ਨਵੀਂ ਦਿੱਲੀ- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬੀ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਵਾਰ ਨਾਕਾਮ ਹੋਏ ਹਨ ਜਦਕਿ ਪੰਜਾਬੀ ਸੁਭਾਅ 'ਚ ਉੱਦਮੀ ਹੁੰਦੇ ਹਨ ਅਤੇ ਉਹ ਮੁਲਕ ਦੇ ਹਰੇਕ ਖੇਤਰ 'ਚ ਅੱਗੇ ਹਨ।
ਬਾਦਲ ਨੇ ਕਿਹਾ ਕਿ ਤੁਸੀਂ ਭਾਰਤ ਦੇ ਸਾਰੇ ਵੱਡੇ ਉਦਯੋਗਾਂ ਨੂੰ ਦੇਖੋ, ਉਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਹਨ। ਤੁਸੀਂ ਭਾਰਤ ਦੇ ਸਾਰੇ ਫਿਲਮੀ ਸਿਤਾਰਿਆਂ ਨੂੰ ਦੇਖੋ, ਉਨ੍ਹਾਂ 'ਚ ਵੀ ਜ਼ਿਆਦਾਤਰ ਪੰਜਾਬੀ ਹਨ। ਪੰਜਾਬੀ ਸੁਭਾਅ ਤੋਂ ਹੀ ਮਿਹਨਤੀ ਹੁੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬੀ ਹਨ ਪਰ ਉਹ ਇਸ ਵਾਰ ਨਾਕਾਮ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਇਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਆਪਣੀ ਇਸ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਅਗਵਾਈ ਕਮਜ਼ੋਰ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਵਿਰੋਧੀ ਧਿਰ ਅਤੇ ਸਮਕਾਲੀਨ ਮੀਡੀਆ ਦੀ ਬਜਾਏ ਇਤਿਹਾਸ ਉਨ੍ਹਾਂ 'ਤੇ ਜ਼ਿਆਦਾ ਰਹਿਮ ਕਰੇਗਾ, ਕਿਉਂਕਿ ਉਨ੍ਹਾਂ ਨੇ ਰਾਜਨੀਤਿਕ ਹਾਲਾਤ ਦੇ ਹਿਸਾਬ ਨਾਲ ਵਧੀਆ ਕੰਮ ਕੀਤਾ ਹੈ। ਚੰਡੀਗੜ੍ਹ 'ਚ ਇਕ ਇੰਸਟੀਚਿਊਟ ਆਫ ਐਕਸਲੈਂਸ ਦੀ ਸਥਾਪਨਾ ਲਈ ਪੰਜਾਬ ਤਕਨੀਕੀ ਯੂਨੀਵਰਸਿਟੀ (ਪੀ.ਟੀ.ਯੂ) ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਂਤਾ ਕਰੂਜ਼ ਵਿਚਾਲੇ ਸਮਝੌਤੇ ਦੇ ਐਲਾਨ ਲਈ ਰੱਖੇ ਇਕ ਪ੍ਰੋਗਰਾਮ 'ਚ ਬਾਦਲ ਨੇ ਇਹ ਗੱਲਾਂ ਕਹੀਆਂ।