jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਕੋਈ ਖ਼ਤਰਾ ਨਹੀਂ

www.sabblok.blogspot.com
ਕਾਨਫਰੰਸ ਦੌਰਾਨ ਗੁਰਬਚਨ ਸਿੰਘ ਭੁੱਲਰ ਦਾ ਸਨਮਾਨ ਕਰਦੇ ਹੋਏ ਡਾ. ਜਸਪਾਲ ਸਿੰਘ ਤੇ ਹੋਰ

ਪਟਿਆਲਾ, 30 ਅਪਰੈਲ(ਪੀ ਟੀ ਆਈ )
ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਅੱਜ ਇੱਥੇ ਸ਼ੁਰੂ ਹੋਈ। ਇਸ ਦੌਰਾਨ ਵੱਖ ਵੱਖ ਤੱਥਾਂ ਦੇ ਹਵਾਲੇ ਨਾਲ ਜਿੱਥੇ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਾ ਹੋਣ ਦੀ ਗੱਲ ਆਖੀ ਗਈ, ਉਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਸਮੇਤ ਪੰਜਾਬੀਅਤ ਲਈ ਉਪਰਾਲੇ ਕਰਨ ਵਾਲੀਆਂ ਦਰਜਨ ਭਰ ਹਸਤੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਂਜ ਮੁੱਖ ਮਹਿਮਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ ਮੌਜੂਦਗੀ ਕਾਰਨ ਕਾਨਫਰੰਸ ਦਾ ਉਦਘਾਟਨੀ ਸਮਾਰੋਹ ਫਿੱਕਾ ਰਿਹਾ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੈਰਹਾਜ਼ਰੀ ਵੀ ਰੜਕਦੀ ਰਹੀ। ਇਸ ਕਾਰਨ ਉਦਘਾਟਨ ਦੀ ਰਸਮ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਦਾ ਕੀਤਾ।
ਪੰਜਾਬੀਆਂ ਦੇ ਨਿੱਘੇ ਤੇ ਖੁੱਲ੍ਹੇ ਸੁਭਾਅ ਦਾ ਜ਼ਿਕਰ ਕਰਦਿਆਂ ਸ੍ਰੀ ਰੱਖੜਾ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਆਪਣੀ ਨਿਵੇਕਲੀ ਪਛਾਣ ਬਣਾਅ ਲੈਂਦੇ ਹਨ। ਇਸੇ ਕਾਰਨ ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਵੀ ਧਾਕ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਵਸੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਵਧੇਰੇ ਮੋਹ ਹੈ ਅਤੇ ਉਨ੍ਹਾਂ ਨੇ ਪੰਜਾਬੀਅਤ ਨਹੀਂ ਤਿਆਗੀ, ਜੋ ਮਾਣ ਵਾਲੀ ਗੱਲ ਹੈ।
ਸਵਾਗਤੀ ਭਾਸ਼ਣ ਦੌਰਾਨ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਕੋਈ ਖ਼ਤਰਾ ਨਹੀਂ ਕਿਉਂਕਿ ਇਸ ਕੋਲ ਗੁਰੂ ਗੰ੍ਰਥ ਸਾਹਿਬ ਸਮੇਤ ਪੁਰਾਤਨ ਸਾਹਿਤ ਦਾ ਬੇਸ਼ਕੀਮਤੀ ਖ਼ਜ਼ਾਨਾ ਹੈ। ਨਾਲ ਹੀ ਪੰਜਾਬੀ ਵਿਸ਼ਵ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ 12ਵੇਂ ਸਥਾਨ ‘ਤੇ ਹੈ। ਡੇਢ ਸੌ ਤੋਂ ਵੱਧ ਦੇਸ਼ਾਂ ਵਿੱਚ ਵਸੇ 12 ਕਰੋੜ ਲੋਕ ਪੰਜਾਬੀ ਬੋਲਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ 10 ਵਿਭਾਗ ਪੰਜਾਬੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹਨ।
ਸਾਬਕਾ ਐਮ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬੀ ਦੀ ਪ੍ਰਫੁੱਲਤਾ ਵਿੱਚ ਪੰਜਾਬੀ ਫ਼ਿਲਮਾਂ ਦਾ ਵੀ ਵੱਡਾ ਯੋਗਦਾਨ ਹੈ। ਇਸ ਲਈ ਚੰਗੀਆਂ ਪੰਜਾਬੀ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਅਤੇ ਪਰਿਵਾਰਾਂ ਵਿੱਚ ਪੰਜਾਬੀ ਬੋਲਣ, ਪੜ੍ਹਣ ਅਤੇ ਲਿਖਣ ਲਈ ਪ੍ਰੇਰਿਆ।
ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਸਾਬਕਾ ਡਾਇਰੈਕਟਰ ਡਾ. ਸੀ.ਆਰ. ਮੋਦਗਿੱਲ ਨੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਪੰਜਾਬੀ ਨੂੰ ਕਿੱਤਾ ਮੁਖੀ ਬਣਾਉਣ ਦੀ  ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇਸ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬੀ ਦੇ ਵਿਕਾਸ ਲਈ ਮਾਨਸਿਕਤਾ ਬਦਲਣ ਦੀ ਲੋੜ ‘ਤੇ ਜ਼ੋਰ ਦਿੱਤਾ।
ਕਾਨਫਰੰਸ ਦੇ ਮੁੱਖ ਕੋਆਰਡੀਨੇਟਰ ਡਾ. ਜੋਧ ਸਿੰਘ ਨੇ ਦੱਸਿਆ ਕਿ ਕਾਨਫਰੰਸ ਵਿੱਚ ਵੀਹ ਸੂਬਿਆਂ ਤੋਂ ਤਿੰਨ ਸੌ ਦੇ ਕਰੀਬ ਡੈਲੀਗੇਟ ਭਾਗ ਲੈ ਰਹੇ ਹਨ। ਇਸ ਮੌਕੇ ਡਾ. ਜੇ.ਏ. ਖਾਨ ਤੇ ਡਾ. ਮੁਕੇਸ਼ ਕੁਮਾਰ ਵੱਲੋਂ ਤਿਆਰ ਕਾਨਫਰੰਸ ਦਾ ਸੋਵੀਨਾਰ, ਡਾ. ਜੋਧ ਸਿੰਘ ਅਤੇ ਡਾ. ਜਸਪ੍ਰੀਤ ਕੌਰ ਸਿੱਧੂ ਵੱਲੋਂ ਤਿਆਰ ਸਿੱਖ ਧਰਮ ਵਿਸ਼ਵਕੋਸ਼, ਡਾ. ਧਨਵੰਤ ਕੌਰ ਅਤੇ ਟੀਮ ਵੱਲੋਂ ਤਿਆਰ ਗੁਰੁਸ਼ਬਦ ਰਤਨਾਗਰ ਮਹਾਨ ਕੋਸ਼ (ਹਿੰਦੀ), ਡਾ. ਜੋਧ ਸਿੰਘ ਦਾ ਕਨਸਾਈਜ਼ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਤੇ ਡਾ. ਮੋਹਨ ਤਿਆਗੀ ਦੀ ਬਾਜੀਗਰ ਕਬੀਲੇ ਦਾ ਸਭਿਆਚਾਰ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।  ਇਸ ਮੌਕੇ ਸਾਹਿਤਕ ਅਤੇ ਸਭਿਆਚਾਰਕ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਇਨ੍ਹਾਂ ਵਿੱਚ ਮਰਹੂਮ ਗਾਇਕਾ ਸੁਰਿੰਦਰ ਕੌਰ ਦਾ ਸਨਮਾਨ ਉਨ੍ਹਾਂ ਦੀ ਧੀ ਡੌਲੀ ਗੁਲੇਰੀਆ ਅਤੇ ਮਰਹੂਮ ਅਦਾਕਾਰ ਜਸਪਾਲ ਭੱਟੀ ਦਾ ਸਨਮਾਨ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਵਿਤਾ ਭੱਟੀ  ਨੇ ਹਾਸਲ ਕੀਤਾ। ਇਸੇ ਤਰ੍ਹਾਂ ਕਲਾਕਾਰ ਮਿਹਰ ਮਿੱਤਲ, ਕਹਾਣੀਕਾਰ ਡਾ. ਗੁਰਬਚਨ ਸਿੰਘ ਭੁੱਲਰ, ਸ਼ਾਇਰ ਕਰਨੈਲ ਸਿੰਘ ‘ਸਰਦਾਰ ਪੰਛੀ’, ਨਾਵਲਕਾਰ ਸ੍ਰੀਮਤੀ ਸੁਰਿੰਦਰ ਨੀਰ ਜੰਮੂ ਸਮੇਤ ਸਮਾਜ ਸੇਵੀ ਐਸ.ਪੀ.ਐਸ. ਉਬਰਾਏ, ਹਰਿੰਦਰਪਾਲ ਸਿੰਘ ਦਿੱਲੀ ਅਤੇ ਬਾਬਾ ਜੋਧ ਸਿੰਘ ਰਿਸ਼ੀਕੇਸ਼, ਬਲਦੇਵ ਸਿੰਘ ਬੱਧਨ ਅਤੇ ਡਾ. ਸੰਤੋਖ ਸਿੰਘ ਭੁਪਾਲ ਦੇ ਭਰਾ ਸੁਰਜੀਤ ਸਿੰਘ ਚੰਡੀਗੜ੍ਹ ਆਦਿ ਦਾ ਸ੍ਰੀ ਰੱਖੜਾ ਅਤੇ ਡਾ. ਜਸਪਾਲ ਸਿੰਘ  ਵੱਲੋਂ ਸਾਂਝੇ ਤੌਰ ‘ਤੇ ਸਨਮਾਨ ਕੀਤਾ ਗਿਆ।

No comments: