jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਗ਼ਰੀਬਾਂ ਨੂੰ ਹੁਣ ਸਰਕਾਰੀ ਸਕੂਲਾਂ ’ਚ ਵੀ ਬੱਚੇ ਪੜ੍ਹਾਉਣੇ ਹੋਏ ਔਖੇ

www.sabblok.blogspot.com

ਜਲੰਧਰ, 
ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵੱਲੋਂ ਸਿੱਖਿਆ ਦੇ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਗਰੀਬ ਮਾਪਿਆਂ ਦੇ ਬੱਚਿਆਂ ਕੋਲੋਂ ‘ਮੋਟੀਆਂ’ ਫੀਸਾਂ ਵਸੂਲਣ ਕਾਰਨ ਉਨ੍ਹਾਂ ਦੇ ਘਰ ਦਾ ਕਈ ਦਿਨ ਚੁੱਲ੍ਹਾ ਨਹੀਂ ਜਲਿਆ। ਜਿਨ੍ਹਾਂ ਬੱਚਿਆਂ ਕੋਲੋਂ ਇਨ੍ਹਾਂ ਸਕੂਲਾਂ ਨੇ ਫੀਸਾਂ ਵਸੂਲੀਆਂ ਹਨ ਉਹ ਬੱਚੇ ਸ਼ਹਿਰ ’ਚੋਂ ਕਬਾੜ, ਰੱਦੀ ’ਤੇ ਹੋਰ ਛੋਟਾ-ਮੋਟਾ ਕੰਮ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਬਣਦੇ ਹਨ। ਇਨ੍ਹਾਂ ਬੱਚਿਆਂ ਵਿਚ ਵਿਧਵਾਵਾਂ ਦੇ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਦੋ ਟੁੱਕ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਜਦਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਵਿਚ ਇਹ ਬੜਾ ਸਪੱਸ਼ਟ ਲਿਖਿਆ ਹੋਇਆ ਹੈ ਕਿ ਕੋਈ ਵੀ ਸਕੂਲ ਅੱਠਵੀਂ ਤੱਕ ਕਿਸੇ ਵੀ ਬੱਚੇ ਕੋਲੋਂ ਕੋਈ ਫੀਸ ਨਹੀਂ ਲਵੇਗਾ।
ਸ਼ਹਿਰ ਦੇ ਪਛੜੇ ਇਲਾਕਿਆਂ ਵਿਚਲੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਾਲਿਆਂ ਨੇ 225 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾਖਲਾ ਫੀਸ ਵਸੂਲੀ ਹੈ ਜਦਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੁਖੀਆਂ ਕੋਲ ਕਈ ਵਾਰ ਬੇਨਤੀਆਂ ਕੀਤੀਆਂ ਸਨ ਕਿ ਉਹ ਏਨੇ ਪੈਸੇ ਦੇਣ ਦੇ ਸਮਰੱਥ ਨਹੀਂ ਹਨ ਪਰ ਇਸ ਦੇ ਬਾਵਜੂਦ ਵੀ ਸਕੂਲਾਂ ਨੇ ਇਨ੍ਹਾਂ ਗਰੀਬ ਬੱਚਿਆਂ ਤੋਂ ਪੂਰੀਆਂ ਫੀਸਾਂ ਵਸੂਲੀਆਂ ਹਨ।
ਰੇਲਵੇ ਸਟੇਸ਼ਨ ’ਤੇ ਰੇਹੜੀ ਲਾਉਣ ਵਾਲੇ ਦੀ ਪਤਨੀ ਅਰਚਨਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹਨ। ਲੜਕੀ ਤੀਜੀ ਅਤੇ ਲੜਕਾ ਪੰਜਵੀਂ ਕਲਾਸ ਵਿਚ ਹਨ ਤੇ ਉਨ੍ਹਾਂ ਕੋਲੋਂ 425 ਰੁਪਏ ਦੇ ਹਿਸਾਬ ਨਾਲ 850 ਰੁਪਏ ਦਾਖਲਾ ਫੀਸ ਵਸੂਲੀ ਗਈ ਹੈ। ਉਨ੍ਹਾਂ ਦੱਸਿਆ ਕਿ ਦਾਖਲੇ ਤੋਂ ਇਲਾਵਾ ਹਰ ਮਹੀਨੇ ਉਨ੍ਹਾਂ ਨੂੰ ਦੋਵਾਂ ਬੱਚਿਆਂ ਦੇ 120 ਰੁਪਏ ਫੀਸ ਦੇ ਵੀ ਦੇਣੇ ਪੈਣਗੇ।
ਇਸੇ ਤਰ੍ਹਾਂ ਇਕ ਹੋਰ ਔਰਤ ਗੁੜੀਆ ਨੇ ਦੱਸਿਆ ਕਿ ਉਸ ਦੇ ਵੀ ਤਿੰਨ ਬੱਚੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹਨ। ਉਸ ਨੇ ਦੱਸਿਆ ਕਿ ਪਹਿਲੀ ਕਲਾਸ ਵਿਚ ਪੜ੍ਹਦੇ ਦੋ ਬੱਚਿਆਂ ਕੋਲੋਂ 800 ਰੁਪਏ ਦਾਖਲਾ ਫੀਸ ਲਈ ਗਈ ਹੈ ਜਦਕਿ ਨਰਸਰੀ ਵਿਚ ਪੜ੍ਹਦੇ ਬੱਚੇ ਕੋਲੋਂ 175 ਰੁਪਏ ਦਾਖਲਾ ਫੀਸ ਲਈ ਹੈ। ਉਸ ਦਾ ਪਤੀ ਵੀ ਰੇਲਵੇ ਸਟੇਸ਼ਨ ’ਤੇ ਚਾਹ ਦੀ ਰੇਹੜੀ ਲਾਉਂਦਾ ਹੈ ਤੇ ਉਹ ਬੜੀ ਮੁਸ਼ਕਲ ਨਾਲ 100 ਤੋਂ ਲੈ ਕੇ 200 ਰੁਪਏ ਬਚਾਉਂਦੇ ਹਨ ਤੇ ਏਨੇ ਘੱਟ ਪੈਸਿਆਂ ਵਿਚ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਇਸੇ ਕਰਕੇ ਉਨ੍ਹਾਂ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਬੱਚੇ ਲਾਏ ਸਨ ਪਰ ਹੁਣ ਉਨ੍ਹਾਂ ਨੂੰ ਉਥੇ ਵੀ ਬੱਚੇ ਵੀ ਪੜ੍ਹਾਉਣੇ ਔਖੇ ਹੋ ਗਏ ਹਨ।
ਇਕ ਰੱਦੀ ਚੁੱਕਣ ਵਾਲੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਸਕੂਲ ਵਿਚ ਪੜ੍ਹਦੇ ਹਨ ਜਿਨ੍ਹਾਂ ਵਿਚੋਂ ਛੇਵੀਂ ਕਲਾਸ ਦੇ ਬੱਚੇ ਕੋਲੋਂ 600 ਰੁਪਏ ਅਤੇ ਪਹਿਲੀ ਤੇ ਦੂਜੀ ਕਲਾਸ ਦੇ ਬੱਚਿਆਂ ਕੋਲੋਂ 350 ਰੁਪਏ ਦੇ ਹਿਸਾਬ ਨਾਲ 700 ਰੁਪਏ ਲਏ ਗਏ ਹਨ। ਇਸ ਔਰਤ ਦਾ ਕਹਿਣਾ ਸੀ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਵਿਚ ਘੁੰਮ ਕੇ ਰੱਦੀ ਇਕੱਠੀ ਕਰਦੀ ਹੈ ਤੇ ਉਨ੍ਹਾਂ ਕੋਲ ਰਹਿਣ ਲਈ ਵੀ ਇਕੋ ਹੀ ਕਮਰਾ ਹੈ। ਏਨੀ ਘੱਟ ਆਮਦਨ ਵਿਚ ਉਨ੍ਹਾਂ ਲਈ ਬੱਚੇ ਪੜ੍ਹਾਉਣਾ ਬਹੁਤ ਮੁਸ਼ਕਲ ਹੈ ਤੇ ਛੁੱਟੀ ਵਾਲੇ ਦਿਨ ਬੱਚੇ ਪੜ੍ਹਾਈ ਛੱਡ ਕੇ ਰੱਦੀ ਚੁਕਾਉਣ ਦਾ ਕੰਮ ਕਰਦੇ ਹਨ।

No comments: