ਚੰਡੀਗੜ੍ਹ - ਸਿੱਖਿਆ ਵਿਭਾਗ ਵਿਚ ਕਿਤਾਬ ਘਪਲੇ 'ਚ ਮੁੱਖ ਮੰਤਰੀ ਵਲੋਂ ਜਾਂਚ ਸ਼ੁਰੂ ਕਰਵਾਉਣ ਤੋਂ ਬਾਅਦ ਕਈ ਦਿਨ ਤਕ ਮੀਡੀਆ ਤੋਂ ਬਚਦੇ ਰਹਿਣ ਤੋਂ ਬਾਅਦ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਨੀਵਾਰ ਨੂੰ ਜਗ ਬਾਣੀ ਨੂੰ ਇਕ ਵਿਸ਼ੇਸ਼ ਇੰਟਰਵਿਊ ਦਿੱਤੀ। ਸਕੂਲਾਂ ਨੂੰ ਵਿਵਾਦਿਤ ਕਿਤਾਬਾਂ ਦੀ ਸਪਲਾਈ ਨੂੰ ਲੈ ਕੇ ਉੱਠੇ ਤੂਫ਼ਾਨ ਤੋਂ ਬਾਅਦ ਇਹ ਉਨ੍ਹਾਂ ਦੀ ਕਿਸੇ ਅਖ਼ਬਾਰ ਨਾਲ ਪਹਿਲੀ ਇੰਟਰਵਿਊ ਸੀ, ਜਿਹੜੀ ਇੰਝ ਰਹੀ :-
ਸਵਾਲ : ਸਿੱਖਿਆ ਵਿਭਾਗ 'ਚ ਕਥਿਤ ਕਿਤਾਬ ਘਪਲੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਤੁਹਾਡੇ ਖਿਲਾਫ਼ ਜਾਂਚ ਸ਼ੁਰੂ ਕਰਵਾਈ ਗਈ ਹੈ। ਤੁਹਾਡੀ ਕੀ ਟਿੱਪਣੀ ਹੈ?
ਜਵਾਬ : ਮੇਰੇ ਖਿਲਾਫ਼ ਲੱਗੇ ਦੋਸ਼ ਆਧਾਰਹੀਣ ਹਨ। ਸਕੂਲਾਂ ਨੂੰ ਕਿਤਾਬਾਂ, ਪ੍ਰੈਕਟੀਕਲ ਕਾਪੀਆਂ, ਸਾਇੰਸ ਕਿੱਟਾਂ ਸਪਲਾਈ ਕਰਨ ਵਿਚ ਮੇਰੀ ਕੋਈ ਭੂਮਿਕਾ ਨਹੀਂ ਹੈ ਤੇ ਨਾ ਹੀ ਇਸ ਵਿਚ ਮੇਰਾ ਜਾਂ ਮੇਰੀ ਨੂੰਹ ਪਰਮਪਾਲ ਕੌਰ ਦਾ ਕੋਈ ਕਸੂਰ ਹੈ। ਮੈਂ ਖੁਦ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਸੀ ਤੇ ਮੈਂ ਕਿਹਾ ਸੀ ਕਿ ਜਾਂਚ ਬੇਸ਼ੱਕ ਕਿਸੇ ਜੱਜ ਤੋਂ ਕਰਵਾ ਲਵੋ, ਚਾਹੇ ਵਿਜੀਲੈਂਸ ਜਾਂ ਕਿਸੇ ਵਿਭਾਗੀ ਅਧਿਕਾਰੀ ਤੋਂ।
ਸਵਾਲ : ਜਸਟਿਸ ਜਿੰਦਲ ਦੀ ਵਿਸ਼ਵਾਸਯੋਗਤਾ 'ਤੇ ਸਵਾਲ ਕੀਤੇ ਜਾ ਰਹੇ ਹਨ ਅਤੇ ਕਾਂਗਰਸ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੁੱਖ ਮੰਤਰੀ ਅਤੇ ਤੁਹਾਡੇ ਨਾਲ ਸਬੰਧ ਹਨ?
ਜਵਾਬ: ਇਹ ਗੱਲ ਵੀ ਪੂਰੀ ਤਰ੍ਹਾਂ ਗਲਤ ਹੈ। ਮੇਰਾ ਜਸਟਿਸ ਜਿੰਦਲ ਨਾਲ ਸਿੱਧਾ ਜਾਂ ਅਸਿੱਧਾ ਕੋਈ ਸਬੰਧ ਨਹੀਂ ਹੈ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਜਸਟਿਸ ਜਿੰਦਲ ਕੌਣ ਹਨ। ਅਖਬਾਰਾਂ ਵਿਚ ਇਸ ਸਿਲਸਿਲੇ ਸਬੰਧੀ ਖ਼ਬਰਾਂ ਛਪਣ ਤੋਂ ਬਾਅਦ ਮੈਂ ਇਧਰੋਂ-ਉਧਰੋਂ ਪਤਾ ਕਰਵਾਇਆ ਕਿ ਉਹ ਰਾਮਪੁਰਾ ਫੂਲ ਨਾਲ ਸਬੰਧਤ ਤਾਂ ਹਨ, ਪਰ ਉਹ 1964 ਦੌਰਾਨ ਬਰਨਾਲਾ ਚਲੇ ਗਏ ਸਨ। ਹੁਣ ਵੀ ਉਨ੍ਹਾਂ ਦਾ ਪਰਿਵਾਰ ਬਰਨਾਲਾ 'ਚ ਹੀ ਰਹਿੰਦਾ ਹੈ। ਕਾਂਗਰਸ ਦਾ ਇਹ ਦੋਸ਼ ਕਿ ਜਸਟਿਸ ਜਿੰਦਲ ਦੇ ਇਕ ਰਿਸ਼ਤੇਦਾਰ ਸੁਨੀਲ ਬਿੱਟਾ ਨੂੰ ਵੀ ਮੈਂ ਹੀ ਰਾਮਪੁਰਾ ਫੂਲ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਸੀ, ਵੀ ਗਲਤ ਹੈ। ਅਸਲ ਵਿਚ ਬਿੱਟਾ ਭਾਜਪਾ ਕੋਟੇ 'ਚੋਂ ਕੁਝ ਸਾਲ ਪਹਿਲਾਂ ਕੌਂਸਲ ਦੇ ਮੀਤ ਪ੍ਰਧਾਨ ਬਣੇ ਸਨ, ਪਰ ਉਸ ਤੋਂ ਬਾਅਦ ਉਹ ਉਥੋਂ ਹਟ ਗਏ। ਹੁਣ ਕੌਂਸਲ ਦਾ ਪ੍ਰਧਾਨ ਹੈਪੀ ਬਾਂਸਲ ਹੈ, ਜੋ ਅਕਾਲੀ ਦਲ ਨਾਲ ਸਬੰਧਤ ਹੈ। ਜਸਟਿਸ ਜਿੰਦਲ ਦੇ ਇਕ ਹੋਰ ਰਿਸ਼ਤੇਦਾਰ ਦੀਪਕ ਗਰਗ ਨੂੰ ਮੇਰੇ ਵਲੋਂ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕਰਵਾਉਣ ਦਾ ਦੋਸ਼ ਵੀ ਗਲਤ ਹੈ, ਕਿਉਂਕਿ ਮੈਂ ਦੀਪਕ ਗਰਗ ਨੂੰ ਜਾਣਦਾ ਤਕ ਨਹੀਂ ਹਾਂ। ਉਂਝ ਪੰਜਾਬ ਛੋਟਾ ਜਿਹਾ ਸੂਬਾ ਹੈ, ਇੱਥੋਂ ਲੱਭਣ ਤੁਰੋ ਤਾਂ ਕੋਈ ਨਾ ਕੋਈ ਕਿਸੇ ਨਾਲ ਜੁੜਿਆ ਹੀ ਮਿਲੇਗਾ।
ਸਵਾਲ : ਤੁਹਾਡੇ ਖਿਲਾਫ਼ ਜਾਂਚ ਲਈ ਜਸਟਿਸ ਜਿੰਦਲ ਦੀ ਚੋਣ ਕਿਵੇਂ ਹੋਈ ?
ਜਵਾਬ : ਜਸਟਿਸ ਜਿੰਦਲ ਦਾ ਨਾਮ ਨਾ ਮੈਂ ਅਤੇ ਨਾ ਹੀ ਮੁੱਖ ਮੰਤਰੀ ਨੇ ਰਿਕਮੈਂਡ ਕੀਤਾ ਸੀ। ਉਨ੍ਹਾਂ ਨੇ ਤਾਂ ਸਿਰਫ਼ ਐਡਵੋਕੇਟ ਜਨਰਲ ਨੂੰ ਕਿਸੇ ਸੇਵਾਮੁਕਤ ਜੱਜ ਦਾ ਨਾਮ ਭੇਜਣ ਲਈ ਕਿਹਾ ਸੀ। ਪ੍ਰੋਸੀਜ਼ਰ ਇਹ ਹੈ ਕਿ ਹਾਈਕੋਰਟ ਤੋਂ ਸੇਵਾਮੁਕਤ ਹੋਣ ਵਾਲੇ ਸਭ ਤੋਂ ਲੈਟੇਸਟ ਜੱਜ ਨੂੰ ਹੀ ਜਾਂਚ ਦਿੱਤੀ ਜਾਂਦੀ ਹੈ। ਕਿਉਂਕਿ ਜਸਟਿਸ ਜਿੰਦਲ ਹਾਲ ਹੀ 'ਚ ਸੇਵਾਮੁਕਤ ਹੋਏ ਸਨ, ਇਸ ਲਈ ਜਾਂਚ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ।
ਸਵਾਲ : ਕਾਂਗਰਸ ਅਤੇ ਆਮ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਤਕ ਤੁਸੀਂ ਆਪਣੇ ਅਹੁਦੇ 'ਤੇ ਰਹੋਗੇ ਤਦ ਤਕ ਤੁਹਾਡੇ ਖਿਲਾਫ਼ ਜਾਂਚ ਨਿਰਪੱਖ ਨਹੀਂ ਹੋ ਸਕਦੀ। ਇਸ ਲਈ ਕੀ ਤੁਸੀਂ ਅਹੁਦਾ ਛੱਡਣ ਲਈ ਤਿਆਰ ਹੋ?
ਜਵਾਬ: ਕਿਸੇ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨਾ ਅਤੇ ਉਸ ਨੂੰ ਵਿਭਾਗ ਅਲਾਟ ਕਰਨਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਹੈ। ਉਹ ਜੋ ਠੀਕ ਸਮਝਣ ਕਰ ਸਕਦੇ ਹਨ। ਜਿੱਥੋਂ ਤਕ ਮੇਰਾ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਸਵਾਲ ਹੈ, ਮੈਂ ਸਮਝਦਾ ਹਾਂ ਕਿ ਇਸ ਦਾ ਜਾਂਚ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਸ ਜਾਂਚ ਲਈ ਸਾਰੇ ਡਾਕੂਮੈਂਟਰੀ ਸਬੂਤ ਫਾਈਲਾਂ ਵਿਚ ਮੌਜੂਦ ਹਨ। ਉਨ੍ਹਾਂ 'ਚ ਮੈਂ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕਰ ਸਕਦਾ। ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਵੀ ਨਿਆਇਕ ਪ੍ਰਣਾਲੀ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਸਵਾਲ : ਸਿੱਖਿਆ ਵਿਭਾਗ ਨੂੰ ਕੰਡਿਆਂ ਦਾ ਤਾਜ ਸਮਝਿਆ ਜਾਂਦਾ ਹੈ। ਇਸ ਨੂੰ ਚਲਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ, ਤੁਹਾਡਾ ਕੀ ਤਜਰਬਾ ਹੈ ?
ਜਵਾਬ: ਇਹ ਵਿਭਾਗ ਕਾਫ਼ੀ ਜਟਿਲ ਹੈ ਅਤੇ ਇਸ ਨਾਲ ਕਰੀਬ ਸਵਾ ਲੱਖ ਅਧਿਆਪਕ ਜੁੜੇ ਹੋਏ ਹਨ ਪਰ ਮੁਸ਼ਕਿਲ ਕੰਮ ਤੋਂ ਭੱਜਣਾ ਨਹੀਂ ਚਾਹੀਦਾ। ਮੈਂ ਨਹੀਂ ਤਾਂ ਕਿਸੇ ਹੋਰ ਨੂੰ ਇਹ ਵਿਭਾਗ ਤਾਂ ਚਲਾਉਣਾ ਹੀ ਪੈਣਾ ਸੀ।
ਸਵਾਲ: ਸਕੂਲਾਂ ਨੂੰ ਅਸ਼ਲੀਲ ਅਤੇ ਘਟੀਆ ਕੁਆਲਿਟੀ ਦੀਆਂ ਕਿਤਾਬਾਂ ਦੀ ਸਪਲਾਈ ਕਿਵੇਂ ਹੋ ਗਈ ?
ਜਵਾਬ: ਇਸ ਗੱਲ ਦੀ ਤਾਂ ਜਾਂਚ ਹੋਵੇਗੀ। ਮੈਂ ਸਿਰਫ਼ ਕਮੇਟੀ ਨੂੰ ਇਹ ਹੁਕਮ ਦਿੱਤਾ ਸੀ ਕਿ ਸਕੂਲਾਂ ਨੂੰ ਠੀਕ ਰੇਟਾਂ 'ਤੇ ਵਧੀਆ ਕੁਆਲਿਟੀ ਦੀਆਂ ਕਿਤਾਬਾਂ ਉਪਲੱਬਧ ਕਰਵਾਈਆਂ ਜਾਣ। ਇਸ ਤੋਂ ਅੱਗੇ ਦਾ ਕੰਮ ਦੇਖਣਾ ਡਾਇਰੈਕਟਰ ਜਨਰਲ ਸੈਕੰਡਰੀ ਐਜੂਕੇਸ਼ਨ ਕਾਹਨ ਸਿੰਘ ਪੰਨੂ ਦਾ ਹੈ, ਕਿਉਂਕਿ ਵਿਭਾਗ ਦੇ ਓਵਰਆਲ ਇੰਚਾਰਜ ਉਹ ਹਨ।
ਸਵਾਲ: ਆਪ ਦੀ ਨੂੰਹ ਪਰਪਮਾਲ ਕੌਰ ਨੂੰ ਪੇਂਡੂ ਵਿਕਾਸ ਵਿਭਾਗ ਤੋਂ ਸਿੱਖਿਆ ਵਿਭਾਗ ਵਿਚ ਡੈਪੂਟੇਸ਼ਨ 'ਤੇ ਲਾਏ ਜਾਣ ਸਬੰਧੀ ਵੀ ਕਈ ਸਵਾਲ ਉੱਠ ਰਹੇ ਹਨ।
ਜਵਾਬ: ਮੰਤਰੀ ਬਣਨ ਤੋਂ ਬਾਅਦ ਪਰਮਪਾਲ ਕੌਰ ਨੂੰ ਆਪਣੇ ਵਿਭਾਗ ਵਿਚ ਡੈਪੂਟੇਸ਼ਨ 'ਤੇ ਲਿਆਉਣ ਦਾ ਮੁੱਖ ਕਾਰਨ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਸਾਰਾ ਪਰਿਵਾਰ ਇਕੱਠਾ ਹੀ ਚੰਡੀਗੜ੍ਹ 'ਚ ਰਹੇ। ਇਸ ਵਿਚ ਕੀ ਗਲਤ ਹੈ, ਹਰ ਵਿਭਾਗ ਵਿਚ ਕੋਈ ਨਾ ਕੋਈ ਡੈਪੂਟੇਸ਼ਨ 'ਤੇ ਆਉਂਦਾ-ਜਾਂਦਾ ਹੀ ਰਹਿੰਦਾ ਹੈ।
ਸਵਾਲ: ਪਰਮਪਾਲ ਕੌਰ ਨੂੰ ਹੁਣ ਆਈ. ਏ. ਐੱਸ. 'ਚ ਨਾਮਜ਼ਦ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ?
ਜਵਾਬ: ਸਭ ਕੁਝ ਨਿਯਮਾਂ ਤਹਿਤ ਹੀ ਹੋਵੇਗਾ। ਸਰਕਾਰ ਨੇ ਅਰਜ਼ੀਆਂ ਮੰਗੀਆਂ ਹਨ ਅਤੇ ਆਪਣੀ ਸਿਫਾਰਸ਼ ਯੂ. ਪੀ. ਐੱਸ. ਸੀ. ਨੂੰ ਭੇਜੇਗੀ। ਅੰਤਿਮ ਫ਼ੈਸਲਾ ਕੇਂਦਰ ਵਿਚ ਹੀ ਹੋਵੇਗਾ ਪਰ ਮੈਂ ਇਹ ਕਹਿਣਾ ਚਾਹੁੰਗਾ ਕਿ ਪਰਮਪਾਲ ਕੌਰ ਬ੍ਰਿਲੀਐਂਟ ਹੈ। ਬਤੌਰ ਬੀ. ਡੀ. ਪੀ. ਓ. ਉਹ ਸਿੱਧੀ ਭਰਤੀ ਹੋਈ ਸੀ ਅਤੇ ਇਸ ਦੀ ਪ੍ਰੀਖਿਆ ਦੌਰਾਨ ਉਸਨੇ ਪੰਜਾਬ ਵਿਚ ਟਾਪ ਕੀਤਾ ਸੀ।
ਸਵਾਲ: ਇਕ ਵਾਰ ਤੈਸ਼ ਵਿਚ ਆ ਕੇ ਤੁਸੀਂ ਇਕ ਅਧਿਆਪਕਾ ਨੂੰ ਹੀ ਥੱਪੜ ਮਾਰ ਦਿੱਤਾ ਸੀ?
ਜਵਾਬ: ਇਹ ਬਿਲਕੁਲ ਗਲਤ ਹੈ। ਥੱਪੜ ਤਾਂ ਕੀ ਮੈਂ ਕਿਸੇ ਅਧਿਆਪਕਾ ਨੂੰ ਹੱਥ ਵੀ ਨਹੀਂ ਲਾਇਆ। ਜੇਕਰ ਕਿਸੇ ਕੋਲ ਇਸ ਘਟਨਾ ਦੀ ਕੋਈ ਵੀਡੀਓ ਹੈ ਤਾਂ ਮੈਨੂੰ ਦਿਖਾਵੇ।
ਕਾਂਗਰਸੀਆਂ ਨੇ ਫਿਰ ਕੀਤਾ ਮਲੂਕਾ ਦੇ ਘਰ ਨੇੜੇ ਪ੍ਰਦਰਸ਼ਨ
ਚੰਡੀਗੜ੍ਹ, (ਭੁੱਲਰ)- ਸ਼ਨੀਵਾਰ ਨੂੰ ਫਿਰ ਚੰਡੀਗੜ੍ਹ ਦੇ ਨੇੜੇ ਸਥਿਤ ਕਾਂਸਲ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਕਾਂਗਰਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਅੱਜ ਦੇ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਣਾ ਕੇ. ਪੀ. ਸਿੰਘ ਨੇ ਕੀਤੀ। ਕਾਂਗਰਸੀਆਂ ਨੇ ਮਲੂਕਾ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ ਪਰ ਗਿਣਤੀ ਘੱਟ ਹੋਣ ਕਾਰਨ ਉਹ ਅਸਫਲ ਰਹੇ।
ਕਾਂਗਰਸੀ ਪ੍ਰਦਰਸ਼ਨਕਾਰੀ ਭਾੜੇ ਦੇ ਟੱਟੂ : ਮਲੂਕਾ
ਚੰਡੀਗੜ੍ਹ, (ਭੁੱਲਰ)-ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਉਨ੍ਹਾਂ ਖਿਲਾਫ ਕਾਂਗਰਸੀਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਸਮੇਂ ਆਪਣੀ ਰਿਹਾਇਸ਼ 'ਤੇ ਮੌਜੂਦ ਰਹੇ। ਮਲੂਕਾ 'ਤੇ ਇਸ ਪ੍ਰਦਰਸ਼ਨ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਹੀ ਆਪਣੀ ਕੋਠੀ ਦੇ ਬੂਹੇ 'ਤੇ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਭਾੜੇ ਦੇ ਟੱਟੂ ਦੱਸਿਆ। ਉਨ੍ਹਾਂ ਕਿਹਾ ਕਿ 40-50 ਲੋਕਾਂ ਦੀ ਭੀੜ ਦਾ ਪ੍ਰਦਰਸ਼ਨ ਜਾਂ ਧਰਨਾ ਨਹੀਂ ਕਿਹਾ ਜਾ ਸਕਦਾ ਅਤੇ ਇਸ 'ਚ ਵੀ ਅੱਧੇ ਖਰੀਦੇ ਹੋਏ ਮਜ਼ਦੂਰ ਸ਼ਾਮਲ ਹਨ।