jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 10 January 2014

ਡੇਰਾ ਸਿਰਸਾ ਵੀ 'ਆਪ ਦਾ' ਹੁੰਦਾ ਜਾ ਰਿਹੈ!!

www.sabblok.blogspot.com
ਬਾਦਲ ਪਰਿਵਾਰ ਲਈ ਖ਼ਤਰੇ ਦੀ ਘੰਟੀ

ਡੇਰਾ ਪ੍ਰੇਮੀ ਮਾਘੀ ਮੇਲੇ 'ਤੇ ਕਰ ਰਹੇ ਨੇ ਕੇਜਰੀਵਾਲ ਦੀ ਉਡੀਕ

 ਬਿੰਦਰ, ਅਮਨ
ਪੰਜਾਬ ਦੀ ਤਰਕੀਬਨ ਹਰ ਸੰਸਦੀ ਪਾਰਟੀ ਅਤੇ ਉਹਨਾਂ ਦੇ ਆਗੂਆਂ ਨੂੰ ਆਪਣੇ ਮੂਹਰੇ ਨੱਕ ਰਗੜਾਉਣ ਦੀ ਹਿੰਮਤ ਰੱਖਦਾ ਡੇਰਾ ਸੱਚਾ ਸੌਦਾ ਸਿਰਸਾ ਵੀ ਹਵਾ ਦੇ ਬਦਲੇ ਰੁਖ ਮੁਤਾਬਕ ਝੂਲਦਾ ਜਾ ਰਿਹੈ। ਕੰਨਸੋਆਂ ਮਿਲ ਰਹੀਆਂ ਨੇ ਕਿ ਡੇਰਾ ਸਿਰਸਾ ਇਸ ਵਾਰ 'ਆਮ ਆਦਮੀ ਪਾਰਟੀ' ਨਾਲ ਹੱਥ ਮਿਲਾ ਸਕਦਾ ਹੈ। ਇਹ ਕੰਨਸੋਆਂ ਬਾਦਲ ਪਰਿਵਾਰ ਲਈ ਖ਼ਤਰੇ ਦੀ ਘਾਟੀ ਹਨ। ਪੰਜਾਬ ਦੀ ਸਿਆਸਤ ਵਿੱਚ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਵੱਡੀ ਭੂਮਿਕਾ ਹੈ,ਉਹ ਪਾਸਾ ਪਲਟਣ ਜਿੰਨੀ ਅਹਿਮੀਅਤ ਰੱਖਦੇ ਹਨ, ਜੇਕਰ ਜ਼ਿਆਦਾ ਕੁਝ ਜਾਨਣਾ ਹੋਵੇ ਤਾਂ ਪੰਜਾਬ ਦੇ ਕਿਸੇ ਵੀ ਕਾਂਗਰਸੀ ਆਗੂ ਨੂੰ ਪੁੱਛ ਸਕਦੇ ਹੋ। ਖਾਸ ਕਰਕੇ ਮਾਲਵਾ ਵਿੱਚ ਵੱਡੀ ਗਿਣਤੀ'ਚ ਡੇਰਾ ਪ੍ਰੇਮੀ ਕਈ ਵਾਰ ਸਿਆਸਤ ਦੀ ਪੁੱਠੀ ਸਿੱਧੀ ਚੱਕਰੀ ਘੁਮਾ ਚੁੱਕੇ ਹਨ। ਮਾਲਵੇ ਦੇ ਪਿੰਡਾਂ ਵਿਚਲੇ ਡੇਰਾ ਪ੍ਰੇਮੀ 'ਆਪ' ਪਾਰਟੀ ਦੀਆਂ ਤਰੀਫ਼ਾਂ ਕਰ ਰਹੇ ਹਨ। ਕੁਝ ਕੁ ਨੇ ਤਾਂ ਮਲਵੀਂ ਜਿਹੀ ਜੁਬਾਨ ਨਾਲ ਕਹਿ ਵੀ ਦਿੱਤਾ ਕਿ ਹੁਣ ਤੱਕ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੈ ਤੇ ਸਾਰੇ ਵੀ ਮਾੜੇ ਨਿਕਲੇ ਹਨ। ਮਲਵਈ ਡੇਰਾ ਸ਼ਰਧਾਲੂ ਇਸ ਸਾਲ ਮੁਕਤਸਰ ਮਾਘੀ ਮੇਲੇ 'ਤੇ 'ਆਪ' ਪਾਰਟੀ ਦੇ ਚੀਫ਼ ਕੇਜਰੀਵਾਲ ਦੀ ਉਤਾਵਲੇ ਹੋਏ ਉਡੀਕ ਕਰ ਰਹੇ ਹਨ। ਡੇਰਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਜੇ ਕੇਜਰੀਵਾਲ ਸਾਬ੍ਹ ਆਏ ਤਾਂ ਉਹਨਾਂ ਨੂੰ ਸੁਣਨ ਜ਼ਰੂਰ ਜਾਣਾ ਹੈ। 
          ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਡੇਰੇ ਦੀ 5 ਮੈਂਬਰੀ ਸਿਆਸੀ ਕਮੇਟੀ ਤੇ ਡੇਰੇ ਦੇ ਆਲਾ ਦਰਜਾ ਰੱਖਦੇ ਵਿਅਕਤੀ ਆਮ ਆਦਮੀ ਪਾਰਟੀ ਬਾਰੇ ਹੇਠਲੇ ਪੱਧਰ ਤੋਂ ਡੇਰਾ ਪ੍ਰੇਮੀਆਂ ਦੀ ਰਾਏ ਤੇ ਪ੍ਰਤੀਕਰਮ ਜਾਣ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਰਾਏ ਵਿੱਚ ਡੇਰਾ ਪ੍ਰੇਮੀ ਕਾਂਗਰਸ ਅਤੇ ਅਕਾਲੀਆਂ ਤੋਂ ਬੁਰੀ ਤਰ੍ਹਾਂ ਅੱਕੇ ਪਏ ਹਨ ਤੇ ਉਹ ਕਿਸੇ ਤੀਜੇ ਬਦਲ ਦੀ ਝਾਕ ਵਿੱਚ ਹਨ, ਉਹਨਾਂ ਅਨੁਸਾਰ ਇਹ ਤੀਜਾ ਬਦਲ 'ਆਪ' ਹੀ ਦੇ ਸਕਦੀ ਹੈ। ਡੇਰਾ ਪ੍ਰੇਮੀਆਂ ਦਾ ਅਕਾਲੀ+ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਮੋਹ ਭੰਗ ਹੋਣ ਦਾ ਕਾਰਣ ਇਹ ਬਣਦਾ ਹੈ ਕਿ ਕੈਪਟਨ ਸਰਕਾਰ ਵੇਲੇ 2007 ਵਿੱਚ ਡੇਰਾ ਪ੍ਰੇਮੀਆਂ ਵੱਲੋਂ ਮਾਲਵੇ ਵਿੱਚ ਕਾਂਗਰਸ ਦੇ ਹੱਕ 'ਚ ਅਕਾਲੀਆਂ ਨੂੰ ਰਗੜਾ ਲਾਇਆ ਤਾਂ ਅਕਾਲੀਆਂ ਦੀ ਸਰਕਾਰ ਬਣਨ 'ਤੇ ਡੇਰਾ ਪ੍ਰੇਮੀਆਂ ਦਾ ਜੋ ਕੁਟਾਪਾ ਹੋਇਆ ਉਸ ਵੇਲੇ ਕਾਂਗਰਸੀ ਵਿਧਾਇਕਾਂ ਨੇ ਉਹਨਾਂ ਦਾ ਹਾਲ ਚਾਲ ਨਾ ਪੁੱਛਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੇ ਮਾਲਵੇ ਦੇ ਬਹੁਤੇ ਵਿਧਾਇਕਾਂ ਅਤੇ ਉਮੀਦਵਾਰਾਂ ਨੂੰ ਵਾਰੀ ਸਿਰ ਡੇਰੇ ਬੁਲਾ ਕੇ ਨੱਕ ਨਾਲ ਚੰਗੀਆਂ ਲਕੀਰਾਂ ਵੀ ਕਢਵਾਈਆਂ ਸਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ 2012 ਦੀਆਂ ਵੋਟਾਂ ਵੇਲੇ ਅਕਾਲੀਆਂ ਨੇ ਡੇਰੇ ਵਾਲਿਆਂ ਦੀ ਇੱਕ ਨਹੀਂ ਸੀ ਚੱਲਣ ਦਿੱਤੀ, ਖੁਦ ਡੇਰਾ ਮੁਖੀ ਗੁਰਮੀਤ ਸਿੰਘ ਦਾ ਕੁੜਮ ਹਰਮੰਦਰ ਸਿੰਘ ਜੱਸੀ ਬਠਿੰਡਾ ਤੋਂ ਬੁਰੀ ਤਰ੍ਹਾਂ ਲੁੜਕ ਗਿਆ ਸੀ ਤੇ ਇਹਨਾਂ ਦੀ ਹਮਾਇਤ ਵਾਲੇ ਕੁਝ ਹੋਰ ਕਾਂਗਰਸੀ ਉਮੀਦਵਾਰਾਂ ਨੇ ਵੀ ਪਾਣੀ ਨਹੀਂ ਸੀ ਮੰਗਿਆ। 
          ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਕੰਨਸੋਆਂ ਨਾਲ ਬਾਦਲ ਪਰਿਵਾਰ ਲਈ ਰਾਜਸੀ ਤੌਰ 'ਤੇ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਉਹਨਾਂ ਦੇ ਜੱਦੀ ਹਲਕੇ ਮੁਕਤਸਰ, ਲੰਬੀ, ਬਠਿੰਡਾ, ਮਾਨਸਾ ਮਾਲਵੇ ਦੇ ਉਸ ਖਿੱਤੇ ਵਿੱਚ ਹਨ ਜਿੱਥੇ ਡੇਰਾ ਸਿਰਸਾ ਵਾਲਿਆਂ ਦੀ ਵੱਡੀ ਵੋਟ ਹੈ। ਬਾਦਲ ਦਲ ਨੂੰ ਇਸ ਕਰਕੇ ਵੀ ਖ਼ਤਰਾ ਹੋ ਗਿਆ ਹੈ ਕਿਉਂਕਿ ਕੈਪਟਨ ਸਰਕਾਰ ਭਾਵ 2005 ਤੋਂ ਲੈ ਕੇ ਦਲਿਤਾਂ ਦੀ ਵੱਡੀ ਵੋਟ ਬੈਂਕ ਬਾਦਲਕਿਆਂ ਨਾਲ ਜੁੜ ਚੁੱਕੀ ਸੀ ਅਤੇ ਇਸ ਵੋਟ ਦਾ ਵੱਡਾ ਹਿੱਸਾ ਇਹ ਡੇਰਾ ਸਿਰਸਾ ਦੇ ਪ੍ਰੇਮੀ ਹਨ। ਰਾਜਸੀ ਵਿਸਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਬਠਿੰਡਾ ਪਾਰਲੀਮੈਂਟ ਸੀਟ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਆਗੂ ਅਤੇ ਬਾਦਲ ਪਰਿਵਾਰ ਦਾ ਪਰਿਵਾਰਕ ਤੇ ਰਾਜਸੀ ਸ਼ਰੀਕ ਮਨਪ੍ਰੀਤ ਬਾਦਲ 'ਆਪ' ਦੀ ਜਾਂ ਕਾਂਗਰਸ ਦੀ ਹਮਾਇਤ ਨਾਲ ਚੋਣ ਲੜਦਾ ਹੈ ਅਤੇ ਇਸ ਨੂੰ ਡੇਰਾ ਪ੍ਰੇਮੀ ਹਮਾਇਤ ਦਿੰਦੇ ਹਨ ਤਾਂ ਇਹ ਸ੍ਰੀਮਤੀ ਹਰਸਿਮਰਤ ਕੌਰ ਦੇ ਸਿਆਸੀ ਜੀਵਨ ਵਿੱਚ ਅਤਿ ਘਾਤਕ ਸਾਬਤ ਹੋ ਸਕਦਾ ਹੈ।
          ਗੌਰਤਲਬ ਹੈ ਕਿ ਡੇਰਾ ਸਿਰਸਾ ਤੇ ਬਾਦਲਕਿਆਂ ਦੀ ਪਿਛਲੇ ਕੁਝ ਮਹੀਨਿਆਂ ਤੋਂ ਕੌੜ ਚੱਲ ਰਹੀ ਹੈ, ਇਸ ਦਾ ਪਤਾ ਡੇਰੇ ਵਾਲਿਆਂ ਦੇ ਇੱਕ ਰੋਜ਼ਾਨਾ ਅਖ਼ਬਾਰ ਦੀ ਕਵਰੇਜ ਤੋਂ ਵੀ ਲੱਗਦਾ ਹੈ, ਪਿਛਲੇ ਮਹੀਨਿਆਂ ਤੋਂ ਉਹਨਾਂ ਨੇ ਬਾਦਲ ਹਕੂਮਤ ਦੇ ਇਸ਼ਤਿਹਾਰ ਵੀ ਛਾਪਣੇ ਬੰਦ ਕੀਤੇ ਹੋਏ ਹਨ। ਕੁਝ ਸਿਆਸੀ ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਡੇਰਾ ਸਿਰਸਾ ਵੱਡੀਆਂ ਸੰਸਦੀ ਪਾਰਟੀਆਂ ਨਾਲੋਂ ਯਾਰੀ ਨਹੀਂ ਤੋੜੇਗਾ, ਸਿਰਫ ਇਹਨਾਂ ਨੂੰ ਝਟਕਾ ਦੇਣ ਲਈ ਜਾਂ ਆਪਣੀ ਹੋਂਦ ਦਰਸਾਉਣ ਲਈ'ਆਪ' ਨਾਲ ਹਮਾਇਤ ਦੀ ਗੱਲ ਕਰ ਰਹੇ ਹਨ। ਵੱਡੀਆਂ ਸਥਾਪਤ ਸੰਸਦੀ ਪਾਰਟੀਆਂ ਨਾਲ ਮੁਲਾਹਜ਼ਾ ਰੱਖਣਾ ਡੇਰਾ ਮੁਖੀ ਗੁਰਮੀਤ ਸਿੰਘ ਦਾ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਦੇ ਕੇਸਾਂ ਵਿੱਚ ਸੀ. ਬੀ. ਆਈ. ਮੁਕੱਦਮੇ ਵਿੱਚ ਘਿਰਿਆ ਹੋਇਆ ਹੋਣਾ ਵੀ ਹੈ। ਡੇਰਾ ਪ੍ਰੇਮੀ ਵੋਟਾਂ ਵੇਲੇ ਕਿਧਰ ਭੁਗਤਣਗੇ, ਇਹ ਹਾਲੇ ਸਪੱਸ਼ਟ ਨਹੀਂ, ਪਰ ਉਹਨਾਂ ਦੀ ਬਦਲੀ ਅੱਖ ਦਾ ਇਸ਼ਾਰਾ ਬਾਦਲ ਹਕੂਮਲ ਲਈ ਚਿੰਤਾ ਦਾ ਕਾਰਣ ਜ਼ਰੂਰ ਬਣਦਾ ਜਾ ਰਿਹਾ ਹੈ। ਡੇਰਾ ਸਿਰਸਾ ਦਾ ਏਨਾ ਪ੍ਰਭਾਵ ਰਿਹਾ ਹੈ ਕਿ ਖੁਦ ਸ. ਪਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰਕ ਜੀਅ ਡੇਰਾ ਮੁਖੀ ਤੋਂ 'ਆਸ਼ੀਰਵਾਦ' ਲੈਣ ਜਾਂਦੇ ਰਹੇ ਹਨ, ਜਿਵੇਂ ਕਿ ਉਕਤ ਇਕ ਤਸਵੀਰ ਵਿੱਚ ਸਪੱਸ਼ਟ ਦਿਸ ਰਿਹਾ ਹੈ। ਪਰ ਹੁਣ ਡੇਰਾ ਪ੍ਰੇਮੀਆਂ ਦਾ ਬਦਲਿਆ ਰੁਖ ਬਾਦਲਕਿਆਂ ਲਈ ਨਵਾਂ ਧੁੜਕੂ ਸਹੇੜ ਰਿਹਾ ਹੈ। 

No comments: