www.sabblok.blogspot.com
	ਮੁੱਖ ਮੰਤਰੀ ਨੇ ਯਾਦਗਾਰ 2 ਸਾਲਾਂ ਵਿਚ ਮੁਕੰਮਲ ਕਰਨ ਦੀ ਸਮਾਂ ਸੀਮਾ ਮਿੱਥੀ
	ਫੀਚਰ-ਕਮ-ਦਸਤਾਵੇਜ਼ੀ ਫਿਲਮ ਤੇ ਲੇਜ਼ਰ ਸ਼ੋਅ ਦੀ ਸਕਰਿਪਟ ਤਿਆਰ ਕਰਵਾਉਣ ਦੇ ਅਖਿਤਿਆਰ ਸਬ ਕਮੇਟੀ ਨੂੰ ਦਿੱਤੇ
	ਚੰਡੀਗੜ੍ਹ, 28 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ 
ਜੰਗ-ਏ-ਆਜ਼ਾਦੀ ਯਾਦਗਾਰ ਫਾਊਡੇਸ਼ਨ ਦੇ ਮੈਂਬਰ ਸਕੱਤਰ ਡਾ ਬਰਜਿੰਦਰ ਸਿੰਘ ਹਮਦਰਦ ਦੀ 
ਪ੍ਰਧਾਨਗੀ ਹੇਠ 10 ਮੈਂਬਰੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਕੌਮੀ ਆਜ਼ਾਦੀ 
ਦੀ ਲੜਾਈ ਵਿਚ ਪੰਜਾਬੀਆਂ ਵੱਲੋ ਪਾਏ ਗਏ ਲਾਮਿਸਾਲ ਯੋਗਦਾਨ ਨੂੰ ਮੂਰਤੀਮਾਨ ਕਰਨ ਲਈ 
ਉਸਾਰੀ ਜਾਣ ਵਾਲੀ ਵਿਸ਼ਵ ਪੱਧਰੀ ਯਾਦਗਾਰ ਲਈ ਉੱਘੇ ਇਮਾਰਤਸਾਜ਼ ਦੀਆਂ ਸੇਵਾਵਾਂ ਲੈਣ ਵਾਸਤੇ
 ਰੂਪ ਰੇਖਾ ਉਲੀਕੇਗੀ। ਇਹ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਉਨ੍ਹਾਂ 
ਦੇ ਨਿਵਾਸ 'ਤੇ ਹੋਈ ਮੀਟਿੰਗ ਵਿਚ ਲਿਆ ਗਿਆ। ਇਸ 10 ਮੈਂਬਰੀ ਕਮੇਟੀ ਵਿਚ ਡਾ ਬਰਜਿੰਦਰ 
ਸਿੰਘ ਤੋਂ ਇਲਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮਦਨ ਮੋਹਨ ਮਿੱਤਲ, ਭਾਜਪਾ ਦੇ 
ਸਾਬਕਾ ਮੰਤਰੀ ਬਲਰਾਮ ਜੀ ਦਾਸ ਟੰਡਨ, ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ 
ਮੰਤਰੀ ਸੇਵਾ ਸਿੰਘ ਸੇਖਵਾ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਮੁੱਖ ਮੰਤਰੀ ਦੇ 
ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸਕੱਤਰ ਰਾਕੇਸ਼ ਸਿੰਘ, ਮੁੱਖ ਮੰਤਰੀ ਦੇ 
ਪ੍ਰਮੁੱਖ ਸਕੱਤਰ ਐਸ ਕੇ ਸੰਧੂ ਤੋ ਇਲਾਵਾ ਸੱਭਿਆਚਰਕ ਮਾਮਲੇ ਦੇ ਵਿਭਾਗ ਦੇ ਪ੍ਰਮੁੱਖ 
ਸਕੱਤਰ ਐਸ ਐਸ ਚੰਨੀ ਸ਼ਾਮਿਲ ਹਨ। ਇਸ ਕਮੇਟੀ ਨੂੰ ਮੁੱਖ ਮੰਤਰੀ ਨੇ ਅਖਤਿਆਰ ਦਿੱਤੇ ਹਨ ਕਿ
 ਉੱਘੇ ਅਤੇ ਵਿਸ਼ਵ ਪ੍ਰਸਿੱਧ ਇਮਾਰਤਸਾਜ਼ਾਂ ਦੇ ਪੈਨਲ ਵਿਚੋਂ ਚੰਗੀ ਮੁਹਾਰਤ ਰੱਖਣ ਵਾਲੇ 
ਅਤੇ ਇਸ ਤਰ੍ਹਾਂ ਦੀ ਯਾਦਗਾਰ ਬਣਾਉਣ ਦਾ ਤਜਰਬਾ ਰੱਖਣ ਵਾਲੇ ਇਮਾਰਤਸਾਜ਼ਾਂ ਦੀ ਚੋਣ ਕੀਤੀ 
ਜਾਵੇ। ਬਾਦਲ ਨੇ ਕਮੇਟੀ ਨੂੰ ਦੇਸ਼ ਦੇ ਮੰਨੇ ਪ੍ਰਮੰਨੇ ਇਮਾਰਤਸਾਜ਼ਾਂ ਨਾਲ ਸਲਾਹ-ਮਸ਼ਵਰਾ 
ਕਰਨ ਲਈ ਵੀ ਕਿਹਾ ਹੈ ਤਾਂ ਜੋ ਉਨ੍ਹਾਂ ਦੀ ਸਲਾਹ ਅਨੁਸਾਰ ਇਸ ਵਿਸ਼ਵ ਪੱਧਰੀ ਯਾਦਗਾਰ ਦੀ 
ਸਥਾਪਨਾ ਲਈ ਇਮਾਰਤਸਾਜ਼ਾਂ ਦੀ ਚੋਣ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਡਾ ਬਰਜਿੰਦਰ ਸਿੰਘ 
ਵਲੋ ਰੱਖੇ ਗਈ ਤਜਵੀਜ਼ ਦੀ ਵੀ ਸ਼ਲਾਘਾ ਕੀਤੀ ਜਿਸ ਵਿਚ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ 
ਵੱਲੋਂ ਪਾਏ ਯੋਗਦਾਨ ਨੂੰ ਦਰਸਾਉਣ ਲਈ ਫੀਚਰ-ਕਮ-ਡਾਕੂਮੈਂਟਰੀ ਫਿਲਮ ਅਤੇ ਲੇਜ਼ਰ ਸ਼ੋਅ ਤਿਆਰ
 ਕੀਤੇ ਜਾਣ ਦੀ ਗੱਲ ਕਹੀ ਗਈ। ਡਾ ਹਮਦਰਦ ਵੱਲੋਂ ਦਿੱਤੀ ਸਲਾਹ ਨੂੰ ਮੰਨਦੇ ਹੋਏ ਮੁੱਖ 
ਮੰਤਰੀ ਨੇ 90 ਮਿੰਟ ਦੀ ਬਨਣ ਵਾਲੀ ਫੀਚਰ-ਕਮ-ਡਾਕੂਮੈਟਰੀ ਫਿਲਮ ਵਾਸਤੇ ਦੇਸ਼ ਦੇ ਉੱਘੇ 
ਫਿਲਮ ਸਾਜ਼ਾਂ ਜਿਵੇ ਕਿ ਸ਼ਿਆਮ ਬੈਨੇਗਲ, ਗੋਬਿੰਦ ਨਹਿਲਾਨੀ ਅਤੇ ਪ੍ਰਕਾਸ਼ ਝਾਅ ਵਰਗੀਆਂ 
ਹਸਤੀਆਂ ਦਾ ਸਹਿਯੋਗ ਲੈਣ ਨੂੰ ਵੀ ਹਰੀ ਝੰਡੀ ਦੇ ਦਿੱਤੀ। ਇਸ ਫੀਚਰ ਫਿਲਮ ਵਿਚ ਪੰਜਾਬੀਆਂ
 ਦੇ ਜੰਗ-ਏ-ਅਜ਼ਾਦੀ ਵਿਚ ਪਾਏ ਯੋਗਦਾਨ ਨੂੰ ਦਰਸਾਇਆ ਜਾਵੇਗਾ ਅਤੇ ਇਹ ਫਿਲਮ ਹਿੰਦੀ, 
ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਬਣੇਗੀ। ਮੁੱਖ ਮੰਤਰੀ ਵਲੋ ਡਾ ਬਰਜਿੰਦਰ ਸਿੰਘ ਹਮਦਰਦ 
ਦੀ ਪ੍ਰਧਾਨਗੀ ਹੇਠ ਬਣਾਈ ਗਈ ਸਬ ਕਮੇਟੀ ਨੂੰ ਇਹ ਅਖਤਿਆਰ ਦਿੱਤੇ ਕਿ ਉਹ ਦੇਸ਼ ਦੀਆਂ 
ਉੱਘੀਆਂ ਕੰਪਨੀਆਂ ਜੋ ਕਿ ਇਤਿਹਾਸਕ ਅੰਦੋਲਨਾਂ 'ਤੇ ਅਧਾਰਤ ਲੇਜ਼ਰ ਸ਼ੋਅ ਬਣਾ ਕੇ ਲਾਈਟ ਐਂਡ
 ਸਾਊਡ ਰਾਹੀਂ ਦਰਸ਼ਕਾਂ ਸਾਹਮਣੇ ਪੇਸ਼ ਕਰਨ ਹਨ, ਨਾਲ ਵੀ ਗੱਲਬਾਤ ਕਰਨ। ਇਸ ਸਬ ਕਮੇਟੀ ਵਿਚ
 ਡਾ ਹਮਦਰਦ ਤੋ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਸੱਭਿਆਚਾਰਕ ਮਾਮਲਿਆਂ ਦੇ 
ਪ੍ਰਮੁੱਖ ਸਕੱਤਰ, ਪੰਜਾਬੀ ਰੰਗਮੰਚ ਦੀ ਉੱਘੀ ਹਸਤੀ ਕੇਵਲ ਧਾਲੀਵਾਲ, ਪ੍ਰਮੁੱਖ ਫਿਲਮੀ 
ਹਸਤੀ ਅਮਰੀਕ ਸਿੰਘ ਗਿੱਲ, ਸਾਬਕਾ ਐਮ ਪੀ ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ 
ਦੇ ਉਪ ਕੁਲਪਤੀ ਪ੍ਰੋ ਜਸਪਾਲ ਸਿੰਘ ਅਤੇ ਮੁੱਖ ਪਾਰਲੀਮਾਨੀ ਸਕੱਤਰ ਸੋਮ ਪ੍ਰਕਾਸ਼ ਮੈਬਰ 
ਵਜੋਂ ਸ਼ਾਮਿਲ ਹਨ ਜਦਕਿ ਟੈਲੀਵੀਜ਼ਨ ਦੀ ਉੱਘੀ ਹਸਤੀ ਲਖਵਿੰਦਰ ਸਿੰਘ ਜੌਹਲ ਵਿਸ਼ੇਸ਼ 
ਨਿਮੰਤਰਿਤ ਮੈਂਬਰ ਦੇ ਤੌਰ 'ਤੇ ਇਸ ਕਮੇਟੀ ਵਿਚ ਸ਼ਾਮਿਲ ਕੀਤੇ ਗਏ ਹਨ। ਬਾਦਲ ਵੱਲੋਂ 
ਅਹਿਮਦਾਬਾਦ ਤੇ ਦਿੱਲੀ ਦੇ ਅਕਸ਼ਰਧਾਮ ਮੰਦਰਾਂ ਅਤੇ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ 
ਨਾਂਦੇੜ ਵਿਖੇ ਦਿਖਾਏ ਜਾ ਰਹੇ ਲੇਜ਼ਰ ਸ਼ੋਅ ਦੀ ਭਰਪੂਰ ਪ੍ਰਸੰਸਾ ਵੀ ਕੀਤੀ। ਮੁੱਖ ਮੰਤਰੀ 
ਨੇ ਕਮੇਟੀ ਨੂੰ ਲਗਾਤਾਰ ਮੀਟਿੰਗ ਕਰਦੇ ਰਹਿਣ ਦੀ ਹਦਾਇਤ ਵੀ ਕੀਤੀ ਤਾਂ ਜੋ ਇਸ ਕੌਮੀ 
ਵਿਰਸੇ ਵਾਲੀ ਯਾਦਗਾਰ ਨੂੰ ਮਿੱਥੇ ਸਮੇ ਵਿਚ ਨੇਪਰੇ ਚਾੜ੍ਹਿਆ ਜਾ ਸਕੇ ਜਿਸ ਨੇ ਭਾਰਤੀ 
ਆਜ਼ਾਦੀ ਦੇ ਇਤਿਹਾਸ ਵਿਚ ਪੰਜਾਬੀਆਂ ਦੇ ਪਾਏ ਯੋਗਦਾਨ ਨੂੰ ਪੇਸ਼ ਕਰਕੇ ਆਉਣ ਵਾਲੀਆਂ 
ਪੀੜ੍ਹੀਆਂ ਲਈ ਰਾਹ ਦਸੇਰਾ ਬਣਨਾ ਹੈ। ਮੁੱਖ ਮੰਤਰੀ ਨੇ ਕਮੇਟੀਆਂ ਦੇ ਮੈਬਰਾਂ ਨੂੰ ਸਮੂਹ 
ਰਸਮਾਂ ਮਿੱਥੇ ਸਮੇ ਵਿਚ ਪੂਰੀਆਂ ਕਰਕੇ ਇਸ ਯਾਦਗਾਰ ਨੂੰ ਦੋ ਸਾਲ ਦੇ ਵਕਫੇ ਅੰਦਰ ਪੂਰਾ 
ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਫਾਊਡੇਸ਼ਨ ਨੂੰ ਯਕੀਨ ਦਵਾਇਆ ਕਿ ਸਰਕਾਰ ਵੱਲੋਂ ਫੰਡਾਂ ਦੀ
 ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਾਰਜਕਾਰੀ ਕਮੇਟੀ ਨੂੰ ਤਕਨੀਕੀ 
ਅਤੇ ਵਿੱਤੀ ਬਿੱਡਜ਼ ਘੜਨ ਲਈ ਈ ਓ ਐਲ ਕੰਸਲਟੈਂਟ ਦੀਆਂ ਸੇਵਾਵਾਂ ਲੈਣ ਅਤੇ ਇਸ ਅਹਿਮ 
ਪ੍ਰਾਜੈਕਟ ਲਈ ਕਿਸੇ ਖਾਸ ਵਿਅਕਤੀ ਜਾਂ ਏਜੰਸੀ ਦੀਆਂ ਸੇਵਾਵਾਂ ਲੈਣ ਲਈ ਵੀ ਅਖਤਿਆਰ 
ਦਿੱਤੇ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇਹ ਨਿਰਦੇਸ਼ ਵੀ ਦਿੱਤੇ ਕਿ ਉਹ ਯਾਦਗਾਰ ਬਨਣ 
ਵਾਲੇ ਸਥਾਨ ਲਾਗੇ ਗਰਿੱਡ ਸੈਪਰੇਟਰ ਬਣਵਾਉਣ ਵਾਸਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ 
ਨਾਲ ਗੱਲਬਾਤ ਕਰਨ। ਮੁੱਖ ਮੰਤਰੀ ਨੇ ਯਾਦਗਾਰ ਦੀ ਯੋਜਨਾ ਮੁਕੰਮਲ ਹੋਣ ਮਗਰੋ ਯਾਦਗਾਰ ਦਾ 
ਨਿਰਮਾਣ ਕਾਰਜ ਦੇਸ਼ ਦੀ ਨਾਮੀਂ ਨਿਰਮਾਣ ਕੰਪਨੀ ਨੂੰ ਦੇਣ ਦੀ ਗੱਲ ਕਹੀ। ਮੀਟਿੰਗ ਵਿਚ 
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਤੇ ਭਾਜਪਾ 
ਆਗੂ ਬਲਰਾਮ ਜੀ ਦਾਸ ਟੰਡਨ, ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ 
ਸੇਵਾ ਸਿੰਘ ਸੇਖਵਾਂ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਮੁੱਖ ਮੰਤਰੀ ਦੇ ਸਲਾਹਕਾਰ 
ਮਹੇਸ਼ ਇੰਦਰ ਸਿੰਘ ਗਰੇਵਾਲ, ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ ਬਰਜਿੰਦਰ ਸਿੰਘ 
ਹਮਦਰਦ, ਮੁੱਖ ਸਕੱਤਰ ਰਾਕੇਸ਼ ਸਿੰਘ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਐਸ ਕੇ ਸੰਧੂ, 
ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ ਐਸ ਐਸ ਚੰਨੀ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ 
ਗਗਨਦੀਪ ਸਿੰਘ ਬਰਾੜ ਅਤੇ ਫਾਊਡੇਸ਼ਨ ਦੇ ਸੀ ਈ ਓ ਵਿਨੇ ਬੁਬਲਾਨੀ ਹਾਜ਼ਿਰ ਸਨ।




 
 
No comments:
Post a Comment