jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਮੁਲਾਜ਼ਮਾਂ ਦੀ ਘਾਟ ਕਾਰਨ ਸਿੱਖਿਆ ਵਿਭਾਗ ਦੀ ਹਾਲਤ ਡਾਵਾਂਡੋਲ

www.sabblok.blogspot.com
ਚੰਡੀਗੜ੍ਹ, 7 ਜੂਨ
ਸਕੂਲਾਂ ਵਿੱਚ ਗੈਰ-ਮਿਆਰੀ ਪੁਸਤਕਾਂ ਸਪਲਾਈ ਕਰਨ ਦੇ ਮਾਮਲੇ ਵਿੱਚ ਫਸੇ ਸਿੱਖਿਆ ਵਿਭਾਗ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਭਾਰੀ ਘਾਟ ਕਾਰਨ ਵੀ ਡਾਵਾਂਡੋਲ ਸਥਿਤੀ ਵਿੱਚ ਹੈ। ਰਾਜ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੀ ਕਮਾਂਡ ਕਰਨ ਵਾਲੇ ਡੀਪੀਆਈ (ਸੈਕੰਡਰੀ) ਪੰਜਾਬ ਦੇ ਦਫਤਰ ਵਿੱਚ ਹੀ ਮੁਲਾਜ਼ਮਾਂ ਦੀਆਂ 30 ਫੀਸਦ ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਵੀ ਕਈ ਅਸਾਮੀਆਂ ਖਾਲੀ ਪਈਆਂ ਹਨ।  ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ ਪੰਜਾਬ ਤੋਂ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਡੀਪੀਆਈ (ਸੈਕੰਡਰੀ) ਪੰਜਾਬ ਦੇ ਮੁੱਖ ਦਫਤਰ ਵਿੱਚ ਵੱਖ-ਵੱਖ ਵਰਗਾਂ  ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਕੁੱਲ 656 ਮਨਜ਼ੂਰਸ਼ੁਦਾ ਅਸਾਮੀਆਂ ਹਨ ਪਰ ਇਨ੍ਹਾਂ ਵਿੱਚੋਂ 198 ਅਸਾਮੀਆਂ ਲੰਮੇ ਸਮੇਂ ਤੋਂ ਖਾਲੀ ਹਨ। ਇਸ ਤਰ੍ਹਾਂ ਮੁੱਖ ਦਫਤਰ ਵਿੱਚ ਹੀ ਮੁਲਾਜ਼ਮਾਂ ਦੀਆਂ 30 ਫੀਸਦ ਅਸਾਮੀਆਂ ਖਾਲੀ ਹਨ। ਡੀਪੀਆਈ ਦਫਤਰ ਵਿੱਚ ਭਾਵੇਂ ਆਫੀਸਰ ਕੇਡਰ ਨਾਲ ਸਬੰਧਤ ਡਾਇਰੈਕਟਰ, ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ, ਵਿਸ਼ਾ ਮਾਹਿਰ (ਵੋਕੇਸ਼ਨਲ/ਐਸਸੀਈਆਰਟੀ) ਸਰਵੇ ਅਫਸਰ, ਕੋਆਰਡੀਨੇਟਰ, ਮੁੱਲਅੰਕਣ ਅਫਸਰ, ਰਜਿਸਟਰਾਰ, ਸਹਾਇਕ ਰਜਿਸਟਰਾਰ, ਸੁਪਰਡੈਂਟ ਗਰੇਡ-1 ਅਤੇ ਅਮਲਾ ਅਫਸਰ ਦੀਆਂ ਤਕਰੀਬਨ 100 ਫੀਸਦ ਅਸਾਮੀਆਂ ਭਰੀਆਂ ਹਨ ਪਰ ਹੇਠਲੇ ਮੁਲਾਜ਼ਮਾਂ ਦੀਆਂ ਅਸਾਮੀਆਂ ਵੱਡੀ ਗਿਣਤੀ ’ਚ ਖਾਲੀ ਹਨ। ਇਸ ਦਫਤਰ ਵਿੱਚ ਸੁਪਰਡੈਂਟ ਗਰੇਡ-2 ਦੀਆਂ ਕੁੱਲ 13 ਅਸਾਮੀਆਂ 100 ਫੀਸਦ ਖਾਲੀ ਹਨ। ਸੂਤਰਾਂ ਅਨੁਸਾਰ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਕਰਨ ਵਿਚ ਲੰਮੇ ਸਮੇਂ ਤੋਂ ਹੋ ਰਹੀ ਦੇਰੀ ਕਾਰਨ ਸੁਪਰਡੈਂਟ ਗਰੇਡ-2 ਦੀਆਂ ਸਾਰੀਆਂ ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਇਸ ਦਫਤਰ ਵਿਚਲੀਆਂ ਕਲਰਕਾਂ ਦੀਆਂ ਕੁੱਲ 174 ਅਸਾਮੀਆਂ ਵਿੱਚੋਂ 100 ਅਸਾਮੀਆਂ ਕਈ ਸਾਲਾਂ ਤੋਂ ਖਾਲੀ ਪਈਆਂ ਹਨ। ਸੈਕਸ਼ਨ ਅਫਸਰਾਂ ਦੀਆਂ ਮਨਜ਼ੂਰਸ਼ੁਦਾ ਕੁੱਲ ਛੇ ਅਸਾਮੀਆਂ ਵਿੱਚੋਂ ਸਾਰੀਆਂ ਹੀ ਖਾਲੀ ਹਨ। ਤਕਨੀਕੀ ਸਹਾਇਕਾਂ ਦੀਆਂ ਚਾਰ ਅਸਾਮੀਆਂ ਵਿੱਚੋਂ ਅੱਧੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਲੀਗਲ ਸਹਾਇਕਾਂ ਦੀਆਂ ਤਿੰਨ ਅਸਾਮੀਆਂ ਵਿੱਚੋਂ ਦੋ ਅਸਾਮੀਆਂ ਖਾਲੀ ਹਨ।
ਦੱਸਣਯੋਗ ਹੈ ਕਿ ਖਾਸ ਕਰਕੇ ਸਿੱਖਿਆ ਵਿਭਾਗ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਸੈਂਕੜੇ ਰਿੱਟਾਂ ਵਿੱਚ ਉਲਝਿਆ ਪਿਆ ਹੈ। ਪਿਛਲੇ ਸਮੇਂ ਤੋਂ ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵੜਾ ਅਤੇ ਡੀਪੀਆਈ (ਸੈਕੰਡਰੀ) ਡਾਕਟਰ ਕਮਲ ਕੁਮਾਰ ਗਰਗ ਵੀ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਮਾਨਹਾਨੀ ਦੇ ਕੇਸ ’ਚ ਉਲਝੇ ਰਹੇ ਹਨ ਪਰ ਇਸ ਵਿਭਾਗ ਵਿੱਚ ਕੋਈ ਮਜ਼ਬੂਤ ਕਾਨੂੰਨੀ ਸੈੱਲ ਹੀ ਹਾਲੇ ਤੱਕ ਸਥਾਪਤ ਨਹੀਂ ਕੀਤਾ ਗਿਆ। ਡੀਪੀਆਈ ਦਫਤਰ ਵਿੱਚ ਪੀਏ ਦੀਆਂ ਕੁੱਲ ਚਾਰ ਅਸਾਮੀਆਂ ਵਿੱਚੋਂ ਤਿੰਨ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 14 ਅਸਾਮੀਆਂ ਵਿੱਚੋਂ ਅੱਠ ਅਸਾਮੀਆਂ ਖਾਲੀ ਪਈਆਂ ਹਨ। ਸੇਵਾਦਾਰ ਦੀਆਂ ਕੁੱਲ 86 ਅਸਾਮੀਆਂ ਵਿੱਚੋਂ 40 ਅਸਾਮੀਆਂ ਖਾਲੀ ਹਨ। ਪਿਛਲੇ ਸਮੇਂ ਡੀਪੀਆਈ ਦਫਤਰ ਦੇ ਮੁਲਾਜ਼ਮਾਂ ਨੇ ਅਫਸਰਾਂ ਦੇ ਕਮਰੇ ਘੇਰ ਕੇ ਇਨ੍ਹਾਂ ਮੁੱਦਿਆਂ ਉਪਰ ਧਰਨੇ ਵੀ ਮਾਰੇ ਹਨ ਪਰ ਹਾਲੇ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ। ਅਜਿਹਾ ਹਾਲ ਹੀ ਰਾਜ ਦੇ ਸਕੂਲਾਂ ਦਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਹਾਂ ਬਾਜਣ (ਲੁਧਿਆਣਾ) ਵਿੱਚ ਲੈਕਚਰਾਰਾਂ ਦੀਆਂ ਕੁੱਲ ਤਿੰਨ ਮਨਜ਼ੂਰਸ਼ੁਦਾ ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਮਾਸਟਰ ਕੇਡਰ ਦੀਆਂ ਕੁੱਲ 11 ਅਸਾਮੀਆਂ ਵਿੱਚੋਂ ਛੇ ਅਸਾਮੀਆਂ ਖਾਲੀ ਹਨ ਅਤੇ ਚੌਕੀਦਾਰ ਦੀ ਇਕਲੌਤੀ ਅਸਾਮੀ ਵੀ ਖਾਲੀ ਪਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਵੱਦੀ ਕਲਾਂ (ਲੁਧਿਆਣਾ) ਵਿੱਚ ਦਰਜਾ-4 ਦੀਆਂ ਕੁੱਲ 3 (ਪੀਅਨ, ਚੌਕੀਦਾਰ ਤੇ ਸਵੀਪਰ) ਅਸਾਮੀਆਂ ਖਾਲੀ ਹਨ। ਇਸ ਸਕੂਲ ਵਿਚਲੀ ਕਲਰਕ ਦੀ ਜਿੱਥੇ ਇਕਲੌਤੀ ਅਸਾਮੀ ਖਾਲੀ ਹੈ, ਉੱਥੇ ਐਸਐਲਏ ਦੀਆਂ ਕੁੱਲ ਤਿੰਨ ਅਸਾਮੀਆਂ ਵਿੱਚੋਂ ਦੋ ਖਾਲੀ ਹਨ। ਸਰਕਾਰੀ ਹਾਈ ਸਕੂਲ ਮਾਣੇਵਾਲ (ਲੁਧਿਆਣਾ) ਦੀ ਮੁੱਖ ਅਧਿਆਪਕ ਦੀ ਅਸਾਮੀ ਹੀ ਖਾਲੀ ਪਈ ਹੈ। ਇਸ ਸਕੂਲ ਨਾਲ ਅਟੈਚ ਰਹੀਮਾਬਾਦ ਕਲਾਂ ਮਿਡਲ ਸਕੂਲ ਵਿੱਚ ਸਾਇੰਸ ਤੇ ਹਿੰਦੀ ਮਾਸਟਰਾਂ ਦੀ ਇਕ-ਇਕ ਅਸਾਮੀ ਵੀ ਖਾਲੀ ਪਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ (ਲੁਧਿਆਣਾ) ਵਿੱਚ ਲੈਕਚਰਾਰਾਂ ਦੀਆਂ ਕੁੱਲ ਚਾਰ ਵਿੱਚੋਂ ਦੋ ਅਤੇ ਮਾਸਟਰਾਂ ਦੀਆਂ ਕੁੱਲ 17 ਵਿੱਚੋਂ ਪੰਜ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ (ਲੁਧਿਆਣਾ) ਵਿੱਚ ਲੈਕਚਰਾਰ ਦੀ ਇਕ, ਮਾਸਟਰ ਕਾਡਰ ਦੀਆਂ ਦੋ, ਸੀ ਐਂਡ ਵੀ ਕਾਡਰ ਦੀ ਇਕ ਅਤੇ ਨਾਨ-ਟੀਚਿੰਗ ਸਟਾਫ ਦੀਆਂ ਚਾਰ ਵਿੱਚੋਂ ਦੋ ਅਸਾਮੀਆਂ ਖਾਲੀ ਪਈਆਂ ਹਨ।

No comments: