www.sabblok.blogspot.com
ਪਿਛਲੇ ਕਈ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਸ਼ ਨੇ ਉਤਰਾਂਚਲ ਵਿੱਚ ਪੈਂਦੇ ਹਿੰਦੂ
ਤਰੀਥ ਕੇਦਾਰ ਨਾਥ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਨਾਲ ਸਬੰਧਿਤ ਦੱਸੇ
ਜਾਂਦੇ ਅਸਥਾਨ ਹੇਮਕੁੰਟ ਸਾਹਿਬ ਵਿਖੇ ਭਾਰੀ ਤਬਾਹੀ ਮਚਾਈ ਹੈ। ਆ ਰਹੀਆਂ ਖਬਰਾਂ ਮੁਤਾਬਿਕ
ਇਹਨਾਂ ਅਸਥਾਨਾਂ ਨੂੰ ਜਾਣ ਵਾਲੇ ਸਾਰੇ ਰਸਤੇ ਜਬਰਦਸਤ ਮੀਂਹ ਕਾਰਨ ਬੰਦ ਹੋ ਚੁੱਕੇ ਹਨ
ਅਤੇ ਬਹੁਤ ਸਾਰੀਆਂ ਗੱਡੀਆਂ ਪਾਣੀ ਵਿੱਚ ਰੁੜ ਗਈਆਂ, ਕਾਫੀ ਗਿਣਤੀ ਵਿੱਚ ਲੋਕ ਵੀ ਇਸ
ਭਾਰੀ ਭਰਕਮ ਮੀਂਹ ਦੇ ਭੇਂਟ ਚੜ੍ਹ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਹੇਮਕੁੰਟ ਸਾਹਿਬ,
ਗੋਬਿੰਦ ਧਾਮ, ਗੋਬਿੰਦ ਘਾਟ, ਜੋਸ਼ੀ ਮੱਠ, ਕੇਦਾਰ ਨਾਥ ਅਤੇ ਬਦਰੀ ਨਾਥ ਵਰਗੇ ਸਥਾਨ 'ਤੇ
ਫਸੇ ਹੋਏ ਹਨ ਅਤੇ ਪੂਰੀ ਦੁਨੀਆਂ ਦੇ ਲੋਕ ਇਹਨਾਂ ਫਸੇ ਹੋਏ ਲੋਕਾਂ ਲਈ ਦੁਆਵਾਂ ਕਰ ਰਹੇ
ਹਨ, ਕਿ ਉਹ ਕਿਸੇ ਤਰਾਂ ਆਪੋ ਆਪਣੇ ਪਰਵਾਰਾਂ ਵਿੱਚ ਵਾਪਸ ਪੁੱਜ ਜਾਣ, ਪਰ ਸਿੱਖਾਂ ਦਾ
ਇੱਕ ਹਿੱਸਾ ਸੋਸ਼ਲ ਵੈਬਸਾਇਟਾਂ 'ਤੇ ਖੁਸ਼ੀਆਂ ਮਨਾਉਂਦਾ ਨਜਰ ਆ ਰਿਹਾ ਹੈ ਅਤੇ ਵਾਰ ਵਾਰ
ਇੱਕੋ ਹੀ ਗੱਲ ਕਹਿ ਰਿਹਾ ਹੈ ਕਿ ਜਿਸ ਮਿਥਿਹਾਸਿਕ ਅਸਥਾਨ ਨਾਲ ਸਿੱਖਾਂ ਦਾ ਕੋਈ ਵਾਹ
ਵਾਸਤਾ ਹੀ ਨਹੀਂ ਹੈ, ਉਸ ਅਸਥਾਨ 'ਤੇ ਸਿੱਖ ਕੀ ਕਰਨ ਜਾਂਦੇ ਹਨ ਅਤੇ ਵਧੀਆ ਹੋਵੇ ਕਿ ਇਹ
ਅਸਥਾਨ ਮੀਂਹ ਨਾਲ ਬਰਬਾਦ ਹੀ ਹੋ ਜਾਵੇ। ਜੇਹੜੀ
ਸਿੱਖ ਕੌਮ ਰੋਜਾਨਾ ਦੋ ਵੇਲੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦੀ ਹੈ, ਅੱਜ ਉਸ ਕੌਮ ਦੇ
ਕੁਝ ਵੀਰ ਵਿਪਤਾ ਵਿੱਚ ਫਸੇ ਆਪਣੇ ਹੀ ਸਿੱਖ ਭਰਾਵਾਂ ਲਈ ਅਰਦਾਸ ਕਰਨ ਦੀ ਥਾਂ ਵਾਘੀਆਂ
ਪਾ ਰਹੇ ਹਨ। ਇੱਕ ਪਾਸੇ ਤਾਂ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਜਿਥੇ 'ਜਾਇ ਬਹੇ ਮੇਰਾ
ਸਤਿਗੁਰੂ, ਸੋਈ ਥਾਨੁ ਸੁਹਾਵਾ ਰਾਮ ਰਾਜੇ' ਦਾ ਉਪਦੇਸ਼ ਦਿੜ੍ਹਰਾਉਂਦੇ ਹਾਂ, ਦੂਜੇ ਪਾਸੇ
ਉਸ ਅਸਥਾਨ ਬਾਰੇ ਕੁਝ ਸਿੱਖ ਭਰਾ ਟਿੱਪਣੀਆਂ ਕਰੀ ਜਾ ਰਹੇ ਹਨ, ਜਿਥੇ ਸਤਿਗੁਰੂ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। 'ਕੀ ਸਿੱਖਾਂ ਨੂੰ ਹੇਮਕੁੰਟ ਜਾਣਾ ਚਾਹੀਦਾ ਹੈ
ਜਾਂ ਨਹੀ? ਮੈਂ ਇਸ ਵਾਦ ਵਿਵਾਦ ਨੂੰ ਪਾਸੇ ਰੱਖ ਕੇ ਇਸ ਗੱਲ ਬਾਰੇ ਸਭ ਦਾ ਧਿਆਨ ਦਿਵਾਉਣਾ
ਚਾਹੁੰਦਾ ਹੈ ਕਿ ਜੇਹੜੀ ਸਿੱਖ ਕੌਮ ਨੂੰ ਭਾਈ ਘਨਈਆ ਜੀ ਵੱਲੋਂ ਕੀਤੀ ਘਾਲਣਾ ਸਦਕਾ ਹਰ
ਇਨਸਾਨ 'ਚੋਂ ਹਰੀ ਦਾ ਸਰੂਪ ਨਜ਼ਰ ਆਉਂਦਾ ਹੈ, ਅੱਜ ਉਸੇ ਸਿੱਖ ਕੌਮ ਦੇ ਕੁਝ ਵੀਰ ਵਿਪਤਾ
ਵਿੱਚ ਫਸੇ ਆਪਣੇ ਭਰਾਵਾਂ ਦੀ ਸਾਰ ਲੈਣ ਦੀ ਬਿਜਾਏ ਵਾਘੀਆਂ ਕਿਉਂ ਪਾ ਰਹੇ ਹਨ। ਸਿੱਖ ਕੌਮ
ਨੇ ਗੁਰਦੁਆਰਾ ਸਾਹਿਬ ਤਾਂ ਤਕਰੀਬਨ ਪੂਰੀ ਦੁਨੀਆਂ ਵਿੱਚ ਹੀ ਸਥਾਪਿਤ ਕਰ ਲਏ ਹਨ, ਫੇਰ
ਉਤਰਾਂਚਲ ਤੇ ਹੇਮਕੁੰਟ ਵਿੱਚ ਬਣੇ ਗੁਰਦਆਰਾ ਸਾਹਿਬ ਬਾਰੇ ਏਨਾਂ ਰੌਲਾ ਰੱਪਾ ਕਿਸ ਗੱਲ ਦਾ
ਪਾਇਆ ਜਾ ਰਿਹਾ ਹੈ, ਜੋ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਗੱਲ ਨਾਲ
ਸਹਿਮਤ ਨਹੀਂ ਹਨ, ਉਹਨਾਂ ਨੂੰ ਇਸ ਮਸਲੇ 'ਤੇ ਫੇਸਬੁੱਕ ਜਾਂ ਹੋਰ ਸ਼ੋਸਲ ਵੈਬਸਾਇਟਾਂ 'ਤੇ
ਪ੍ਰਚਾਰ ਕਰਨ ਦੀ ਥਾਂ ਹੇਮਕੁੰਟ ਇਨਾਕੇ ਵਿੱਚ ਫਸੇ ਆਪਣੇ ਭਰਾਵਾਂ ਦੀ ਮੱਦਦ ਕਰਨੀ ਚਾਹੀਦੀ
ਹੈ ਅਤੇ ਦਲੀਲ ਨਾਲ ਆਪਣੀ ਗੱਲ ਸੰਗਤਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ, ਨਾ ਕਿ
ਹੇਮਕੁੰਟ ਅਤੇ ਰਸਤਿਆਂ ਵਿੱਚ ਫਸੇ ਆਪਣੇ ਸਿੱਖ ਭਰਾਵਾਂ ਨੂੰ 'ਤੇ ਤਾਹਨੇ ਮਿਹਣੇ ਕਸਣੇ
ਚਾਹੀਦੇ ਹਨ। ਸਿਆਣਿਆਂ ਨੇ ਕਿਹਾ ਹੈ ਤਿਲਕ ਹੋਏ ਇਨਸਾਨ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ
ਬਲਕਿ ਤਿਲਕੇ ਹੋਏ ਇਨਸਾਨ ਨੂੰ ਉਠਾਉਣਾ ਚਾਹੀਦਾ ਹੈ।




No comments:
Post a Comment