jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

ਪੰਜਾਬ ਯੂਨੀਵਰਸਿਟੀ ਨੇ ਐਮ.ਫਿੱਲ (ਪੰਜਾਬੀ) ਦੀਆਂ ਸੀਟਾਂ ਘਟਾਈਆਂ

www.sabblok.blogspot.com

ਚੰਡੀਗੜ੍ਹ , 16 ਜੂਨ
ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਵਿਰੋਧੀ ਫੈਸਲਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਨਾਲ ਜੁੜੀ ਐਮ ਫਿਲ ਬੰਦ ਕਰ ਦਿੱਤੀ ਹੈ ਅਤੇ ਐਮ ਫਿਲ ਪੰਜਾਬੀ ਦੀਆਂ ਸੀਟਾਂ ਵੀ ਘੱਟ ਕਰ ਦਿੱਤੀਆਂ ਹਨ। ਯੂਨੀਵਰਸਿਟੀ ਵਲੋਂ ਐਮ ਫਿੱਲ ਵਿੱਚ ਦਾਖ਼ਲੇ ਲਈ ਰੱਖੇ ਗਏ ਸਾਂਝੇ ਟੈਸਟ ਵਿੱਚ ਇੱਨ੍ਹਾਂ ਵਿਸ਼ਿਆਂ ਦੀਆਂ ਐਮ ਫਿੱਲ ਲਈ ਸੀਟਾਂ ਗਾਇਬ ਹਨ।
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਐਮ ਫਿੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਐਮ ਫਿੱਲ ਪੰਜਾਬੀ ਦੀਆਂ 50 ਸੀਟਾਂ ਸਨ। ਇਨ੍ਹਾਂ ਵਿਚੋਂ ਐਮ ਫਿੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਜਦੋਂ ਕਿ ਪੰਜਾਬੀ ਦੀਆਂ 25 ਤੋਂ ਘਟਾ ਕੇ 20 ਸੀਟਾਂ ਕਰ ਦਿੱਤੀਆਂ ਗਈਆਂ ਹਨ। ਪੰਜਾਬੀ ਵਿਭਾਗ ਵਲੋਂ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਮ ਫਿੱਲ ਪੰਜਾਬੀ ਕਰਵਾਈ ਜਾ ਰਹੀ ਸੀ ਪਰ ਅਧਿਕਾਰੀਆਂ ਨੇ ਅਧਿਆਪਕਾਂ ਦੀ ਤੋਟ ਕਾਰਨ ਇਸ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਯੂਨੀਵਰਸਿਟੀ ਵਲੋਂ ਐਮ ਫਿੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗ਼ੈਰ ਹੋਰ ਕਿਸੇ ਵੀ ਵਿਸ਼ੇ ਵਿੱਚ ਖੋਜ ਦਾ ਕੰਮ ਬੰਦ ਨਹੀਂ ਕੀਤਾ ਗਿਆ ਹੈ ਪਰ ਐਮ ਫਿੱਲ ਪੰਜਾਬੀ ਦੇ ਨਾਲ ਨਾਲ ਜਨ ਸੰਚਾਰ ਵਿਭਾਗ ਵਿੱਚ ਸੀਟਾਂ ਦੀ ਗਿਣਤੀ ਵੀ ਪੰਜ ਘਟਾਈ ਗਈ ਹੈ।
ਯੂਨੀਵਰਸਿਟੀ ਨੇ ਇਹ ਫੈਸਲਾ ਪੰਜਾਬੀ ਵਿਭਾਗ ਦੇ ਮੁਖੀ ਵਲੋਂ ਅਧਿਆਪਕਾਂ ਦੀ ਘਾਟ ਕਾਰਨ ਦੋਹਾਂ ਵਿਸ਼ਿਆਂ ਵਿੱਚ ਖੋਜ ਜਾਰੀ ਰੱਖ ਨਾ ਰੱਖ ਸਕਣ ਦੀ ਸਿਫਾਰਸ਼ ਕਰਨ ਤੋਂ ਬਾਅਦ ਲਿਆ ਹੈ। ਪੰਜਾਬੀ ਵਿਭਾਗ ਵਿੱਚ ਅਧਿਆਪਕਾਂ ਦੀਆਂ ਨੌਂ ਅਸਾਮੀਆਂ ਹਨ। ਇਨ੍ਹਾਂ ਵਿਚੋਂ ਕੇਵਲ ਚਾਰ ਹੀ ਭਰੀਆਂ ਗਈਆਂ ਹਨ। ਦੋ ਅਧਿਆਪਕ ਡਾਕਟਰ ਸੁਖਦੇਵ ਸਿੰਘ ਅਤੇ ਡਾਕਟਰ ਯੋਗਰਾਜ ਰੈਗੂਲਰ ਹਨ ਜਦੋਂ ਕਿ ਦੋ ਹੋਰ ਡਾਕਟਰ ਜੋਗਿੰਦਰ ਨਹਿਰੂ ਅਤੇ ਡਾਕਟਰ ਨਾਹਰ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਮੁੜ ਨਿਯੁਕਤੀ ਕੀਤੀ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਖੋਜ ਲਈ ਰਸਤੇ ਬੰਦ ਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲਾ ਉੱਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਕੋਲ ਉਠਾਉਣ ਦਾ ਫੈਸਲਾ ਲਿਆ ਹੈ। ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਦੇ ਨਾਂ ’ਤੇ ਅਜਿਹਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੀ ਧਰਤੀ ’ਤੇ ਬਣੀ ਯੂਨੀਵਰਸਿਟੀ ਦਾ ਅਜਿਹਾ ਵਤੀਰਾ ਅਤਿਨਿੰਦਣਯੋਗ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਅਤੇ ਪੰਜਾਬ ਯੂੁਨੀਵਰਸਿਟੀ ਸਟੂਡੈਂਟਸ ਯੂਨੀਅਨ ਨੇ ਉੱਪ ਕੁੱਲਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਸੰਘਰਸ਼ ਦੀ ਧਮਕੀ ਵੀ ਦੇ ਦਿੱਤੀ ਹੈ।
ਯੂਨੀਵਰਸਿਟੀ ਦੀ ਸੈਨੇਟਰ ਅਤੇ ਅਧਿਆਪਕ ਨੇਤਾ ਡਾ. ਜਸਪਾਲ ਕੌਰ ਕਾਂਗ ਨੇ ਕਿਹਾ ਹੈ ਕਿ ਐਮ ਫਿੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਦੋਵੇਂ ਵਿਸ਼ਿਆਂ ਦੀ ਐਮ ਫਿੱਲ ਚਾਲੂ ਰੱਖਣ ਲਈ ਆਪ ਵਾਧੂ ਕਲਾਸਾਂ ਲੈਣ ਦੀ ਪੇਸ਼ਕਸ਼ ਵੀ ਕੀਤੀ। ਪੰਜਾਬੀ ਵਿਭਾਗ ਦੇ ਮੁੱਖੀ ਡਾਕਟਰ ਸੁਖਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਨ੍ਹਾਂ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਕੇ ਐਮ ਫਿੱਲ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਏਨੇ ਘੱਟ ਸਟਾਫ ਨਾਲ ਕੰਮ ਚਲਾਉਣਾ ਆਸਾਨ ਨਹੀਂ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਕੈਂਪਸ ਦੇ ਵੱਖ ਵੱਖ ਵਿਭਾਗਾਂ ਵਿੱਚ ਅਧਿਆਪਕਾਂ ਦੀਆਂ 50 ਫੀਸਦੀ ਅਸਾਮੀਆਂ ਖ਼ਾਲੀ ਪਈਆਂ ਹਨ।

No comments: