jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਇਤਿਹਾਸਕ ਇੱਕਠ ਨੇ ਖਾਲਸਾਈ ਰੰਗ ਵਿੱਚ ਰੰਗਿਆ ਡਾਊਨ ਟਾਊਨ ਟੋਰਾਂਟੋ

www.sabblok.blogspot.com
ਇਤਿਹਾਸਕ ਇੱਕਠ ਨੇ ਖਾਲਸਾਈ ਰੰਗ ਵਿੱਚ ਰੰਗਿਆ ਡਾਊਨ ਟਾਊਨ ਟੋਰਾਂਟੋ
 
 (ਪੰਜਾਬੀ ਪੋਸਟ ਕੈਨੇਡਾ ਤੋਂ ਧੰਨਵਾਦ ਸਾਹਿਤ )
ਟੋਰਾਂਟੋ : ਖਾਲਸੇ ਦੀ ਸਾਜਨਾ ਦੇ 314ਵੇਂ ਦਿਵਸ ਨੂੰ ਸਮ੍ਰਪਿਤ ਉਂਟੇਰੀਓ ਸਿੱਖ ਅਤੇ ਗੁਰਦੁਆਰਾ ਕਾਉਂਸਲ ਵੱਲੋਂ ਆਯੋਜਿਤ ਸਾਲਾਨਾ ਨਗਰ ਕੀਰਤਨ ਦੌਰਾਨ ਡਾਊਨ ਟਾਊਨ ਟੋਰਾਂਟੋ ਹਰ ਸਾਲ ਵਾਗੂੰ ਖਾਲਸਾਈ ਰੰਗ ਵਿੱਚ ਰੰਗਿਆ ਗਿਆ। ਪ੍ਰਬੰਦਕਾਂ ਅਨੁਸਾਰ ਇਸ ਨਗਰ ਕੀਰਤਨ ਵਿੱਚ ਇੱਕ ਲੱਖ ਤੋਂ ਵੱਧ ਸੰਗਤਾਂ ਨੇ ਭਾਗ ਲਿਆ। ਬੈਟਰ ਲਿਵਿੰਗ ਸੈਂਟਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਆਪਣਾ ਪੜਾਅ ਦੇ ਆਖਰੀ ਮੁਕਾਮ ਸਿਟੀ ਹਾਲ ਕਰੀਬ 4 ਵਜ਼ੇ ਪੁੱਜਾ। ਨਗਰ ਕੀਰਤਨ ਦੀ ਅਗਵਾਨੀ ਵਿੱਚ ਚੱਲ ਰਹੇ ਬਰੈਂਪਟਨ ਖਾਸਲਾ ਸਕੂਲ ਅਤੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਬੱਚਿਆਂ ਦੇ ਬੈਂਡ ਆਪਣਾ ਵਿਸ਼ੇਸ਼ ਆਕਰਸ਼ਣ ਪੈਦਾ ਕਰ ਰਹੇ ਸਨ। ਨਗਰ ਕੀਰਤਨ ਵਿੱਚ ਪੰਜ ਫਲੋਟ ਸ਼ਾਮਲ ਸਨ ਜੋ ਸਿੱਖ ਜਨ ਜੀਵਨ ਦੇ ਵੱਖ ਵੱਖ ਵਿਸਿ਼ਆਂ ਨੂੰ ਦਰਸਾ ਰਹੇ ਸਨ। ਫਲੋਟਾਂ ਦੇ ਵਿਸਿ਼ਆਂ ਵਿੱਚ ਅੰਮ੍ਰਿਤ ਸੰਚਾਰ ਬਾਰੇ, ਤੰਤੀ ਸਾਜ਼ਾਂ ਬਾਰੇ, 1984 ਦੀ ਦਾਸਤਾਂ ਨੂੰ ਬਿਆਨ ਕਰਨ ਬਾਰੇ, ਦਸਤਾਰ ਦੀ ਅਹਿਮੀਅਤ ਅਤੇ ‘ਕਨੇਡਾ ਵਿੱਚ ਸਿੱਖ’ ਦੇ ਫਲੋਟ ਸ਼ਾਮਲ ਸਨ। ਕਈ ਸਿੱਖਾਂ ਨੇ ਆਪਣੇ ਹੱਥਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਜ਼ਾਵਾਂ ਕੱਟ ਰਹੇ ਹੋਰ ਸਿੱਖਾਂ ਦੀ ਸਜ਼ਾ ਮੁਆਫੀ ਲਈ ਹੱਥਾਂ ਵਿੱਚ ਤੱਖਤੀਆਂ ਫੜੀਆਂ ਹੋਈਆਂ ਸਨ। ਨਗਰ ਕੀਰਤਨ ਦੇ ਸਿਟੀ ਹਾਲ ਪੁੱਜਣ ਉੱਤੇ ਦੇਹਿ ਸਿ਼ਵਾ ਵਰ ਮੋਹੇ ਸ਼ਬਦ ਦਾ ਉਚਾਰਣ ਹੋਇਆ ਅਤੇ ਕੈਨੇਡੀਅਨ ਕੌਮੀ ਗੀਤ ਓ ਕੈਨੇਡਾ ਸਮੂਹ ਰੂਪ ਵਿੱਚ ਬੋਲਿਆ ਗਿਆ। ਇਸ ਉਪਰੰਤ ਉਂਟੇਰੀਓ ਸਿੱਖ ਅਤੇ ਗੁਰਦੁਆਰਾ ਕਾਉਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਉੱਭੀ ਨੇ ਆਈਆਂ ਸੰਗਤਾਂ, ਸਿਆਸਤਦਾਨਾਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਕਾਉਂਸਲ ਦਾ ਸੁਨੇਹਾ ਬੀਬੀ ਮਨਦੀਪ ਕੌਰ ਵੱਲੋਂ ਪੜ ਕੇ ਸੁਣਾਇਆ ਗਿਆ। ਸਟੇਜ ਦੀ ਜੁੰਮੇਵਾਰੀ ਬਿੱਲੀ ਸਿੰਘ ਨੇ ਸੰਭਾਲੀ।ਸਿਟੀ ਹਾਲ ਤੋਂ ਪਰੋਗਰਾਮ ਦੀ ਸੁਰੂਆਤ ਸੱਤ ਮਿੰਟ ਲਈ ਸਿੰਘਾਂ ਵਲੋਂ ਗਤਕੇ ਦੇ ਜੌਹਰ ਦਿਖਾ ਕੇ ਕੀਤੀ ਗਈ।ਇਸ ਮੌਕੇ ਪੜੇ ਗਏ ਸਿੱਖ ਕਾਉਂਸਲ ਦੇ ਸੁਨੇਹੇ ਵਿੱਚ ਦੱਸਿਆ ਗਿਆ ਕਿ ਜਦੋਂ ਅਸੀਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮ੍ਰਪਿਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਹਾਂ। ਸਾਨੂੰ ਸਿਖ ਗੁਰੂ ਸਹਿਬਾਨਾਂ ਦੇ ਸੁਨੇਹੇ, ਸਿੱਖਿਆਵਾਂ ਅਤੇ ਕਦਰਾਂ ਕੀਮਤਾਂ ਉੱਤੇ ਚੱਲਣ ਦਾ ਤਹੱਈਆ ਕਰਦੇ ਹਾਂ। ਜੂਨ 1984 ਦੇ ਕਤਲੇਆਮ ਦਾ ਜਿ਼ਕਰ ਕਰਦੇ ਹੋਏ ਕਿਹਾ ਗਿਆ ਕਿ ਇਹ ਇੱਕ ਵਿਡੰਭਨਾ ਹੈ ਕਿ ਹਾਲੇ ਤੱਕ ਦੋਸ਼ੀਆਂ ਨੂੰ ਭਾਰਤ ਵਿੱਚ ਸਜ਼ਾ ਨਹੀਂ ਦਿੱਤੀ ਗਈ ਹੈ। ਕਾਉਂਸਲ ਨੇ ਸਿੱਖਜ਼ ਫਾਰ ਜਸਟਿਸ ਦੀ ਪਟੀਸ਼ਨ ਅਤੇ ਇਨਸਾਫ ਲਈ ਜੂਝ ਰਹੀਆਂ ਹੋਰ ਜੱਥੇਬੰਦੀਆਂ ਨੂੰ ਮੱਦਦ ਅਤੇ ਸਹਿਯੋਗ ਦੇਣ ਦਾ ਆਪਣਾ ਪ੍ਰਣ ਵੀ ਦੁਹਰਾਇਆ। ਕਾਉਂਸਲ ਦੇ ਸੁਨੇਹੇ ਵਿੱਚ ਐਨ ਡੀ ਪੀ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਕੇਸ ਨੂੰ ਆਪਣੀ ਹਾਲ ਦੀ ਫੈਡਰਲ ਕਨਵੈਨਸ਼ਨ ਵਿੱਚ ਮਾਨਤਾ ਦੇਣ ਦੀ ਸ਼ਲਾਘਾ ਕੀਤੀ। ਕਾਉਂਸਲ ਨੇ ‘ਸਾਡਾ ਹੱਕ’ ਫਿਲਮ ਉੱਤੇ ਪੰਜਾਬ ਸਰਕਾਰ ਵੱਲੋਂ ਬੈਨ ਲਾਏ ਜਾਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਫਿਲਮ ਬੋਰਡ ਨੂੰ ਸਾਡਾ ਹੱਕ ਬਾਰੇ ਫੈਸਲੇ ਉੱਤੇ ਮੁੜ ਨਜ਼ਰਸਾਨੀ ਕਰਨ ਲਈ ਆਖਣਾ ਸਾਬਤ ਕਰਦਾ ਹੈ ਕਿ ਇਸ ਫਿਲਮ ਨੂੰ ਬੈਨ ਕਰਨਾ ਜਾਇਜ਼ ਨਹੀਂ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬਿਆਂ ਦੀ ਤਰਜ਼ ਉੱਤੇ ਉਂਟੇਰੀਓ ਵਿੱਚ ਸਿੱਖਾਂ ਨੂੰ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾਉਣ ਦੀ ਇਜ਼ਾਜ਼ਤ ਦੀ ਗੱਲ ਵੀ ਕੀਤੀ ਗਈ। ਇਸ ਸਾਲ ਦੇ ਮੁੱਖ ਬੁਲਾਰੇ ਅਮਰੀਕਾ ਦੇ ਸਿੱਖ ਬੁੱਧੀਜੀਵੀ ਡਾਕਟਰ ਰਾਜਵੰਤ ਸਿੰਘ ਸਨ। ਵਰਨਣਯੋਗ ਹੈ ਕਿ ਵਿਸਕੌਨਸਿਨ ਵਿੱਚ ਸਿੱਖ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਅਤੇ ਕਤਲੇਆਮ ਤੋਂ ਬਾਅਦ ਡਾਕਟਰ ਰਾਜਵੰਤ ਸਿੰਘ ਨੇ ਸੀ ਐਨ ਟੀ ਵੀ ਰਾਹੀਂ ਸਿੱਖ ਧਰਮ ਬਾਰੇ ਅਮਰੀਕਾ ਵਿੱਚ ਚੇਤਨਤਾ ਫੈਲਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਅਤੇ ਉਹ ਸਿੱਖ ਕੌਮ ਨੂੰ ਵਾਤਾਵਰਣ ਦੀ ਸੰਭਾਲ ਬਾਰੇ ਜੋੜਨ ਲਈ ਚੰਗਾ ਕੰਮ ਕਰ ਰਹੇ ਹਨ। ਡਾਕਟਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਪੰਜ ਪਿਆਰਿਆਂ ਨੂੰ ਦਿੱਤੇ ਨਾਵਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਸੀਂ  ਵੀ ਦਯਾ, ਧਰਮ, ਹਿੰਮਤ ਅਤੇ ਮੋਹਕਮ ਦੇ ਗੁਣ ਅਪਣਾ ਕੇ ਸਾਹਿਬ ਬਣ ਸਕਦੇ ਹਾਂ। ਉਹਨਾਂ ਨੇ ਜੁੜੀ ਸਿੱਖ ਸੰਗਤ ਨੂੰ ਹੱਥ ਖੜੇ ਕਰਕੇ ਪੰਜਾਬ ਨਾਲ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਆਖਿਆ ਜਿਸਨੂੰ ਵੱਡਾ ਹੁੰਗਾਰਾ ਮਿਲਿਆ। ਉਹਨਾਂ ਕਿਹਾ ਕਿ ਹੁਣ ਸਮਾਂ ਸਿਰਫ ਹਮਾਇਤ ਜਾਹਰ ਕਰਨ ਦਾ ਨਹੀਂ ਸਗੋਂ ਠੋਸ ਕੰਮ ਕਰਨ ਦਾ ਹੈ। ਉਹਨਾਂ ਕਿਹਾ ਕਿ ਜਿਸ ਵੇਲੇ 65% ਪੰਜਾਬ ਦੀ ਨੌਜਵਾਨੀ ਨਸਿ਼ਆਂ ਵਿੱਚ ਗਲਤਾਨ ਹੈ ਅਤੇ ਕਾਲਜੀ ਪੜਾਈ ਤੋਂ ਬਾਹਰ ਹੈ, ਸਾਨੂੰ ਪੰਜਾਬ ਬਚਾਉਣ ਲਈ ਅਕਾਲੀ ਜਾਂ ਕਾਂਗਰਸੀ ਸਰਕਾਰਾਂ ਉੱਤੇ ਟੇਕ ਨਹੀਂ ਰੱਖਣੀ ਚਾਹੀਦੀ। ਉਹਨਾਂ ਨੇ ਸਿੱਖ ਧਰਮ ਦੇ ਪਰਚਾਰ ਲਈ ਕੈਨੇਡੀਅਨ ਗੁਰਦੁਆਰਾ ਸਾਹਿਬਾਨਾਂ ਨੂੰ ਇੱਕਸੁਰ ਹੋ ਕੇ ਯਤਨ ਕਰਨ ਲਈ ਆਖਿਆ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਚਰਚਾਂ ਦੀ ਤਰਜ਼ ਉੱਤੇ ਚਕਮਣ ਵਾਲੇ (ਗਲੋ ਸਾਈਨ) ਸਾਈਨ ਬੋਰਡ ਲਾ ਕੇ ਸੁਨੇਹਾ ਦੇਣ ਲਈ ਤਾਈਦ ਕੀਤਾ। ਡਾਕਟਰ ਰਾਜਵੰਤ ਸਿੰਘ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਵਾਲੰਟੀਅਰ ਕੰਮ ਕਰਨ ਲਈ ਵੀ ਆਖਿਆ। ਕੈਨੇਡਾ ਵਿੱਚ ਸਿੱਖ ਸਿਆਸਤ ਬਾਰੇ ਇੱਕ ਕਿਸਮ ਦੀ ਭੱਵਿਖ ਬਾਣੀ ਕਰਦੇ ਹੋਏ ਰਾਜਵੰਤ ਸਿੰਘ ਨੇ ਕਿਹਾ ਕਿ ਕੈਨੇਡਾ ਦਾ ਆਉਣ ਵਾਲੇ ਸਾਲਾਂ ਵਿੱਚ ਪ੍ਰਧਾਨ ਮੰਤਰੀ ਬਣਨ ਵਾਲਾ ਸਿੱਖ ਬੱਚਾ ਜਨਮ ਲੈ ਚੁੱਕਾ ਹੈ।
ਫੈਡਰਲ ਖੇਡ ਰਾਜ ਮੰਤਰੀ ਬਲਜੀਤ ਗੋਸਲ ਨੇ ਸਿਟੀਜ਼ਨਸਿ਼ੱਪ ਮੰਤਰੀ ਜੇਸਨ ਕੈਨੀ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸੁਨੇਹੇ ਪੜ ਕੇ ਸੁਣਾਏ। ਉਹਨਾਂ ਦੇ ਨਾਲ ਐਮ ਪੀ ਪਰਮ ਗਿੱਲ ਅਤੇ ਟੋਰੀ ਆਗੂ ਪ੍ਰੀਤੀ ਲਾਬਾਂ ਵੀ ਸਨ। ਪਰਮ ਗਿੱਲ ਨੇ ਵਿਸਾਖੀ ਦੇ ਦਿਹਾੜੇ ਦੀ ਮਹੱਤਤਾ ਨੂੰ ਨਤਮਸਤਕ ਹੁੰਦੇ ਹੋਏ ਸਮੂਹ ਸੰਗਤਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ।
ਉਂਟੇਰੀਓ ਦੀ ਪ੍ਰੀਮੀਅਰ ਕੈਥਲਿਨ ਵਿੱਨ ਨੇ ਸਿੱਖ ਸੰਗਤ ਨੂੰ ਮੁਬਾਰਕ ਦੇਂਦੇ ਹੋਏ ਆਖਿਆ ਕਿ ਪੰਜ ਫਲੋਟਾਂ ਵਿੱਚੋਂ ਸਿੱਖ ਕਦਰਾਂ ਕੀਮਤਾਂ ਬਾਰੇ ਫਲੋਟ ਉਸਦੀ ਮਨਪੰਸਦ ਰਹੀ ਕਿਉਂਕਿ ਇਹ ਫਲੋਟ ਕੈਨੇਡੀਅਨ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਦੀ ਹੈ। ਉਸਨੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਵੱਲੋਂ ਉਠਾਈਆਂ ਗਈਆਂ ਆਟੋ ਬੀਮਾ ਦੀ ਦਰਾਂ, ਦਸਤਾਰ ਪਹਿਨ ਨੇ ਮੋਟਰ ਸਾਈਕਲ ਚਲਾਉਣ, ਧਾਰਮਿਕ ਅਜ਼ਾਦੀ ਆਦਿ ਦੀਆਂ ਮੰਗਾਂ ਤੋਂ ਭਲੀਭਾਂਤ ਜਾਣੂੰ ਹਾਂ ਅਤੇ ਇਹਨਾਂ ਦੇ ਹੱਲ ਲਈ ਵਚਨਬੱਧ ਹਾਂ। ਉਹਨਾਂ ਨਾਲ ਕੈਬਨਿਟ ਮੰਤਰੀ ਹਰਿੰਦਰ ਤੱਖੜ, ਐਮ ਪੀ ਪੀ ਬਾਸ ਬਾਲਕਿਸ਼ਨ, ਅਮ੍ਰਤਿਾ ਮਾਂਗਟ, ਦੀਪਿਕਾ ਦਰਮੇਲ, ਮੰਤਰੀ ਲਿੰਡਾ ਜੈਫਰੀ ਵੀ ਵਧਾਈ ਦੇਣ ਲਈ ਹਾਜ਼ਰ ਹੋਏ। ਜਿ਼ਕਰਯੋਗ ਹੈ ਕਿ ਕੈਥਲਿਨ ਵਿੱਨ ਪਹਿਲੀ ਪ੍ਰੀਮੀਅਰ ਹੈ ਜੋ ਸਿੱਧਾ ਸਟੇਜ ਉੱਤੇ ਆਉਣ ਨਾਲੋਂ ਐਡੀਲੇਡ ਸਟਰੀਟ ਕੋਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਟੇਜ ਤੱਕ ਪੁੱਜੀ।
ਐਨ ਡੀ ਪੀ ਦੇ ਲੀਡਰ ਥੋਮਸ ਮਲਕੇਅਰ ਨੇ ਐਮ ਪੀ ਓਲੀਵੀਆ ਚਾਓ, ਐਂਡਰੀਓ ਕੈਸ਼, ਸਿੱਖ ਆਗੂ ਮਾਰਟਿਨ ਸਿੰਘ ਆਦਿ ਨਾਲ ਹਾਜ਼ਰੀ ਭਰਦੇ ਹੋਏ ਕਿਹਾ ਕਿ ਕ੍ਰਿਤ ਕਰਨ ਅਤੇ ਵੰਡ ਛੱਕਣ ਦੀਆਂ ਸਿੱਖੀ ਕੀਮਤਾਂ ਐਨ ਡੀ ਪੀ ਦੇ ਉਦੇਸ਼ ਨਾਲ ਢੁੱਕਦੀਆਂ ਹਨ। ਉਹਨਾਂ ਨੇ ਫੈਡਰਲ ਪੱਧਰ ਉੱਤੇ ਅਪਰੈਲ ਨੂੰ ਪੰਜਾਬੀ ਵਿਰਸਾ ਮਹੀਨਾ ਐਲਾਨਣ ਲਈ ਪਾਰਟੀ ਦੇ ਉੱਦਮ ਦਾ ਜਿ਼ਕਰ ਕੀਤਾ ਅਤੇ ਵਿਸ਼ੇਸ਼ ਕਰਕੇ ਜਸਵੰਤ ਸਿੰਘ ਖਾਲੜਾ ਬਾਰੇ ਪਾਰਟੀ ਕਨਵੈਨਸ਼ਨ ਵਿੱਚ ਮਤਾ ਪਾਸ ਕਰਨ ਦਾ ਜਿ਼ਕਰ ਕੀਤਾ। ਉਹਨਾਂ ਨੇ ਜਸਵੰਤ ਸਿੰਘ ਖਾਲੜਾ ਸਬੰਧੀ ਪਾਰਟੀ ਮੈਮੋਰੰਡਮ ਦੀ ਇੱਕ ਕਾਪੀ ਕਾਉਂਸਲ ਨੂੰ ਪੇਸ਼ ਕੀਤੀ। ਉਹਨਾਂ ਨੇ ਅਗਲੇ ਸਾਲ ਆ ਰਹੀ ਕਾਮਾਗਾਟਾਮਾਰੂ ਦੀ 100ਵੀਂ ਵਰ੍ਹੇ ਗੰਢ ਅਤੇ ਪਾਰਲੀਮੈਂਟ ਵਿੱਚ ਇਸ ਬਾਰੇ ਮੁਆਫੀ ਮੰਗਣ ਦੀ ਮੰਗ ਦਾ ਵੀ ਜਿ਼ਕਰ ਕੀਤਾ।
ਹਾਲ ਵਿੱਚ ਹੀ ਚੁਣੇ ਗਏ ਨੌਜਵਾਨ ਲਿਬਰਲ ਲੀਡਰ ਜਸਟਿਨ ਟਰੂਡੋ ਦਾ ਭਾਸ਼ਣ ਕਾਫੀ ਦਿਲਚਸਪ ਸੀ ਜੋ ਕਾਫੀ ਸੋਚ ਸਮਝ ਕੇ ਤਿਆਰ ਕੀਤਾ ਜਾਪਦਾ ਸੀ। ਉਹਨਾਂ ਨਾਲ ਸਾਬਕਾ ਐਮ ਪੀ ਗੁਰਬਖਸ਼ ਸਿੰਘ ਮੱਲ੍ਹੀ, ਐਮ ਪੀ ਕ੍ਰਿਸਟੀ ਡੰਕਨ, ਜੂਡੀ ਸਿਗਰੋ ਅਤੇ ਓਮਰ ਅਲਘਬਰਾ ਵੀ ਸਨ। ਟਰੂਡੋ ਨੇ ਕਿਹਾ ਕਿ 31 ਸਾਲ ਪਹਿਲਾਂ ਸਾਡੀ ਪਾਰਟੀ ਨੇ ਚਾਰਟਰ ਆਫ ਫਰੀਡਮ ਹੋਂਦ ਵਿੱਚ ਲਿਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਉਦੇਸ਼ਾਂ ਵੱਲ ਕਦਮ ਚੁੱਕਆ ਕਿਉਂਕਿ ਸਿੱਖੀ ਵਿੱਚ ਮਨੁੱਖੀ ਅਜ਼ਾਦੀ ਦਾ ਵੱਡਾ ਸੰਕਲਪ ਹੈ। ਉਹਨਾਂ ਨੇ ਇਸ ਚਾਰਟਰ ਕਾਰਣ ਆਰ ਸੀ ਐਮ ਪੀ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਬਲਜੀਤ ਸਿੰਘ ਢਿੱਲੋਂ ਦੇ ਰੁਜ਼ਗਾਰ, ਕਿਰਪਾਨ ਕੇਸ ਵਿੱਚ ਗੁਰਬਖਸ਼ ਸਿੰਘ ਮੁਲਤਾਨੀ ਆਦਿ ਕੇਸਾਂ ਦਾ ਜਿ਼ਕਰ ਕੀਤਾ। ਉਹਨਾਂ ਨੇ ਦਸਤਾਰ ਬੰਨ ਕੇ ਸੌਕਰ ਖੇਡਣ ਦੀ ਮੰਗ ਨੂੰ ਜ਼ਾਇਜ਼ ਦੱਸਦੇ ਹੋਏ ਕੈਨੇਡੀਅਨ ਆਰਮੀ ਵਿੱਚ ਕਰਨਲ ਹਰਜੀਤ ਸਿੰਘ ਸੱਜਣ, ਸੇਵਾ ਫੂਡ ਬੈਂਕ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਉਂਡੇਸ਼ਨ ਦੇ ਯੋਗਦਾਨ ਨੂੰ ਸਰਾਹਿਆ।
ਉਂਟੇਰੀਓ ਟੋਰੀ ਲੀਡਰ ਟਿਮ ਹੁੱਡਾਕ ਨੇ ਐਮ ਪੀ ਪੀ ਟੌਡ ਸਮਿਥ, ਜੇਨ ਮਕੀਨਾ, ਉਮੀਦਵਾਰਾਂ ਨੀਨਾ ਟਾਂਗਰੀ, ਅਮਰਜੀਤ ਗਿੱਲ, ਹਰਜੀਤ ਜਸਵਾਲ, ਰਣਦੀਪ ਸੰਧੂ ਅਤੇ ਨੀਟਾ ਕੰਗ ਨਾਲ ਹਾਜ਼ਰੀ ਭਰੀ। ਉਹਨਾਂ ਨੇ ਸਿੱਖ ਸੰਗਤ ਨੂੰ ਮੁਬਾਰਕਾਂ ਦੇਂਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਕਦਰਦਾਨ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਇਮ ਕੀਤਾ ਗਿਆ ਜੀਵਨ ਕੋਡ ਸਾਡੀ ਪਾਰਟੀ ਦੇ ਸਿਧਾਂਤਾਂ ਨੂੰ ਮਜਬੂਤ ਕਰਦਾ ਹੈ।
ਪ੍ਰੋਵਿੰਸ਼ੀਅਲ ਐਨ ਡੀ ਪੀ ਦੀ ਲੀਡਰ ਐਂਡਰੀਆ ਹਾਵਰਥ ਨੇ ਐਮ ਪੀ ਪੀ ਜਗਮੀਤ ਸਿੰਘ ਨਾਲ ਆ ਕੇ ਸਿੱਖ ਸੰਗਤਾਂ ਨੂੰ ਸਟੇਜ ਤੋਂ ਮੁਬਾਰਕਾਂ ਪੇਸ਼ ਕੀਤੀਆਂ। ਉਹਨਾਂ ਕਿਹਾ ਕਿ ਅਸੀਂ ਉਂਟੇਰੀਓ ਵਿੱਚ ਸਿੱਖ ਜਗਤ ਦੇ ਯੋਗਦਾਨ ਦੇ ਮੱਦੇਨਜ਼ਰ ਅਪਰੈਲ ਮਹੀਨੇ ਨੂੰ ਸਿੱਖ ਮੰਥ ਐਲਾਨਣ ਲਈ ਯਤਨਸ਼ੀਲ ਹਾਂ। ਉਹਨਾਂ ਨੇ ਉਂਟੇਰੀਓ ਅਦਾਲਤਾਂ ਵਿੱਚ ਕਿਰਪਾਨ ਪਹਿਨਣ ਅਤੇ ਆਟੋ ਬੀਮਾ ਮੁੱਦੇ ਬਾਰੇ ਵੀ ਗੱਲ ਕੀਤੀ।
ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ ਸਦਾ ਵਾਗੂੰ ਪੰਜਾਬੀ ਸੂਟ ਵਿੱਚ ਸੱਜ ਕੇ ਮੁਬਾਰਕਾਂ ਦੇਣ ਪੁੱਜੀ। ਉਸ ਨਾਲ ਸਕੂਲ ਟਰੱਸਟੀ ਹਰਿੰਦਰ ਮੱਲ੍ਹੀ ਵੀ ਸੀ। ਮੇਅਰ ਫੈਨਲ ਨੇ ਕਿਹਾ ਕਿ ਅੱਜ ਜੁੜੀ ਵੱਡੀ ਗਿਣਤੀ ਸਿੱਖ ਸੰਗਤ ਵਿੱਚ ਬਹੁ ਗਿਣਤੀ ਵਿੱਚ ਲੋਕੀ ਉਸਦੇ ਸ਼ਹਿਰ ਬਰੈਂਪਟਨ ਤੋਂ ਆਏ ਹਨ ਜਿਸਦਾ ਉਸਨੂੰ ਬਹੁਤ ਮਾਣ ਹੈ। ਉਸਨੇ ਕਿਹਾ ਕਿ ਦਰਅਸਲ ਬਰੈਂਪਟਨ ਟਾਊਨ ਆਫ ਖਾਲਸਾ ਹੈ। ਉਸਨੇ ਆਪਣੀ ਭਾਰਤੀ ਫੇਰੀ ਖਾਸ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਅਨੁਭਵ ਨੂੰ ਸਾਂਝਾ ਕੀਤਾ।
ਇਸ ਸਾਲ ਟੋਰਾਂਟੋ ਮੇਪਲ ਲੀਫ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਖਾਸ ਖਿੱਚ ਦਾ ਕਾਰਣ ਬਣੀ। ਮੇਪਲ ਲੀਫ ਦੇ ਨੁਮਾਇੰਦੇ ਟੌਮ ਐਨਸੋਨੀਆ ਨੇ ਪੰਜਾਬੀ ਹਾਕੀ ਕਮੈਂਟੇਟਰ ਪਰਮਿੰਦਰ ਸਿੰਘ ਨਾਲ ਸਟੇਜ ਉੱਤੇ ਆ ਕੇ ਕਿਹਾ ਕਿ ਸਿੱਖ ਸੰਗਤ ਦੁਆ ਕਰੇ ਕਿ ਅਗਲੇ ਸਾਲਾਂ ਵਿੱਚ ਅਸੀਂ ਸਟੈਨਲੀ ਕੱਪ ਜਿੱਤ ਕੇ ਇਸ ਨਗਰ ਕੀਰਤਨ ਪਰੇਡ ਵਿੱਚ ਸ਼ਾਮਲ ਹੋਈਏ। ਟੋਰਾਂਟੋ ਪੁਲੀਸ ਦੇ ਅਫਸਰਾਂ ਨੇ ਸਿੱਖ ਸੰਗਤ ਨੂੰ ਜਾਬਤਾ ਰੱਖਣ ਅਤੇ ਸਮੁੱਚੇ ਪ੍ਰਬੰਧ ਨੂੰ ਬੇਹੱਦ ਸੁੱਚਜੇ ਢੰਗ ਨਾਲ ਨੇਪਰੇ ਚਾੜਨ ਲਈ ਮੁਬਾਰਕਾਂ ਦਿੱਤੀਆਂ ਅਤੇ ਧੰਨਵਾਦ ਕੀਤਾ।
ਮਜ਼ੇਦਾਰ ਗੱਲ ਇਹ ਰਹੀ ਕਿ ਸਾਰਾ ਦਿਨ 17-18 ਡਿਗਰੀ ਸੈਂਟੀਗਰੇਡ ਤਾਮਮਾਨ ਨੇ ਸੰਗਤਾਂ ਨੂੰ ਨਗਰ ਕੀਰਤਨ ਦਾ ਆਨੰਦ ਮਾਨਣ ਦਾ ਅਵਸਰ ਦਿੱਤਾ। ਜਿਉਂ ਹੀ ਨਗਰ ਕੀਰਤਨ ਦੀ ਸਮਾਪਤੀ ਦਾ ਜੈਕਾਰਾ ਛੱਡਿਆ ਗਿਆ, ਕਿਣਮਿਣ ਸ਼ੁਰੂ ਹੋ ਗਈ।

No comments: