www.sabblok.blogspot.com
ਨਵੀਂ ਦਿੱਲੀ. 03 ਜਨਵਰੀ. ਜਗਤਾਰ ਸਿੰਘ.ਪੰਜਾਬੀ ਟੀਵੀ ਪ੍ਰੈਸ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦਾ ਪਤਾ ਛੇਤੀ ਹੀ ਬਦਲ ਜਾਵੇਗਾ ਅਤੇ ਹੁਣ ਉਹ ਗਾਜੀਆਬਾਦ ਦੇ ਕੌਸ਼ੰਬੀ ਦੀ ਬਜਾਏ ਦਿੱਲੀ ਦੇ ਲੁਟਿਅਨ ਜੋਨ ਵਿਚ ਭਗਵਾਨ ਦਾਸ ਰੋਡ ਵਿਖੇ ਸਥਿਤ ਸਰਕਾਰੀ ਰਿਹਾਇਸ਼ ‘ਚ ਆਮ ਆਦਮੀ ਦੀਆਂ ਤਕਲੀਫਾਂ ਸੁਣਿਆ ਕਰਨਗੇ। ਰਾਜਨੀਤੀ ਵਿਚ ਵੀ.ਆਈ.ਪੀ. ਕਲਚਰ ਖਤਮ ਕਰਨ ‘ਤੇ ਜ਼ੋਰ ਦੇਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦਾ ਨਵਾਂ ਪਤਾ ਭਗਵਾਨ ਦਾਸ ਰੋਡ ਸਥਿਤ ਫਲੈਟ ਨੰਬਰ 7/6-7/7 ਹੋਵੇਗਾ। ਡੀ.ਡੀ.ਏ. ਦੇ ਇਸ 10 ਕਮਰੇ ਦੇ ਸਰਕਾਰੀ ਫਲੈਟ ਵਿਚ ਤੇਜੀ ਨਾਲ ਕੰਮ ਚਲ ਰਿਹਾ ਹੈ। ਤਕਰੀਬਨ 9 ਹਜ਼ਾਰ ਵਰਗ ਫੁਟ ਜ਼ਮੀਨ ‘ਤੇ ਬਣੇ ਇਸ ਮਕਾਨ ਵਿਚ 5-5 ਕਮਰਿਆਂ ਦੇ ਦੋ ਫਲੈਟ ਹਨ ਅਤੇ ਇਨ੍ਹਾਂ ਦੋਵਾਂ ਫਲੈਟਾਂ ਦੀ ਵਿਚਕਾਰਲੀ ਕੰਧ ਨੂੰ ਤੋੜ ਕੇ ਇਕ ਕਰ ਦਿੱਤਾ ਗਿਆ ਹੈ। ਫਲੈਟ ਨੰਬਰ 7/6 ਵਿਚ ‘ਆਪ’ ਦਾ ਦਫ਼ਤਰ ਹੋਵੇਗਾ, ਜਿੱਥੋਂ ਮੁੱਖ ਮੰਤਰੀ ਆਪਣਾ ਕੰਮ ਕਾਜ ਵੇਖਣਗੇ। ਜਦ ਕਿ 7/7 ਵਿਚ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿਣਗੇ। ਮੌਜੂਦਾ ਸਮੇਂ ਅਰਵਿੰਦ ਕੇਜਰੀਵਾਲ ਗਾਜੀਆਬਾਦ ਦੇ ਕੌਸ਼ੰਬੀ ਸਥਿਤ ਗਿਰਨਾਰ ਅਪਾਰਟਮੈਂਟ ਵਿਚ ਆਪਣੇ ਮਾਤਾ-ਪਿਤਾ,ਧਰਮ ਪਤਨੀ ਤੇ ਬੱਚਿਆਂ ਨਾਲ ਰਹਿੰਦੇ ਹਨ। ਦੱਸਣਯੋਗ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਆਵਾਸ ਦੀ ਪੇਸ਼ਕਸ਼ ਕੀਤੀ ਸੀ ਪਰੰਤੂ ਉਨ੍ਹਾਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਸਰਕਾਰੀ ਬੰਗਲੇ ਵਿਚ ਨਹੀਂ ਰਹਿਣਗੇ ਅਤੇ ਨਾ ਹੀ ਸੁਰੱਖਿਆ ਲੈਣਗੇ। ਪਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ‘ਤੇ ਸੁਰੱਖਿਆ ਉਪਲਬੱਧ ਕਰਵਾਈ ਜਾ ਰਹੀ ਹੈ।
No comments:
Post a Comment