www.sabblok.blogspot.com
ਨਵੀਂ ਦਿੱਲੀ, 1 ਜਨਵਰੀ (ਪੀ. ਟੀ. ਆਈ.)-ਅੰਤਰਰਾਸ਼ਟਰੀ ਕੀਮਤਾਂ ਦੇ ਮੱਦੇਨਜ਼ਰ ਗ਼ੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 220 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰੀ ਤੇਲ ਏਜੰਸੀਆਂ ਨੇ ਕਿਹਾ ਹੈ ਕਿ ਨਵੀਂ ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਨਿਰਧਾਰਤ ਸਬਸਿਡੀ ਵਾਲੇ 9 ਸਿਲੰਡਰਾਂ ਤੋਂ ਬਾਅਦ ਵਾਲੇ ਸਿਲੰਡਰ ਦੀ ਕੀਮਤ ਹੁਣ 1021 ਰੁਪਏ ਦੀ ਜਗ੍ਹਾ 1241 ਰੁਪਏ ਹੋਵੇਗੀ। ਬੀਤੇ ਮਹੀਨੇ ਤੋਂ ਗ਼ੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਤੀਸਰੀ ਵਾਰ ਵਾਧਾ ਕੀਤਾ ਗਿਆ ਹੈ। ਪਹਿਲੀ ਦਸੰਬਰ ਨੂੰ 63 ਰੁਪਏ ਦਾ ਵਾਧਾ ਕੀਤੇ ਜਾਣ ਨਾਲ ਸਿਲੰਡਰ ਦੀ ਕੀਮਤ 1017.50 ਰੁਪਏ ਹੋ ਗਈ ਸੀ ਅਤੇ 11 ਦਸੰਬਰ ਨੂੰ ਫਿਰ 3.50 ਰੁਪਏ ਦਾ ਵਾਧਾ ਹੋਣ ਨਾਲ ਇਸ ਦੀ ਕੀਮਤ 1021 ਰੁਪਏ ਹੋ ਗਈ ਸੀ। ਸਰਕਾਰ ਨੇ ਗੈਸ ਡੀਲਰਾਂ ਦੀ ਕਮਿਸ਼ਨ 'ਚ ਵਾਧਾ ਕਰਨ ਦੇ ਮੱਦੇਨਜ਼ਰ ਸਿਲੰਡਰ ਦੀ ਕੀਮਤ ਵਧਾ ਦਿੱਤੀ ਸੀ। ਸਰਕਾਰ ਨੇ ਪਹਿਲਾਂ ਸਤੰਬਰ 2012 'ਚ ਸਾਲ ਦੌਰਾਨ ਘਰੇਲੂ ਰਸੋਈ ਗੈਸ ਦੇ 6 ਸਿਲੰਡਰ ਸਬਸਿਡੀ 'ਤੇ ਦੇਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਜਨਵਰੀ 2013 'ਚ 9 ਸਿਲੰਡਰ ਦਿੱਤੇ ਜਾਣ ਦਾ ਨਿਰਣਾ ਲਿਆ ਸੀ। ਇਸ ਗਿਣਤੀ ਤੋਂ ਉਪਰ ਇਹ ਸਿਲੰਡਰ ਮਾਰਕੀਟ ਭਾਅ 'ਤੇ ਖ੍ਰੀਦੇ ਜਾ ਸਕਦੇ ਹਨ ਅਤੇ ਇਸ ਦੀ ਸਾਲ 'ਚ ਗਿਣਤੀ ਦੀ ਕੋਈ ਹੱਦ ਨਹੀਂ ਮਿਥੀ ਗਈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗ਼ੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ 'ਤੇ ਬੀਤੇ ਮਹੀਨੇ ਦੀ ਬਰਾਮਦ ਦੀ ਲਾਗਤ ਅਤੇ ਰੁਪਏ-ਡਾਲਰ ਦੇ ਭਾਅ ਦੇ ਮੱਦੇਨਜ਼ਰ ਨਜ਼ਰਸਾਨੀ ਕਰਦੀਆਂ ਹਨ। ਨਵੀਂ ਦਿੱਲੀ 'ਚ 14.2 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 414 ਰੁਪਏ ਹੈ ਅਤੇ ਤੇਲ ਕੰਪਨੀਆਂ ਨੂੰ ਇਸ 'ਤੇ 762.70 ਰੁਪਏ ਦਾ ਘਾਟਾ ਸਹਿਣ ਕਰਨਾ ਪੈਂਦਾ ਹੈ।
No comments:
Post a Comment