www.sabblok.blogspot.com
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰਾਸ਼ਣ ਦੇ ਟਰੱਕ ਹੜ੍ਹ ਪੀੜਤ ਇਲਾਕਿਆਂ ਲਈ ਰਵਾਨਾ
ਗੋਬਿੰਦ ਧਾਮ ਵਿਖੇ ਫਸੇ 3000 ਸ਼ਰਧਾਲੂ ਸੁਰੱਖਿਅਤ ਅਤੇ ਚੜ੍ਹਦੀ ਕਲਾ 'ਚ-ਪੰਨੂ
ਅਨੰਦਪੁਰ ਸਾਹਿਬ, 20 ਜੂਨ (ਜੰਗ ਸਿੰਘ)-ਜਥੇ: ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਕਿਸੇ ਵੀ ਕੁਦਰਤੀ ਆਫਤ ਸਮੇਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣਾ ਆਪਣਾ ਫਰਜ਼ ਸਮਝਦੀ ਹੈ | ਇਸ ਲਈ ਉਤਰਖੰਡ ਵਿਚ ਬਾਰਿਸ਼ ਕਾਰਨ ਆਏ ਹੜ੍ਹਾਂ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਅਤੇ ਹੋਰ ਸਥਾਨਕ ਲੋਕ, ਜੋ ਮੁਸ਼ਕਿਲ ਵਿਚ ਫਸੇ ਹੋਏ ਹਨ, ਦੀ ਮੱਦਦ ਲਈ ਅੱਜ ਖਾਲਸੇ ਦੀ ਜਨਮ ਭੂਮੀ ਗੁ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰਾਸ਼ਨ ਦੇ ਟਰੱਕ ਰਵਾਨਾ ਕੀਤੇ ਗਏ | ਇਸ ਤੋਂ ਇਲਾਵਾ ਮੈਡੀਕਲ ਟੀਮ ਤੇ ਦਵਾਈਆਂ ਵੀ ਭੇਜੀਆਂ ਹਨ ਤਾਂ ਕਿ ਉਨ੍ਹਾਂ ਨੂੰ ਹੜ੍ਹਾਂ ਤੋਂ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾਵੇ | ਰਾਸ਼ਨ ਦੇ ਟਰੱਕ ਰਵਾਨਾ ਕਰਨ ਤੋਂ ਪਹਿਲਾਂ ਅਰਦਾਸ ਜਥੇ: ਗਿਆਨੀ ਤਰਲੋਚਨ ਸਿੰਘ ਨੇ ਕੀਤੀ | ਇਸ ਸਮੇਂ ਪਿੰ੍ਰ: ਸੁਰਿੰਦਰ ਸਿੰਘ, ਦਲਜੀਤ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਚਾਵਲਾ, ਮਾ: ਜਾਗੀਰ ਸਿੰਘ, ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਦਲਜੀਤ ਸਿੰਘ ਬੇਦੀ, ਕੁਲਵਿੰਦਰ ਸਿੰਘ ਰਮਦਾਸ, ਸੁਖਵਿੰਦਰ ਸਿੰਘ ਗਰੇਵਾਲ, ਰਣਬੀਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਹਰਦੇਵ ਸਿੰਘ ਦੇਬੀ, ਜਥੇ: ਮੋਹਨ ਸਿੰਘ ਢਾਹੇ, ਠੇਕੇਦਾਰ ਗੁਰਨਾਮ ਸਿੰਘ ਆਦਿ ਹਾਜ਼ਰ ਸਨ |
ਅੰਮਿ੍ਤਸਰ, (ਹਰਪ੍ਰੀਤ ਸਿੰਘ ਗਿੱਲ)-ਸ੍ਰੀ ਹੇਮਕੁੰਟ ਸਾਹਿਬ ਸਮੇਤ ਉੱਤਰਾਖੰਡ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਗਏ ਸ਼ਰਧਾਲੂਆਂ ਦੇ ਭਾਰੀ ਹੜ੍ਹਾਂ 'ਚ ਫਸ ਜਾਣ ਸਬੰਧੀ ਜਾਰੀ ਰਾਹਤ ਕਾਰਜਾਂ 'ਚ ਜਿਥੇ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਹਰ ਸੰਭਵ ਯਤਨ ਕਰ ਰਹੀ ਹੈ ਉਥੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਖੇਤਰ 'ਚ ਫਸੇ ਲੋਕਾਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਛੋਟੇ ਹੈਲੀਕਾਪਟਰਾਂ ਦੀ ਥਾਂ 'ਤੇ ਵੱਡੇ ਹੈਲੀਕਾਪਟਰ ਰਾਹਤ ਕਾਰਜਾਂ ਲਈ ਵਰਤੇ ਜਾਣ ਤਾਂ ਜੋ ਜਲਦ ਤੋਂ ਜਲਦ ਮੁਸੀਬਤ 'ਚ ਪਏ ਲੋਕਾਂ ਨੂੰ ਬਚਾਇਆ ਜਾ ਸਕੇ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਹੈਲੀਕੈਪਟਰ ਕਿਰਾਏ ਤੇ ਲੈਣ ਲਈ ਤੱਤਪਰ ਹੈ ਤਾਂ ਜੋ ਵੱਧ ਤੋਂ ਵੱਧ ਰਾਹਤ ਸਮੱਗਰੀ ਪੀੜਤਾਂ ਤੱਕ ਪਹੁੰਚਾਈ ਜਾ ਸਕੇ | ਸ਼੍ਰੋਮਣੀ ਕਮੇਟੀ ਵੱਲੋਂ ਸ: ਦਿਲਜੀਤ ਸਿੰਘ ਬੇਦੀ ਐਡੀ: ਸਕੱਤਰ, ਸ: ਜਗਜੀਤ ਸਿੰਘ ਮੀਤ ਸਕੱਤਰ ਤੇ ਸ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਆਧਾਰਿਤ ਤਿੰਨ ਮੈਂਬਰੀ ਅਧਿਕਾਰੀਆਂ ਦੀ ਟੀਮ ਵੀ ਉੱਤਰਾਖੰਡ ਰਵਾਨਾ ਕੀਤੀ ਗਈ ਹੈ |
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਹੈਲੀਕਾਪਟਰ ਉੱਤਰਾਖੰਡ ਵਿਚ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਆਉਣ ਲਈ ਭੇਜੇ ਹਨ | ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਉਹ ਉੱਤਰਾਖੰਡ ਦੇ ਮੁੱਖ ਸਕੱਤਰ ਮੇਜਰ ਸੁਭਾਸ਼ ਕੁਮਾਰ ਤੇ ਹੋਰ ਅਫਸਰਾਂ ਨੂੰ ਮਿਲੇ ਸਨ | ਉਨ੍ਹਾਂ ਕਿਹਾ ਕਿ ਗੁਰਦੁਆਰਾ ਜੋਸ਼ੀਮੱਠ ਵਿਖੇ 12 ਬੱਸਾਂ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਲਗਾ ਦਿੱਤੀਆਂ ਗਈਆਂ ਹਨ |
ਮਨਜੀਤ ਸਿੰਘ ਜੀ. ਕੇ. ਤੇ ਅਵਤਾਰ ਸਿੰਘ ਹਿਤ ਖੁਦ ਆਪ ਇਸ ਬੰਦੋਬਸਤ ਦੀ ਨਿਗਰਾਨੀ ਕਰ ਰਹੇ ਹਨ | ਦਿੱਲੀ ਕਮੇਟੀ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਕਮੇਟੀ ਨੇ ਦੋ ਟਰੱਕ ਤੇ 15 ਬੱਸਾਂ ਵੀ ਭੇਜੀਆਂ ਹਨ ਜਿਨ੍ਹਾਂ ਵਿਚ ਕੱਪੜੇ, ਕੰਬਲ, ਰਾਸ਼ਨ, ਦਵਾਈਆਂ ਆਦਿ ਰਾਹਤ ਸਮਗਰੀ ਭੇਜੀ ਗਈ ਹੈ |
ਚੰਡੀਗੜ੍ਹ, 20 ਜੂਨ ---ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਤਰਾਖੰਡ 'ਚ ਬਚਾਓ ਕਾਰਜਾਂ ਦੀ ਨਿਗਰਾਨੀ ਲਈ ਤਾਇਨਾਤ ਕੀਤੀ ਸੂਬੇ ਦੇ ਅਧਿਕਾਰੀਆਂ ਦੀ ਟੀਮ ਨੂੰ ਹਦਾਇਤ ਕਰਦਿਆਂ ਆਖਿਆ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ 'ਤੇ ਗਏ ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ |
ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਕ ਟੀਮ ਬੀਤੇ ਦਿਨ ਗੋਬਿੰਦ ਧਾਮ ਵਿਖੇ ਪਹੁੰਚ ਗਈ ਸੀ ਤੇ ਇਸ ਟੀਮ ਵੱਲੋਂ ਉਸੇ ਦਿਨ ਹੀ 300 ਸ਼ਰਧਾਲੂਆਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਂ ਵੱਲ ਪਹੁੰਚਾਇਆ ਗਿਆ | ਵਿਸ਼ੇਸ਼ ਸਕੱਤਰ ਸ: ਕਾਹਨ ਸਿੰਘ ਪੰਨੂ, ਜੋ ਇਸ ਟੀਮ ਦੀ ਅਗਵਾਈ ਕਰ ਰਹੇ ਹਨ, ਨੇ ਗੋਬਿੰਦ ਧਾਮ ਤੋਂ ਟੈਲੀਫ਼ੋਨ ਰਾਹੀਂ ਦੱਸਿਆ ਕਿ 500 ਹੋਰ ਸ਼ਰਧਾਲੂਆਂ ਨੂੰ ਅੱਜ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਵਾਂ ਵੱਲ ਲਿਜਾਇਆ ਜਾਵੇਗਾ | ਸ: ਪੰਨੂ ਨੇ ਇਹ ਵੀ ਦੱਸਿਆ ਕਿ ਉੱਥੇ ਤਿੰਨ ਹਜ਼ਾਰ ਸਿੱਖ ਸ਼ਰਧਾਲੂ ਫਸੇ ਹੋਏ ਹਨ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਤੇ ਚੜ੍ਹਦੀ ਕਲਾ 'ਚ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਤੇ ਫ਼ੌਜ ਵੱਲੋਂ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ | ਲੰਗਰ ਦੇ ਪ੍ਰਬੰਧਾਂ ਬਾਰੇ ਸ: ਪੰਨੂ ਨੇ ਦੱਸਿਆ ਕਿ ਲੰਗਰ ਦੇ ਪੁਖ਼ਤਾ ਪ੍ਰਬੰਧਾਂ ਵਾਸਤੇ 5 ਮੈਂਬਰੀ ਲੰਗਰ ਕਮੇਟੀ ਕਾਇਮ ਕੀਤੀ ਗਈ ਹੈ ਇਸ ਤੋਂ ਇਲਾਵਾ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਸ਼ਰਧਾਲੂਆਂ ਨੂੰ ਢੁਕਵੀਂਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ |
ਬੁਲਾਰੇ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਦੇ ਉਥੇ ਫਸੇ ਮੁਲਾਜ਼ਮਾਂ ਦੀ ਛੁੱਟੀ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਤੱਕ ਚੋਣਾਂ ਦੀ ਡਿਊਟੀ ਤੋਂ ਵੀ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਸ: ਪੰਨੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਪੈਦਾ ਕੀਤੀ ਜਾਵੇ ਕਿਉਂ ਜੋ ਗੋਬਿੰਦ ਧਾਮ ਵਿਖੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਰ ਇੱਕ ਸ਼ਰਧਾਲੂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ | ਸ: ਪੰਨੂ ਦੀ ਅਗਵਾਈ 'ਚ ਪਹੁੰਚੀ ਟੀਮ ਵਿਚ ਡੀ.ਆਈ.ਜੀ. ਖੂਬੀ ਰਾਮ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਸ. ਕਮਲਦੀਪ ਸਿੰਘ ਸੰਘਾ ਤੋਂ ਇਲਾਵਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦਫ਼ਤਰ ਤੋਂ ਸ: ਅਮਰਜੀਤ ਸਿੰਘ ਤੇ ਸ: ਇੰਦਰਜੀਤ ਸਿੰਘ ਸ਼ਾਮਿਲ ਹਨ |
ਹੀਰੋਂ ਖੁਰਦ. ਗੁਰਵਿੰਦਰ ਸਿੰਘ ਚਹਿਲ
20 ਜੂਨ --ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਦਵਿੰਦਰ ਸਿੰਘ ਤੇ ਬੂਟਾ ਸਿੰਘ ਨੇ ਦੱਸਿਆ ਕਿ ਉਥੇ ਰੁਕੀ ਹੋਈ ਸੰਗਤ ਲਈ ਜੋ ਵੀ ਲੰਗਰ ਉਥੇ ਮੁਹੱਈਆ ਹੈ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਰਸਤਾਂ-ਵਸਤਾਂ ਹੈਲੀਕਾਪਟਰਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ ਤੇ ਉਹੀ ਹੈਲੀਕਾਪਟਰ ਸੰਗਤਾਂ ਨੂੰ ਉਥੋਂ ਵਾਪਸ ਲਿਆ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਵੀ ਸ਼ਰਧਾਲੂ ਯਾਤਰਾ 'ਤੇ ਆਏ ਹੋਏ ਹਨ ਉਹ ਸੁਰੱਖਿਅਤ ਹਨ | ਉਨ੍ਹਾਂ ਦੇ ਪਰਿਵਾਰ ਕਿਸੇ ਵੀ ਤਰ੍ਹਾਂ ਦਾ ਫ਼ਿਕਰ ਨਾ ਕਰਨ | ਉਨ੍ਹਾਂ ਕਿਹਾ ਕਿ ਬਿਮਾਰ, ਬਜ਼ੁਰਗ, ਮਹਿਲਾਵਾਂ ਅਤੇ ਬੱਚਿਆਂ ਨੂੰ ਪਹਿਲ ਦੇ ਆਧਾਰ 'ਤੇ ਫ਼ੌਜ ਵੱਲੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ | ਗੁਰਦੁਆਰਾ ਰਿਸ਼ੀਕੇਸ ਦੇ ਮੈਨੇਜਰ ਦਰਸ਼ਨ ਸਿੰਘ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕਾਂ ਤੱਕ ਸਹੀ ਜਾਣਕਾਰੀ ਪਹੰੁਚਾਉਣ ਤਾਂ ਕਿ ਹਰ ਪਾਸੇ ਸ਼ਾਂਤੀ ਬਣੀ ਰਹੇ |
No comments:
Post a Comment