਮੇਰੀ ਜ਼ਿੰਦਗੀ ਵਿਚ ਤੂੰ ਸਭ ਤੋਂ ਵੱਧ ਮਹੱਤਵਪੂਰਨ ਸੀ। ਜੇਕਰ ਮੈਂ ਜ਼ਿੰਦਾ ਰਹਿੰਦੀ ਤਾਂ ਤੈਨੂੰ ਯਾਦ ਕਰਦੀ, ਇਸ ਲਈ ਮੈਂ ਆਪਣੇ ਸੁਪਨਿਆਂ ਨੂੰ ਅਲਵਿਦਾ ਕਹਿ ਰਹੀ ਹਾਂ।
ਚਿੱਠੀ ਵਿਚ ਲਿਖਿਆ ਹੈ ਕਿ ਜਦੋਂ ਤੱਕ ਤੁਸੀਂ ਇਹ ਚਿੱਠੀ ਪੜ੍ਹ ਰਹੇ ਹੋਵੇਗੇ, ਮੈਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੋਵਾਂਗੀ। ਹਾਲਾਂਕਿ ਚਿੱਠੀ ਵਿਚ ਕਿਸੇ ਦਾ ਨਾਂ ਨਹੀਂ ਲਿਖਿਆ ਹੈ, ਪਰ ਜੀਆ ਦੀ ਮਾਂ ਦਾ ਮੰਨਣਾ ਹੈ ਕਿ ਇਹ ਚਿੱਠੀ ਜੀਆ ਨੇ ਸੂਰਜ ਲਈ ਹੀ ਲਿਖੀ ਹੈ, ਜਿਸ ਨਾਲ ਜੀਆ ਦਾ ਅਫੇਅਰ ਸੀ। ਜ਼ਿਕਰਯੋਗ ਹੈ ਕਿ ਜੀਆ ਦੀ ਆਤਮ ਹੱਤਿਆ ਦੇ ਤਿੰਨ ਦਿਨਾਂ ਬਾਅਦ ਕਮਰੇ 'ਚੋਂ ਇਹ ਚਿੱਠੀ ਬਰਾਮਦ ਹੋਈ।