ਚੰਡੀਗੜ੍ਹ- ਲਾਹੌਰ ਦੀ ਕੋਟ ਲਖਪਤ ਜੇਲ ਵਿਖੇ ਭਾਰਤੀ ਕੈਦੀ ਸਰਬਜੀਤ ਸਿੰਘ 'ਤੇ ਹੋਏ ਹਮਲੇ ਨੂੰ ਕੇਂਦਰ ਸਰਕਾਰ ਦੀ ਨਾਲਾਇਕੀ ਦੱਸਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ  ਸਰਬਜੀਤ ਨੂੰ ਹਰ ਤਰ੍ਹਾਂ ਦਾ ਇਲਾਜ ਮੁਹੱਈਆ ਕਰਾਉਣ ਅਤੇ ਉਸ ਦੀ ਰਿਹਾਈ ਯਕੀਨੀ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਇਸ ਗੱਲ ਦੀ ਖੁਫੀਆ ਸੂਚਨਾ ਸੀ ਕਿ ਸਰਬਜੀਤ 'ਤੇ ਜੇਲ ਵਿਚ ਹਮਲਾ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਕੋਈ ਵੀ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਸਮਝੀ।
ਉਧਰ ਦੂਜੇ ਪਾਸੇ ਮਾਲੇਰਕੋਟਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਰਬਜੀਤ 'ਤੇ ਹੋਏ ਹਮਲੇ ਦਾ ਠੀਕਰਾ ਕੇਂਦਰ ਸਰਕਾਰ 'ਤੇ ਫੋੜਿਆ। ਢੀਂਡਸਾ ਨੇ ਕਿਹਾ ਕਿ ਜੇ ਸਮਾਂ ਰਹਿੰਦਿਆਂ ਭਾਰਤ ਸਰਕਾਰ ਇਸ ਮਾਮਲੇ 'ਚ ਪਾਕਿਸਤਾਨ ਨਾਲ ਗੱਲ ਕਰ ਲੈਂਦਾ ਤਾਂ ਸ਼ਾਇਦ ਸਰਬਜੀਤ 'ਤੇ ਹਮਲਾ ਨਾ ਹੁੰਦਾ।
ਇਸ ਦੌਰਾਨ ਅਕਾਲੀ ਦਲ ਨੇ ਸਰਬਜੀਤ ਦੇ ਇਲਾਜ ਲਈ ਪਾਰਟੀ ਵਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਮਦਦ ਲਈ ਕਹਿੰਦੀ ਹੈ ਤਾਂ ਉਹ ਅੱਗੇ ਵਧ ਕੇ ਸਰਬਜੀਤ ਦੀ ਮਦਦ ਕਰਨਗੇ। ਸੁਖਬੀਰ ਨੇ ਕਿਹਾ ਕਿ ਵਿਦੇਸ਼ ਨੀਤੀ ਦਾ ਮਾਮਲਾ ਕੇਂਦਰ ਸਰਕਾਰ ਦੇ ਹੱਥ ਹੋਣ ਕਾਰਨ ਸੂਬਾ ਸਰਕਾਰ ਦੇ ਹੱਥ ਇਸ ਮਾਮਲੇ 'ਚ ਬੱਝੇ ਹੋਏ ਹਨ ਪਰ ਪੰਜਾਬ ਸਰਕਾਰ ਇਸ ਮਾਮਲੇ 'ਚ ਹਰ ਤਰੀਕੇ ਨਾਲ ਕੇਂਦਰ ਨਾਲ ਸਹਿਯੋਗ ਕਰਨ ਲਈ ਤਿਆਰ ਹੈ।