ਲਾਹੌਰ—(ਬਿਊਰੋ )ਪਾਕਿਸਤਾਨ  'ਚ ਕੋਟ ਲਖਪਤ ਜੇਲ ਵਿਚ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਇਆ ਭਾਰਤੀ ਕੈਦੀ ਸਰਬਜੀਤ ਸਿੰਘ ਅਜੇ ਵੀ ਕੋਮਾ ਵਿਚ ਹੈ ਅਤੇ ਡਾਕਟਰਾਂ ਦੇ ਮੁਤਾਬਕ ਉਸਦੇ ਲਈ ਅਗਲੇ 24 ਘੰਟੇ ਨਾਜ਼ੁਕ ਹਨ। ਉਸਦਾ ਖੂਨ ਬਹੁਤ ਜ਼ਿਆਦਾ ਵਗ ਗਿਆ ਹੈ। ਇਸ ਲਈ ਫਿਲਹਾਲ ਉਸਦੀ ਸਰਜਰੀ ਨਹੀਂ ਕੀਤੀ ਜਾ ਸਕਦੀ। ਇਸ ਘਟਨਾ ਦੇ ਬਾਅਦ ਭਾਰਤੀ ਹਾਈ ਕਮਿਸ਼ਨ ਦੇ ਦੋ ਸਫਾਰਤਕਾਰ  ਉਸਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ। ਪਾਕਿ ਪੰਜਾਬ ਦੇ ਗ੍ਰਹਿ ਵਿਭਾਗ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਥੇ ਸਰਬਜੀਤ ਦੇ ਵਕੀਲ ਓਬੈਸ ਸ਼ੇਖ ਨੇ ਕਿਹਾ ਕਿ ਇਸ ਹਮਲੇ ਦੇ ਗੰਭੀਰ ਨਤੀਜੇ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ  ਰੱਬ ਅੱਗੇ ਸਰਬਜੀਤ ਦੀ ਜ਼ਿੰਦਗੀ ਦੀ ਦੁਆ ਕਰਦੇ ਹਾਂ। ਭਰਾ ਦੇ ਕੋਮਾ 'ਚ ਚਲੇ ਜਾਣ ਦੀ ਖਬਰ ਤੋਂ ਦੁਖੀ ਉਸਦੀ ਭੈਣ ਦਲਬੀਰ ਕੌਰ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਸ਼ਨੀਵਾਰ ਰਾਤ ਉਹ ਆਪਣੀ ਭਾਬੀ ਅਤੇ ਦੋਵਾਂ ਭਤੀਜੀਆਂ ਦੇ ਨਾਲ ਦਿੱਲੀ ਰਵਾਨਾ ਹੋ ਰਹੀ ਹੈ। ਉਹ ਬੀਮਾਰ ਦਿਖਾਈ ਦੇ ਰਹੀਆਂ ਸਨ,ਇਸ ਲਈ ਜ਼ਿਆਦਾ ਬੋਲ ਸਕਣ ਦੇ ਸਮਰੱਥ ਨਹੀਂ ਸਨ।
ਦੋ ਕੈਦੀਆਂ 'ਤੇ ਦੋਸ਼
ਪਾਕਿਸਤਾਨ ਦੀ ਪੁਲਸ ਨੇ ਦੋ ਕੈਦੀਆਂ ੁਵਿਰੁੱਧ ਸਰਬਜੀਤ 'ਤੇ ਹਮਲਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਕੈਦੀਆਂ ਵਿਰੁੱਧ ਕਤਲ ਦੀ ਕੋਸ਼ਿਸ਼ ਕਰਨ ਅਤੇ ਗੰਭੀਰ ਸੱਟ ਮਾਰਨ ਦਾ ਦੋਸ਼ ਲਗਾ ਕੇ ਮਾਮਲਾ ਦਰਜ ਹੋਇਆ ਹੈ। ਚੋਟੀ ਦੇ ਪੁਲਸ ਅਧਿਕਾਰੀਆਂ ਨੇ ਐੈੱਫ.ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਰਬਜੀਤ ਵਲੋਂ ਬੈਰਕ ਦਾ ਦਰਵਾਜ਼ਾ ਖੋਲ੍ਹੇ ਜਾਣ ਦੇ ਤੁਰੰਤ ਪਿੱਛੋਂ ਦੋ ਕੈਦੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਐੈੱਫ.ਆਈ. ਆਰ. ਮੁਤਾਬਿਕ ਅਹਿਸਾਨ ਉਲ ਹੱਕ ਅਤੇ ਮੁਹੰਮਦ ਸਫਦਰ ਨਾਮੀ ਦੋ ਕੈਦੀਆਂ ਨੇ ਸਰਬਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਹਮਲਾ ਕਰਨ ਵਾਲੇ ਕੈਦੀਆਂ ਦੀ ਪਛਾਣ ਆਫਤਾਬ ਅਤੇ ਮੁਦਸਰ ਵਜੋਂ ਹੋਈ ਹੈ, ਜੋ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। 4 ਹੋਰ ਕੈਦੀਆਂ ਦੇ ਵੀ ਸਰਬਜੀਤ 'ਤੇ ਹਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ ਜਿਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ।
6 ਕੈਦੀਆਂ ਕੋਲੋਂ ਪੁੱਛ-ਗਿੱਛ
ਪੁਲਸ ਦੇ ਉਪ ਮੁੱਖੀ ਮਲਿਕ ਮੁਬਾਸ਼ਿਰ ਨੇ ਜੇਲ 'ਚ 6 ਕੈਦੀਆਂ ਕੋਲੋਂ ਪੁੱਛ-ਗਿੱਛ ਕੀਤੀ। ਇਨ੍ਹਾਂ ਕੈਦੀਆਂ ਨੂੰ ਇਕ ਵੱਖਰੀ ਬੈਰਕ 'ਚ ਰੱਖਿਆ ਗਿਆ ਹੈ।
ਭਾਰਤੀ ਵਿਦੇਸ਼ ਮੰਤਰਾਲਾ ਦਖਲ ਦੇਵੇ : ਕ੍ਰਿਸ਼ਨਾ
ਸਾਬਕਾ ਵਿਦੇਸ਼ ਮੰਤਰੀ ਐੱਸ. ਐੈੱਮ. ਕ੍ਰਿਸ਼ਨਾ ਨੇ ਸ਼ਨੀਵਾਰ ਬੰਗਲੌਰ 'ਚ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲਾ ਨੂੰ ਸਰਬਜੀਤ ਦੇ ਮਾਮਲੇ 'ਚ ਦਖਲ ਦੇਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਸਰਬਜੀਤ 'ਤੇ ਹੋਏ ਹਮਲੇ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਇਹ ਗੱਲ ਹੋਰ ਵੀ ਅਫਸੋਸਨਾਕ ਹੈ ਕਿ ਹਮਲਾ ਬਹੁਤ ਸੁਰੱਖਿਅਤ ਸਮਝੀ ਜਾਣ ਵਾਲੀ ਜੇਲ 'ਚ ਹੋਇਆ ਹੈ।
ਕੇਂਦਰ ਦੀ ਨਾਕਾਮੀ ਦਾ ਸਿੱਟਾ ਹੈ ਹਮਲਾ : ਮੋਦੀ
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ 'ਚ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਕਿਹਾ ਕਿ ਸਰਬਜੀਤ ਸਿੰਘ ਦੇ ਹਮਲੇ 'ਤੇ ਕੇਂਦਰੀ ਦੀ ਨਾਕਾਮੀ ਜ਼ਿੰਮੇਵਾਰ ਹੈ। ਯੂ. ਪੀ. ਏ. ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਬਜੀਤ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਨਾਕਾਮ ਰਹੀ। ਇਕ ਪਾਸੇ ਚੀਨੀ ਫੌਜੀ ਭਾਰਤੀ ਖੇਤਰ 'ਚ ਦਾਖਲ ਹੋ ਰਹੇ ਹਨ ਅਤੇ ਦੂਜੇ ਪਾਸੇ ਸਰਬਜੀਤ ਸਿੰਘ 'ਤੇ ਹਮਲਾ ਹੋ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਕੇਂਦਰ ਸਰਕਾਰ ਦੀ ਪਹੁੰਚ ਸੀਮਤ ਹੈ।