jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 June 2013

ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਦਫਤਰ ਅੱਗੇ ਧਰਨਾ

www.sabblok.blogspot.com
 ਜਲੰਧਰ ਵਿਖੇ ਮਜ਼ਦੂਰ ਜਥੇਬੰਦੀਆਂ ਦੇ ਮੈਂਬਰ ਡੀ.ਸੀ. ਦਫਤਰ ਅੱਗੇ ਰੋਸ ਧਰਨਾ ਦਿੰਦੇ ਹੋਏ (ਫੋਟੋ: ਮਲਕੀਤ ਸਿੰਘ)

ਨਿੱਜੀ ਪੱਤਰ ਪ੍ਰੇਰਕ

ਜਲੰਧਰ, 7 ਜੂਨ
ਪੰਜਾਬ ਦੀਆਂ 17 ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਦਫਤਰ ਵਿਖੇ ਹਜ਼ਾਰਾਂ ਮਜ਼ਦੂਰ ਕਿਸਾਨਾਂ, ਜਿਨ੍ਹਾਂ ਵਿਚ ਭਾਰੀ ਗਿਣਤੀ ਔਰਤਾਂ ਸ਼ਾਮਲ ਸਨ, ਵੱਲੋਂ ਕੜਕਦੀ ਧੁੱਪ ਵਿਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਰੋਸ ਧਰਨਾ ਦਿੱਤਾ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਕਿਰਤੀ ਲੋਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ ਜਿਥੋਂ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਡੀ.ਸੀ. ਦਫਤਰ ਪੁੱਜੇ। ਰੋਸ ਧਰਨੇ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂ) ਦੇ ਆਗੂਆਂ ਨੇ ਸਾਂਝੇ ਮਤੇ ਰਾਹੀਂ ਧਰਨੇ ਨੂੰ ਰੋਕਣ ਲਈ ਥਾਂ-ਥਾਂ ਪੁਲੀਸ ਨਾਕੇ ਲਾ ਕੇ ਮਜ਼ਦੂਰ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ਦੀ ਸਖਤ ਨਿੰਦਾ ਕੀਤੀ।
ਧਰਨੇ ਦੀਆਂ ਮੰਗਾਂ ਦਾ ਹਵਾਲਾ ਦੇ ਕੇ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀਆਂ ਸਾਮਰਾਜੀ ਨੀਤੀਆਂ ਤਹਿਤ ਚਲਦੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਬੌਖਲਾ ਕੇ ਸੰਘਰਸ਼ਾਂ ’ਤੇ ਪਾਬੰਦੀਆਂ ਮੜ੍ਹ ਕੇ ਅਤੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਲੋਕ ਲਹਿਰ ਦਾ ਗਲ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਜੀਉਬਾਲਾ ਪਿੰਡ ਵਿਚ ਪੁਲੀਸ ਥਾਣੇਦਾਰ ਦੀ ਹੋਈ ਕੁਦਰਤੀ ਮੌਤ ਨੂੰ ਬਹਾਨਾ ਬਣਾ ਕੇ ਦਰਜਨ ਆਗੂਆਂ ਨੂੰ ਝੂਠੇ ਕੇਸ ਵਿਚ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਆਦਿ ਸ਼ਹਿਰਾਂ ਵਿਚ ਚੰਡੀਗੜ੍ਹ ਵਾਂਗੂ ਧਰਨੇ ਲਾਉਣ ’ਤੇ ਪਾਬੰਦੀ ਲਾਈ ਜਾਂਦੀ ਹੈ ਕਿ ਸਰਕਾਰ ਲੋਕਾਂ ਦੀ ਹੱਕੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਜਥੇਬੰਦੀਆਂ ਵੱਲੋਂ ਡੀ.ਸੀ. ਨੂੰ ਦਿੱਤੇ ਸਾਂਝੇ ਮੰਗ ਪੱਤਰ ਰਾਹੀਂ ਉਨ੍ਹਾਂ ਆਪਣੀਆਂ ਮੰਗਾਂ ਮਜ਼ਦੂਰਾਂ ਦੇ ਬਕਾਇਆ ਬਿਜਲੀ ਬਿੱਲਾਂ ’ਤੇ ਲਕੀਰ ਮਾਰ ਕੇ ਸਮੁੱਚੇ ਬਿੱਲ ਮੁਆਫ ਕਰਵਾਉਣ, ਤਰਨ ਤਾਰਨ ਦੇ ਜੀਉਵਾਲਾ ਨਾਲ ਸਬੰਧਤ ਜੇਲ੍ਹ ’ਚ ਡੱਕੇ ਆਗੂ ਰਿਹਾਅ ਕਰਵਾਉਣ, ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ ਅਤੇ ਮਜ਼ਦੂਰਾਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਮਨਵਾਉਣ ਤਕ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਧਰਨੇ ਨੂੰ ਤਰਸੇਮ ਪੀਟਰ, ਹਰਮੇਸ਼ ਮਾਲੜੀ, ਗੁਰਨਾਮ ਸਿੰਘ ਸੰਘੇੜਾ, ਬਲਵਿੰਦਰ ਸਿੰਘ ਬਾਜਵਾ, ਦਰਸ਼ਨ ਨਾਹਰ, ਕਸ਼ਮੀਰ ਘੁੱਗਸ਼ੋਰ, ਹਰਪਾਲ ਬਿੱਟੂ, ਹਰਮੇਸ਼ ਸਿੰਘ ਢੇਸੀ, ਮਨਹੋਰ ਸਿੰਘ ਗਿੱਲ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ ਚੰਦੀ, ਕੁਲਦੀਪ ਸਿੰਘ ਬਾਂਗਰ, ਲਖਵਿੰਦਰ ਸਿੰਘ ਬਾਉਪੁਰ, ਪਰਮਜੀਤ ਸਿੰਘ ਬਾਬੂਪੁਰ, ਭੁਪਿੰਦਰ ਮਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਅੰਮ੍ਰਿਤਸਰ, (ਟ੍ਰਿਬਿਊਨ ਨਿਊਜ਼ ਸਰਵਿਸ) ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਅੱਜ ਇਥੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਅਤੇ ਹੋਰ ਮੰਗਾਂ ਮਨਾਉਣ ਲਈ ਰੋਸ ਮਾਰਚ ਕੀਤਾ। ਮਾਝੇ ਦੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨ ਇਥੇ ਕੰਪਨੀ ਬਾਗ ਵਿਖੇ ਇਕੱਠੇ ਹੋਏ ਅਤੇ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਤੋਂ ਪਹਿਲਾਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਧਨਵੰਤ ਸਿੰਘ ਖਤਰਾਏ ਕਲਾਂ, ਰਤਨ ਸਿੰਘ ਰੰਧਾਵਾ, ਗੁਰਬਚਨ ਸਿੰਘ ਚੱਬਾ, ਅਮਰੀਕ ਸਿੰਘ ਦਾਊਦ, ਹੀਰਾ ਸਿੰਘ ਚੱਕ ਸਿਕੰਦਰ, ਸੁਰਿੰਦਰ ਸਿੰਘ ਟਪਿਆਲਾ ਦੀ ਅਗਵਾਈ ਹੇਠ ਰੋਸ ਰੈਲੀ ਕੱਢੀ ਗਈ। ਬੁਲਾਰਿਆਂ ਨੇ ਮੰਗ ਕੀਤੀ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜੀਓਬਾਲਾ ਵਿਖੇ ਥਾਣੇਦਾਰ ਦੀ ਹੋਈ ਕੁਦਰਤੀ ਮੌਤ ਦੇ ਮਾਮਲੇ ਵਿੱਚ ਜੇਲ੍ਹਾਂ ਵਿੱਚ ਬੰਦ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਪੇਂਡੂ ਮਜਦੂਰਾਂ ਨੂੰ ਮਨਰੇਗਾ ਤਹਿਤ ਰੁਜ਼ਗਾਰ ਦਿੱਤਾ ਜਾਵੇ, ਪੇਂਡੂ ਗਰੀਬਾਂ ਨੂੰ ਬਿਜਲੀ ਦੇ ਬਿੱਲ ਕਿਸਾਨਾਂ ਵਾਂਗ ਮੁਆਫ ਕੀਤੇ ਜਾਣ ਅਤੇ ਗਰੀਬਾਂ ਲਈ ਘਰ ਬਣਾਉਣ ਵਾਸਤੇ 10-10 ਮਰਲੇ ਦੇ ਪਲਾਟ ਦੇਣ ਦੀ ਮੰਨੀ ਮੰਗ ਨੂੰ ਲਾਗੂ ਕੀਤਾ ਜਾਵੇ। ਬੁਲਾਰਿਆਂ ਵਿੱਚ ਡਾ. ਸਤਨਾਮ ਸਿੰਘ ਅਜਨਾਲਾ, ਦਾਤਾਰ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ, ਗੁਰਨਾਮ ਸਿੰਘ ਦਾਊਦ, ਕੰਵਲਪ੍ਰੀਤ ਸਿੰਘ ਪੰਨੂ, ਸਰਵਣ ਸਿੰਘ ਪੰਧੇਰ, ਧਰਮਿੰਦਰ ਸਿੰਘ ਅਜਨਾਲਾ ਆਦਿ ਸ਼ਾਮਲ ਸਨ। ਇਸ ਮੌਕੇ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਪਿੱਟ ਸਿਆਪਾ ਵੀ ਕੀਤਾ ਗਿਆ। ।

No comments: