www.sabblok.blogspot.com
ਇਨਕਲਾਬੀ ਲਹਿਰਾਂ ਦੇ ਇਤਿਹਾਸ ਵਿਚ ਬਹੁਤ ਸਾਰੇ ਅਜਿਹੇ ਗੁੰਮਨਾਮ ਸ਼ਹੀਦ ਹੋਏ ਹਨ, ਜਿਨ੍ਹਾਂ ਦੀ ਕੁਰਬਾਨੀ ਇਤਿਹਾਸ ਦੇ ਕਿਸੇ ਪੰਨੇ ਉੱਤੇ ਦਰਜ ਨਹੀਂ। ਉਹ ਲੋਕ ਬਿਨਾਂ ਕਿਸੇ ਲਾਲਚ ਤੇ ਪ੍ਰਸਿੱਧੀ ਦੀ ਲਾਲਸਾ ਦੇ ਆਪਣੇ ਜ਼ਿੰਮੇ ਲੱਗਾ ਕੰਮ ਜਾਨ ਦੀ ਬਾਜ਼ੀ ਲਾ ਕੇ ਭੁਗਤਾ ਗਏ। ਸਮੇਂ ਦੀ ਧੁੰਦ ਵਿਚ ਗਵਾਚ ਗਏ ਅਜਿਹੇ ਨਾਇਕਾਂ ਬਾਰੇ ਨਾ ਕਦੀ ਕਿਸੇ ਨੇ ਕੋਈ ਗੀਤ ਲਿਖਿਆ, ਨਾ ਕਹਾਣੀ ਲਿਖੀ, ਨਾ ਕਿਸੇ ਨੂੰ ਉਨ੍ਹਾਂ ਦੇ ਜਨਮ ਅਸਥਾਨ ਦਾ ਪਤਾ ਤੇ ਨਾ ਹੀ ਉਨ੍ਹਾਂ ਦੇ ਨਾਂਅ ਦਾ ਇਲਮ ਹੈ। ਉਨ੍ਹਾਂ ਦੀ ਬਰਸੀ ਭਲਾ ਕਿਸ ਨੇ ਮਨਾਉਣੀ ਹੋਈ। ਅਜਿਹੇ ਹੀ ਗੁੰਮਨਾਮ ਸ਼ਹੀਦਾਂ ਦਾ ਗ਼ਦਰ ਲਹਿਰ ਦੇ ਇਤਿਹਾਸ ਵਿਚ ਵੀ ਘਾਟਾ ਨਹੀਂ। ਇਸ ਪ੍ਰਸੰਗ ਵਿਚ ਮੁਸਲਮਾਨ ਭਰਾਵਾਂ 'ਤੇ ਆਧਾਰਿਤ ਫੌਜ ਵੱਲੋਂ ਸਿੰਘਾਪੁਰ ਅਤੇ ਰੰਗੂਨ ਵਿਚ ਅੰਗਰੇਜ਼ ਸਰਕਾਰ ਵਿਰੁੱਧ ਕੀਤੀਆਂ ਬਗਾਵਤਾਂ ਤੇ ਦਿੱਤੀ ਕੁਰਬਾਨੀ ਦਾ ਜ਼ਿਕਰ ਕਰਨਾ ਸਭ ਤੋਂ ਢੁਕਵਾਂ ਹੋਵੇਗਾ (ਬੜਾ ਚਿਰ ਗੁੰਮਨਾਮ ਰਹਿਣ ਵਾਲੇ ਇਨ੍ਹਾਂ ਸੂਰਬੀਰਾਂ ਦੇ ਨਾਂਅ ਹੁਣੇ ਜਿਹੇ ਹੀ ਖੋਜ ਉਪਰੰਤ ਰੌਸ਼ਨੀ ਵਿਚ ਆਏ ਹਨ ਤੇ ਉਨ੍ਹਾਂ ਦੀ ਸੂਚੀ ਕੈਲੰਡਰ ਦੇ ਅੰਤ ਵਿਚ ਦਿੱਤੀ ਗਈ ਹੈ)। ਗ਼ਦਰੀਆਂ ਵੱਲੋਂ ਦੇਸ਼-ਵਿਦੇਸ਼ ਵਿਚ ਤਾਇਨਾਤ ਭਾਰਤੀ ਫੌਜਾਂ ਵਿਚ ਆਪਣੇ ਸੈੱਲ ਕਾਇਮ ਕੀਤੇ ਗਏ ਤੇ ਉਥੇ ਗ਼ਦਰ ਦਾ ਬੜਾ ਭਖਵਾਂ ਪ੍ਰਚਾਰ ਕੀਤਾ ਗਿਆ।
ਉਨ੍ਹਾਂ ਦਿਨਾਂ ਵਿਚ ਸਿੰਘਾਪੁਰ ਵਿਚ ਦੋ ਦੇਸੀ ਪਲਟਨਾਂ ਤਾਇਨਾਤ ਸਨ। ਇਕ ਸੀ 'ਪੰਜਵੀਂ ਲਾਈਟ ਪਲਟਨ' ਤੇ ਦੂਜੀ ਸੀ 'ਮਲਾਇਆ ਰਿਆਸਤੀ ਗਾਈਡ'। ਦੋਵੇਂ ਪਲਟਨਾਂ ਮੁਸਲਮਾਨਾਂ ਦੀਆਂ ਸਨ। ਇਨ੍ਹਾਂ ਪਲਟਨਾਂ ਵਿਚ 'ਗ਼ਦਰ' ਅਖਬਾਰ ਤੇ ਹੋਰ ਗ਼ਦਰੀ ਸਾਹਿਤ ਵੰਡਿਆ ਜਾਂਦਾ ਸੀ। ਅਮਰੀਕਾ, ਕੈਨੇਡਾ, ਸ਼ੰਘਾਈ, ਮਨੀਲਾ ਤੇ ਹਾਂਗਕਾਂਗ ਤੋਂ 1914 ਦੇ ਸਤੰਬਰ-ਅਕਤੂਬਰ ਵਿਚ ਲੰਘਣ ਵਾਲੇ ਸਾਥੀ ਸਿੰਘਾਪੁਰ ਵਿਚ ਜਹਾਜ਼ਾਂ ਤੋਂ ਉੱਤਰਦੇ ਅਤੇ ਗੁਰਦੁਆਰੇ ਤੇ ਪਲਟਨਾਂ ਵਿਚ ਜਾ ਕੇ ਫੌਜੀਆਂ ਅਤੇ ਲੋਕਾਂ ਨੂੰ ਇਨਕਲਾਬ ਲਈ ਉੱਠਣ ਲਈ ਪ੍ਰੇਰਦੇ। ਗ਼ਦਰ ਲਹਿਰ ਦੇ ਕਈ ਵਰਕਰ ਤੇ ਆਗੂ ਇਨ੍ਹਾਂ ਪਲਟਨਾਂ ਵਿਚ ਪ੍ਰਚਾਰ ਕਰਨ ਲਈ ਜਾਂਦੇ ਰਹੇ। ਇਨ੍ਹਾਂ ਵਿਚੋਂ ਮੁਜਤਬਾ ਹੁਸੈਨ, ਜੀਵਨ ਸਿੰਘ ਫੈਲੋਕੇ, ਹੀਰਾ ਸਿੰਘ ਚਰੜ, ਗਿਆਨ ਚੰਦ, ਸੁੰਦਰ ਸਿੰਘ ਦੌਲੋਨੰਗਲ, ਹਰਨਾਮ ਸਿੰਘ ਰਸੂਲਪੁਰ ਤੇ ਪੀਨਾਂਗ ਦਾ ਪੁਲਿਸ ਸਾਰਜੰਟ ਤਰਲੋਕ ਸਿੰਘ ਗ਼ਦਰ ਅਖਬਾਰ ਦੇ ਪਰਚੇ ਵੰਡਣ ਲਈ ਪਲਟਨਾਂ ਵਿਚ ਜਾਂਦੇ ਰਹੇ। ਇਸ ਦਾ ਫੌਜੀਆਂ ਉੱਤੇ ਪੂਰਾ ਅਸਰ ਪਿਆ ਤੇ ਉਨ੍ਹਾਂ ਵਿਚ ਅੰਗਰੇਜ਼ ਵਿਰੋਧੀ ਜਜ਼ਬਾ ਬੜੇ ਪ੍ਰਬਲ ਵੇਗ ਨਾਲ ਜਾਗ੍ਰਿਤ ਹੋਇਆ। ਉਧਰੋਂ ਤੁਰਕੀ ਨਾਲ ਅੰਗਰੇਜ਼ ਵਿਰੋਧ ਖੜ੍ਹੇ ਹੋਣ ਜਾਣ ਕਰਕੇ ਇਨ੍ਹਾਂ ਮੁਸਲਮਾਨ ਫੌਜੀਆਂ ਵਿਚ ਇਸਲਾਮੀ ਰਿਸ਼ਤਾ ਵੀ ਇਸ ਅੰਗਰੇਜ਼ ਵਿਰੋਧੀ ਉਤੇਜਨਾ ਨੂੰ ਵਧਾਉਣ ਦਾ ਕਾਰਨ ਬਣਿਆ। ਗ਼ਦਰੀਆਂ ਨੇ ਇਸ ਵਿਰੋਧ ਦਾ ਵੀ ਇਸਤੇਮਾਲ ਕੀਤਾ।
ਜਦੋਂ ਗ਼ਦਰੀ ਆਪਣਾ ਪ੍ਰਚਾਰ ਕਰਦੇ ਸਿੰਘਾਪੁਰ ਵਿਚੋਂ ਲੰਘ ਰਹੇ ਸਨ, ਉਦੋਂ ਉੱਪਰਲੀਆਂ ਦੋਵਾਂ ਪਲਟਨਾਂ ਤੋਂ ਇਲਾਵਾ 36ਵੀਂ ਸਿੱਖ ਪਲਟਨ ਤੇ ਇਕ ਗੋਰਾ ਪਲਟਨ ਸੀ। ਇਕ ਪਲਟਨ ਸਿੰਘਾਪੁਰ ਦੇ ਗੋਰਿਆਂ ਵਿਚੋਂ ਭਰਤੀ ਕੀਤੀ ਵਲੰਟੀਅਰ ਕੋਰ ਦੀ ਸੀ। ਕੋਈ ਗੁਪਤ ਚਿੱਠੀ ਹੱਥ ਲੱਗ ਜਾਣ 'ਤੇ ਸਰਕਾਰ ਨੂੰ ਬਗਾਵਤ ਦੀ ਸੂਹ ਲੱਗ ਗਈ ਤੇ ਉਸ ਨੇ ਮਲਾਇਆ ਰਿਆਸਤੀ ਗਾਈਡ ਨੂੰ ਸਿੰਘਾਪੁਰ ਤੋਂ ਪੀਨਾਂਗ ਤਬਦੀਲ ਕਰ ਦਿੱਤਾ। 36ਵੀਂ ਸਿੱਖ ਪਲਟਨ ਤੋਂ ਇਹਤਿਆਤਨ ਹਥਿਆਰ ਰਖਵਾ ਲਏ ਪਰ 5ਵੀਂ ਪਲਟਨ ਵੱਲੋਂ ਬਗਾਵਤ ਕੀਤੇ ਜਾਣ ਦਾ ਸਰਕਾਰ ਨੂੰ ਚਿੱਤ-ਖਿਆਲ ਨਹੀਂ ਸੀ। ਪਲਟਨ ਨੇ 15 ਫਰਵਰੀ, 1915 ਦਾ ਦਿਨ ਬਗਾਵਤ ਲਈ ਚੁਣਿਆ। ਇਸ ਦਿਨ ਦੀ ਚੋਣ ਦਾ ਵਾਸਤਾ ਹਿੰਦ ਵਿਚ ਕੀਤੇ ਜਾਣ ਵਾਲੀ ਗ਼ਦਰ ਦੀ ਤਰੀਕ ਨਾਲ ਸ਼ਾਇਦ ਕੋਈ ਨਹੀਂ ਸੀ। ਇਹ ਪਲਟਨ ਦੇ ਫੌਜੀਆਂ ਵਿਚ ਆਪਮੁਹਾਰੇ ਉਠੇ ਰੋਹ ਦਾ ਪ੍ਰਤੀਕ ਸੀ। ਉਨ੍ਹਾਂ ਨੂੰ 15 ਫਰਵਰੀ ਨੂੰ ਸਵੇਰੇ ਹੁਕਮ ਸੁਣਾਇਆ ਗਿਆ ਕਿ ਪਲਟਨ ਅਗਲੇ ਦਿਨ ਹਾਂਗਕਾਂਗ ਨੂੰ ਰਵਾਨਾ ਹੋ ਰਹੀ ਹੈ। ਲੌਢੇ ਵੇਲੇ ਪਲਟਨ ਦੇ ਹਥਿਆਰ ਜਮ੍ਹਾਂ ਕੀਤੇ ਜਾਣ ਲੱਗੇ ਤਾਂ ਫੌਜੀਆਂ ਨੇ ਸੋਚਿਆ ਕਿ ਹਥਿਆਰ ਜਮ੍ਹਾਂ ਹੋਣ ਤੋਂ ਬਾਅਦ ਤਾਂ ਉਹ ਅਸਲੋਂ ਹੱਥਲ ਹੋ ਜਾਣਗੇ ਤੇ ਕੁਝ ਵੀ ਨਹੀਂ ਕਰ ਸਕਣਗੇ।
ਉਨ੍ਹਾਂ ਮਿਥੇ ਟੀਚੇ ਤੋਂ ਪਹਿਲਾਂ ਹੀ ਗ਼ਦਰ ਮਚਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਹਥਿਆਰ ਜਮ੍ਹਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਤੇ ਅਸਲਾ ਇਕੱਠਾ ਕਰਨ ਵਾਲੇ ਅੰਗਰੇਜ਼ ਅਫਸਰ ਨੂੰ ਮਾਰ ਮੁਕਾਇਆ। ਫਿਰ ਜਿਹੜਾ ਵੀ ਗੋਰਾ ਫੌਜੀ ਜਾਂ ਅਫਸਰ ਅੱਗੇ ਆਇਆ, ਉਨ੍ਹਾਂ ਨੇ ਕਤਲ ਕਰ ਦਿੱਤਾ। ਫੌਜੀਆਂ ਨੇ ਬਾਰਕਾਂ 'ਤੇ ਕਬਜ਼ਾ ਕਰਕੇ ਤਿੰਨ ਟੁਕੜੀਆਂ ਬਣਾ ਲਈਆਂ। ਇਕ ਜਰਮਨ ਕੈਦੀਆਂ ਦੇ ਕੈਂਪ ਵੱਲ ਉਨ੍ਹਾਂ ਨੂੰ ਛੁਡਾ ਕੇ ਆਪਣੇ ਨਾਲ ਮਿਲਾਉਣ ਤੁਰ ਪਈ। ਦੂਜੀ ਹੈੱਡ ਕੁਆਰਟਰ 'ਤੇ ਕਬਜ਼ਾ ਕਰਨ ਲਈ ਕਮਾਨ ਅਫਸਰ ਦੇ ਬੰਗਲੇ ਵੱਲ ਤੁਰ ਪਈ ਤੇ ਤੀਜੀ ਟੁਕੜੀ ਸ਼ਹਿਰ ਦੀ ਸੜਕੇ ਪੈ ਗਈ। ਜਰਮਨ ਕੈਂਪ ਉੱਤੇ ਬਾਗੀਆਂ ਦਾ ਕਬਜ਼ਾ ਤਾਂ ਹੋ ਗਿਆ ਪਰ ਕੈਦੀਆਂ ਨੇ ਬਾਗੀਆਂ ਦਾ ਸਾਥ ਨਾ ਦੇ ਕੇ ਉਨ੍ਹਾਂ ਨੂੰ ਨਿਰਾਸ਼ ਕਰ ਦਿੱਤਾ। ਕਰਨਲ ਦੀ ਕੋਠੀ 'ਤੇ ਕਬਜ਼ਾ ਕਰਨ ਵਿਚ ਵੀ ਉਨ੍ਹਾਂ ਨੂੰ ਸਫਲਤਾ ਨਾ ਮਿਲੀ। ਸ਼ਹਿਰ ਨੂੰ ਗਈ ਟੋਲੀ ਨੇ ਕਈ ਗੋਰੇ ਅਫਸਰ ਤੇ ਆਮ ਗੋਰੇ ਗੋਲੀਆਂ ਨਾਲ ਉਡਾ ਦਿੱਤੇ।
ਗ਼ਦਰੀਆਂ ਦੀ ਕੋਈ ਵੀ ਟੋਲੀ ਘਾਟ ਵੱਲ ਜਾ ਕੇ ਸਮੁੰਦਰੀ ਕਿਲ੍ਹੇ 'ਤੇ ਹਮਲਾਵਰ ਨਾ ਹੋਈ, ਸਗੋਂ ਐਵੇਂ ਖਿੰਡ-ਪੁੰਡ ਕੇ ਇਧਰ-ਉਧਰ ਫਿਰਦੀਆਂ ਰਹੀਆਂ। ਏਨੇ ਵਿਚ ਗਵਰਨਰ ਰਿਡਾਊਟ ਤੇ ਜੰਗੀ ਬੇੜੇ ਦੇ ਐਡਮਿਰਲ ਨੇ ਵਾਇਰਲੈੱਸ ਰਾਹੀਂ ਇਧਰੋਂ-ਉਧਰੋਂ ਕੁਮਕ ਸੱਦ ਭੇਜੀ। ਇਕ ਜੰਗੀ ਜਹਾਜ਼ ਪਹਿਲਾਂ ਹੀ ਸਮੁੰਦਰ ਵਿਚ ਖੜ੍ਹਾ ਸੀ। ਬਹੁਤ ਸਾਰੇ ਗੋਰੇ ਸਪੈਸ਼ਲ ਪੁਲਸੀਆਂ ਵਜੋਂ ਭਰਤੀ ਕਰ ਲਏ ਗਏ। ਉਧਰ ਗ਼ਦਰੀ ਸਭ ਕੁਝ ਜਿੱਤ ਲਿਆ ਜਾਣ ਕੇ ਅਵੇਸਲੇ ਹੋ ਕੇ ਇਧਰ-ਉਧਰ ਟੁਕੜੀਆਂ ਵਿਚ ਵੰਡ ਕੇ ਬੈਰਕਾਂ ਦੇ ਬਾਹਰ ਘੁੰਮਣ ਲੱਗੇ।
(ਬਾਕੀ ਅਗਲੇ ਅੰਕ 'ਚ)
ਪ੍ਰੋ: ਵਰਿਆਮ ਸਿੰਘ ਸੰਧੂ

No comments:
Post a Comment