ਜਲੰਧਰ   - ਧੱਕੇਸ਼ਾਹੀ ਦੇ ਦੋਸ਼ ਵਿਚ ਫੜੇ ਗਏ ਐੱਲ. ਪੀ. ਯੂ. ਦੇ ਵਿਦਿਆਰਥੀ ਸਪਾਗਰ ਨੇ ਬੀਤੀ ਰਾਤ ਹਵਾਲਾਤ ਵਿਚ ਹੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਸ ਖਿਲਾਫ ਆਤਮ-ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਧੱਕੇਸ਼ਾਹੀ ਕਰਨ ਵਾਲੇ ਐੱਲ. ਪੀ. ਯੂ. ਦੇ ਸਾਰੇ ਨੀਗਰੋ ਵਿਦਿਆਰਥੀਆਂ ਨੂੰ ਥਾਣਾ ਨੰਬਰ 7 ਦੀ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਰਾਤ ਸਮੇਂ ਹੁੜਦੰਗ ਕਰ ਰਹੇ ਨੀਗਰੋ ਸਪਾਗਰ ਨੇ ਆਪਣਾ ਸਿਰ ਹਵਾਲਾਤ ਦੀ ਕੰਧ 'ਤੇ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸਦੇ ਸਿਰ 'ਤੇ ਸੱਟ ਲੱਗ ਗਈ। ਪੁਲਸ ਮੁਲਾਜ਼ਮਾਂ ਨੇ ਉਸਨੂੰ ਤੁਰੰਤ ਸਾਰੇ ਨੀਗਰੋਜ਼ ਤੋਂ ਵੱਖ ਕੀਤਾ।  ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਡਿਊਟੀ ਅਫਸਰ ਏ. ਐੱਸ. ਆਈ. ਸੁਰਜੀਤ ਸਿੰਘ ਦੇ ਬਿਆਨਾਂ 'ਤੇ ਸਪਾਗਰ ਖਿਲਾਫ ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਧਾਰਾ 309 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਲਿਆ ।
ਐੱਲ. ਪੀ. ਯੂ. ਤੋਂ ਪੁੱਛਣਗੇ ਕਿ ਹੋਸਟਲ ਦੇ ਬਾਹਰ ਕਿੰਨੇ ਹਨ ਵਿਦੇਸ਼ੀ ਵਿਦਿਆਰਥੀ?
ਏ. ਸੀ.ਪੀ. ਸਰਵਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਦਿਆਰਥੀਆਂ 'ਤੇ ਦਰਜ ਕੀਤੇ ਗਏ ਕੇਸ ਅਤੇ ਗ੍ਰਿਫਤਾਰੀ ਸੰਬੰਧੀ ਸਾਰੀ ਸੂਚਨਾ ਲਿਖਤੀ ਰੂਪ ਨਾਲ ਐੱਲ. ਪੀ. ਯੂ. ਪ੍ਰਬੰਧਕਾਂ ਨੂੰ  ਸੋਮਵਾਰ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਾਲ ਹੀ ਉਨ੍ਹਾਂ ਤੋਂ ਇਹ ਜਾਣਕਾਰੀ ਵੀ ਮੰਗੀ ਜਾਵੇਗੀ ਕਿ ਕਿੰਨੇ ਵਿਦੇਸ਼ੀ ਵਿਦਿਆਰਥੀ ਹੋਸਟਲ ਦੇ ਬਾਹਰ ਪੀ.ਜੀ. ਵਿਚ ਰਹਿ ਰਹੇ ਹਨ। ਉਕਤ ਜਾਣਕਾਰੀ ਮਿਲਣ ਦੇ ਨਾਲ ਹੀ ਪੁਲਸ ਵਲੋਂ ਹਰੇਕ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਪੀ.ਜੀ. ਤੇ ਉੱਥੇ ਰਹਿ ਰਹੇ ਵਿਦਿਆਰਥੀਆਂ ਦੀ ਹੋਵੇਗੀ ਵੈਰੀਫਿਕੇਸ਼ਨ
ਪਿਛਲੇ ਦਿਨੀਂ ਹੋਏ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਣ ਵਾਲੇ ਮਾਮਲੇ ਦੇ ਬਾਅਦ ਕਮਿਸ਼ਨਰੇਟ ਪੁਲਸ ਕਾਫੀ ਗੰਭੀਰ ਦਿਖ ਰਹੀ ਹੈ। ਪਤਾ ਲੱਗਾ ਹੈ ਕਿ ਪੁਲਸ ਕਮਿਸ਼ਨਰ ਗੌਰਵ ਯਾਦਵ ਵਲੋਂ ਸਾਰੇ ਥਾਣਾ ਮੁਖੀਆਂ ਨੂੰ ਉਨ੍ਹਾਂ ਦੇ ਖੇਤਰਾਂ ਵਿਚ ਆਉਂਦੇ ਪੀ.ਜੀਜ਼. ਦੀ ਵੈਰੀਫਿਕੇਸ਼ਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਸੰਬੰਧੀ ਏ.ਸੀ.ਪੀ. ਸਰਵਜੀਤ ਸਿੰਘ ਅਤੇ ਏ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਏ ਮਾਮਲੇ ਦੇ ਬਾਅਦ ਕੀਤੀ ਜਾ ਰਹੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਕਤ ਸਾਰੇ ਵਿਦੇਸ਼ੀ ਵਿਦਿਆਰਥੀ ਜਸਵੰਤ ਨਗਰ, ਗੜ੍ਹਾ, ਛੋਟੀ ਬਾਰਾਦਰੀ, ਰਾਮਾ ਮੰਡੀ, ਦੀਪ ਨਗਰ, ਡਿਫੈਂਸ ਕਾਲੋਨੀ ਆਦਿ ਖੇਤਰਾਂ ਵਿਚ ਬਣੇ ਪੀ.ਜੀਜ਼. ਵਿਚ ਰਹਿ ਰਹੇ ਹਨ। ਹੁਣ ਤੱਕ ਦੀ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਇਸ ਵਿਦਿਆਰਥੀ ਦੇ ਪੀ.ਜੀ. ਵਿਚ ਰਹਿਣ ਸੰਬੰਧੀ ਪੁਲਸ ਥਾਣੇ ਵਿਚ ਕੋਈ ਸੂਚਨਾ ਨਹੀਂ ਹੈ। ਇਸ ਸੰਬੰਧੀ ਜਲਦੀ ਹੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਹੋਵੇਗੀ।
ਸਮਝਦੇ ਹਨ ਪੰਜਾਬੀ ਭਾਸ਼ਾ
ਫੜੇ ਗਏ ਨੀਗਰੋ ਵਿਦਿਆਰਥੀ ਪੰਜਾਬੀ ਭਾਸ਼ਾ ਵੀ ਸਮਝਦੇ ਹਨ। ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਉਕਤ ਵਿਦਿਆਰਥੀਆਂ ਵਲੋਂ ਬਹੁਤ ਹੁੱਲੜਬਾਜ਼ੀ ਕੀਤੀ ਗਈ ਸੀ। ਇਹ ਕਿਹਾ ਜਾਣ ਲੱਗਾ ਸੀ ਕਿ ਭਾਸ਼ਾ ਦੀ ਸਮੱਸਿਆ ਕਾਰਨ ਵੀ ਵਿਵਾਦ ਵਧਿਆ। ਸੂਤਰਾਂ ਨੇ ਦੱਸਿਆ ਕਿ ਬੀਤੀ ਰਾਤ ਅਧਿਕਾਰੀਆਂ ਨੂੰ ਉਸ ਸਮੇਂ ਕਾਫ਼ੀ ਹੈਰਾਨੀ ਹੋਈ ਜਦੋਂ ਕੁਝ ਇਕ ਨੀਗਰੋ ਵਿਦਿਆਰਥੀਆਂ ਨੇ ਪੁਲਸ ਅਧਿਕਾਰੀਆਂ ਨਾਲ ਥੋੜ੍ਹੀ ਬਹੁਤ ਪੰਜਾਬੀ ਵਿਚ ਗੱਲ ਕੀਤੀ। ਅਧਿਕਾਰੀ ਵੀ ਇਹ ਦੇਖ ਕਾਫ਼ੀ ਹੈਰਾਨ ਹੋ ਗਏ ਕਿ ਇਹ ਲੋਕ ਪੰਜਾਬੀ ਸਮਝ ਅਤੇ ਥੋੜ੍ਹੀ ਬਹੁਤ ਬੋਲ ਵੀ ਲੈਂਦੇ ਹਨ।
ਦੇਰ ਰਾਤ ਤੱਕ ਹਵਾਲਾਤ 'ਚ ਮਚਾਉਂਦੇ ਰਹੇ ਹੁੜਦੰਗ
ਸੂਤਰਾਂ ਨੇ ਦੱਸਿਆ ਕਿ ਉਕਤ ਨੀਗਰੋ ਵਿਦਿਆਰਥੀ ਬੀਤੀ ਰਾਤ ਹਵਾਲਾਤ ਵਿਚ ਵੀ ਸ਼ਾਂਤ ਨਹੀਂ ਹੋਏ। ਰਾਤ ਸਮੇਂ ਪੁਲਸ ਨੇ ਹਿਰਾਸਤ ਵਿਚ ਲਏ ਉਕਤ 21 ਨੀਗਰੋ ਵਿਦਿਆਰਥੀਆਂ ਨੂੰ ਆਹਮੋ-ਸਾਹਮਣੇ ਬਣੀਆਂ ਹਵਾਲਾਤਾਂ ਵਿਚ ਬੰਦ ਕਰ ਦਿੱਤਾ। ਪਰ ਉਕਤ ਸਾਰੇ ਵਿਦਿਆਰਥੀ ਉੱਥੇ ਵੀ ਸ਼ਾਂਤ ਨਹੀਂ ਹੋਏ। ਹਵਾਲਾਤ ਵਿਚ ਵੀ ਇਨ੍ਹਾਂ ਨੇ ਇੰਨਾ ਖੌਰੂ ਪਾਇਆ ਕਿ ਇਨ੍ਹਾਂ ਦਾ ਰੌਲਾ ਸੁਣ ਥਾਣੇ ਦੇ ਆਲੇ-ਦੁਆਲੇ ਲੋਕ ਤੱਕ ਇਕੱਠੇ ਹੋਣ ਲੱਗੇ। ਨਤੀਜੇ ਵਜੋਂ ਪੁਲਸ ਅਧਿਕਾਰੀਆਂ ਨੇ ਇਕ ਵਾਰ ਫਿਰ ਜ਼ਿਆਦਾ ਰੌਲਾ ਪਾ ਰਹੇ ਨੀਗਰੋ ਵਿਦਿਆਰਥੀਆਂ ਦੀ ਵਾਰੀ- ਵਾਰੀ ਜਮ ਕੇ 'ਖਾਤਿਰਦਾਰੀ' ਕੀਤੀ, ਜਿਸ ਦੇ ਬਾਅਦ ਸਾਰੇ ਸ਼ਾਂਤ ਹੋ ਗਏ।